ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਅੰਤਰਰਾਸ਼ਟਰੀ ਸਰਹੱਦਾਂ ਬੰਦ ਹੋਣ ਕਾਰਨ ਲਗਪਗ ਸਾਰੇ ਦੇਸ਼ਾਂ ਦੇ ਹਵਾਈ ਅੱਡੇ ਬੇਰੌਣਕੇ ਹੋ ਕੇ ਰਹਿ ਗਏ ਹਨ। ਹਵਾਈ ਅੱਡੇ ਆਪਣੇ ਯਾਤਰੀਆਂ ਨੂੰ ਆਵਾਜ਼ਾ ਮਾਰਦੇ ਵਿਖਾਈ ਦਿੰਦੇ ਹਨ ਕਿ ਜਦੋਂ ਵੀ ਸਮਾਂ ਬਣੇ ਸਾਡੇ ਦੇਸ਼ ਆਓ, ਸਾਡੇ ਹਵਾਈ ਅੱਡੇ ਦੀ ਖੂਬਸੂਰਤੀ ਵੇਖਣ ਆਓ। ਦੁਨੀਆ ਦਾ ਇਕ ਬਿਹਤਰੀਨ ਹਵਾਈ ਅੱਡਾ ‘ਚਾਂਗੀ (ਸ਼ਾਂਗੀ) ਏਅਰਪੋਰਟ’ (ਸਿੰਗਾਪੋਰ) ਇਸ ਵੇਲੇ ਨਿਊਜ਼ੀਲੈਂਡਰਾਂ (ਕੀਵੀਆਂ) ਨੂੰ ਬਹੁਤ ਸ਼ਿੱਦਤ ਨਾਲ ਯਾਦ (ਮਿਸ) ਕਰ ਰਿਹਾ ਹੈ। ਇਸ ਸਬੰਧੀ ਉਨ੍ਹਾਂ ਫੇਸਬੁੱਕ ਉਤੇ ਪੋਸਟ ਵੀ ਪਾਈ ਹੈ। 1981 ਤੋਂ ਵਿਸ਼ਵ ਭਰ ਦੇ ਜਹਾਜ਼ਾਂ ਲਈ ਲਿਸ਼ਕਦੇ ਰੱਨਵੇਅ ਖੋਲ੍ਹਣ ਵਾਲਾ ਇਹ ਹਵਾਈ ਅੱਡਾ ਆਪਣੀ 40ਵੀਂ ਸਾਲਗਿਰਾ ਮਨਾ ਰਿਹਾ ਹੈ। ਉਂਜ 1959 ਦੇ ਵਿਚ ਇਥੇ ‘ਪਾਇਆ ਲੇਬਾਰ’ ਹਵਾਈ ਅੱਡੇ (ਫੌਜ ਦਾ ਹਵਾਈ ਅੱਡਾ) ਉਤੇ ਪਹਿਲੀ ਅੰਤਰਰਾਸ਼ਟਰੀ ਉਡਾਣ (ਕੁਆਇੰਟਸ) ਦੀ ਪਹੁੰਚੀ ਸੀ। ਇਹ ਅੱਡਾ ਹੁਣ ਤੱਕ 40 ‘ਕੁਤਾਹੀ ਮੁਕਤ ਉਡਾਣਾਂ’ ਦਾ ਐਵਾਰਡ ਵੀ ਹਾਸਿਲ ਕਰ ਚੁੱਕਾ ਹੈ ਤੇ ਇਸ ਤੋਂ ਇਲਾਵਾ ਹਵਾਈ ਅੱਡਿਆਂ ਨੂੰ ਮਿਲਣ ਵਾਲੇ ਸਾਰੇ ਐਵਾਰਡਾਂ ਦੇ ਵਿਚ ਉਹ ਮੋਹਰੀ ਹੀ ਰਿਹਾ ਹੈ। 40ਵੀਂ ਸਾਲਾਗਿਰਾ ਸਬੰਧੀ ਹਵਾਈ ਅੱਡੇ ਅੰਦਰ ਇਕ ਪ੍ਰਦਰਸ਼ਨੀ ਵੀ ਲਾਈ ਗਈ ਹੈ ਜਿੱਥੇ ਵੱਖ-ਵੱਖ ਦੇਸ਼ਾਂ ਦੇ ਸੈਰ ਸਪਾਟਾ ਥਾਵਾਂ ਨੂੰ ਅਧਾਰ ਬਣਾਇਆ ਗਿਆ ਹੈ। ਪ੍ਰਦਰਸ਼ਨੀ ਵੇਖਣ ਵਾਸਤੇ ਕਾਰ ਪਾਰਕਿੰਗ ਫ੍ਰੀ ਕੀਤੀ ਗਈ ਹੈ ਤਾਂ ਕਿ ਲੋਕ ਏਅਰਪੋਰਟ ਆਉਣਾ ਸੌਖਾ ਮਹਿਸੂਸ ਕਰ ਸਕਣ। ਸਿੰਗਾਪੋਰ ਏਅਰ ਲਾਈਨ ਕੋਲ ਇਸ ਵੇਲ 160 ਦੇ ਕਰੀਬ ਛੋਟੇ-ਵੱਡੇ ਜਹਾਜ਼ ਹਨ।
ਏਅਰਫੋਰਸ ਅਤੇ ਸਿੰਗਾਪੋਰ ਵਾਲੇ ਸਿੱਖ: ਵਰਨਣਯੋਗ ਹੈ ਕਿ ਸਿੰਗਾਪੋਰ ਏਅਰਫੋਰਸ ਦੇ ਕੋਲ 319 ਏਅਰ ਕਰਾਫਟ ਹਨ। ਇਥੇ ਵਸਦੇ ਸਿੱਖਾਂ ਦਾ ਏਅਰ ਫੋਰਸ ਦੇ ਵਿਚ ਵੱਡਾ ਯੋਗਦਾਨ ਹੈ। ਫਾਈਟਰ ਜਹਾਜ਼-5 ਸ਼੍ਰੇਣੀ ਅਤੇ ਫਾਈਟਰ ਜਹਾਜ਼-16 ਸ਼੍ਰੇਣੀ ਵੀ ਸਿੰਗਾਪੋਰ ਕੋਲ ਹਨ। ਸਿੰਗਾਪੋਰ ਸਮੇਤ ਪੂਰੇ ਵਿਸ਼ਵ ਵਿਚ ਇਸ ਤਰ੍ਹਾਂ ਦੇ ਲੜਾਕੇ ਜਹਾਜ਼ਾਂ ਨੂੰ ਉਡਾਉਣ ਵਾਲੇ (ਆਪ੍ਰੇਸ਼ਨਲ ਪਾਇਲਟ) ਪਹਿਲੇ ਸਿੱਖ ਬਿ੍ਰਗੇਡੀਅਰ ਜਨਰਲ ਸਰਬਜੀਤ ਸਿੰਘ ਹਨ ਜਿਨ੍ਹਾਂ 32 ਸਾਲ ਦਾ ਰੀਪਬਲਿਕ ਆਫ ਸਿੰਗਾਪੋਰ ਏਅਰ ਫੋਰਸ (ਆਰ. ਐਸ. ਏ. ਐਫ਼) ਦੇ ਵਿਚ ਸੇਵਾ ਕੀਤੀ ਹੈ ਤੇ 29 ਅਕਤੂਬਰ 2014 ਨੂੰ ਉਹ ਰਿਟਾਇਰ ਹੋਏ ਹਨ। ਕਮਾਂਡਰ ਆਫ ਦਾ ਏਅਰ ਪਾਵਰ ਜਨਰੇਸ਼ਨ ਕਮਾਂਡ ਦੇ ਅਹੁਦੇ ਤੋਂ ਰਿਟਾਇਰਡ ਹੁੰਦਿਆ ਉਨ੍ਹਾਂ 01 ਅਗਸਤ 2014 ਨੂੰ ਇਹ ਕਮਾਨ ਅਗਲੇ ਕਮਾਂਡਰ ਬੀ. ਜੀ. ਨੀਓ ਹਾਂਗ ਕੀਟ ਨੂੰ ਸੌਂਪੀ ਸੀ। ਸ. ਸਰਬਜੀਤ ਸਿੰਘ ਨੂੰ ਛੋਟੇ ਹੁੰਦਿਆ ਪਾਇਲਟ ਬਨਣ ਦਾ ਸ਼ੌਕ ਸੀ। ਇਕ ਵਾਰ ਉਹ ਉਪਰ ਜਹਾਜ਼ ਉਡਦਾ ਵੇਖਦਿਆਂ ਖੱਡੇ ਵਿਚ ਡਿੱਗ ਵੀ ਪਏ ਸਨ ਅਤੇ ਨੱਕ ਦੀ ਹੱਡੀ ਟੁੱਟ ਗਈ ਸੀ। ਪ੍ਰਾਈਵੇਟ ਪਾਇਲਟ ਬਨਣ ਦੇ ਟੈਸਟ ਮੌਕੇ ਉਨ੍ਹਾਂ ਨੂੰ ਦਿਲ ਦੀ ਧੜਕਣ ਆਮ ਨਾ ਹੋਣ ਕਰਕੇ ਦਾਖਲਾ ਨਹੀਂ ਸੀ ਮਿਲਿਆ। ਉਨ੍ਹਾਂ ਆਪਣਾ ਸੁਪਨਾ ਫਿਰ ਜਨਵਰੀ 1983 ’ਚ ਏਅਰਫੋਰਸ ਦੇ ਵਿਚ ਭਰਤੀ ਹੋ ਕੇ ਪੂਰਾ ਕੀਤਾ ਸੀ। 2002 ਦੇ ਵਿਚ ਉਹ ‘ਏਅਰ ਵਾਰ ਕਾਲਜ ਅਮਰੀਕਾ’ ਗਏ। ਨੌਕਰੀ ਅਤੇ ਪ੍ਰਸ਼ਾਸ਼ਨਿਕ ਡਿਊਟੀ ਦੌਰਾਨ ਕਈ ਐਵਾਰਡ ਅਤੇ ਕਾਂਸੀ ਦਾ ਤਮਗਾ ਮਿਲਿਆ। ਸਿੰਗਾਪੋਰ ਵਿਖੇ ਬਿ੍ਰਗੇਡੀਅਰ ਦਾ ਰੈਂਕ ਵਾਲੇ ਉਹ ਪਹਿਲੇ ਸਿੱਖ ਸਨ। ਸਾਲ 2015 ਦੇ ਵਿਚ ਸਿੰਗਾਪੋਰ ਨੇ ਆਪਣੀ ਆਜ਼ਾਦੀ ਦੀ 50ਵੀਂ ਸਾਲਗਿਰਾ ਮਨਾਈ ਸੀ ਤਾਂ ਉਥੇ ਵਸਦੇ ਸਿੱਖਾਂ ਨੇ 50 ਪ੍ਰਮੁੱਖ ਸਿੰਗਾਪੋਰ ਵਾਲੇ ਸਿੱਖਾਂ ਦੀ ਜੀਵਨ ਕਹਾਣੀ ਛਾਪੀ ਸੀ। ਇਨ੍ਹਾਂ ਸਾਰਿਆਂ ਦੀ ਜੀਵਨ ਕਹਾਣੀ ਪੜ੍ਹ ਕੇ ਇਕ ਵਾਰ ਤਾਂ ਜਰੂਰ ਮਾਣ ਮਹਿਸੂਸ ਹੁੰਦਾ ਹੈ ਕਿ ਕਿਵੇਂ ਸਿੱਖ ਲੋਕ ਸਿੰਗਾਪੋਰ ਵਰਗੇ ਮੁਲਕਾਂ ਦੇ ਵਿਚ ਉਚ ਅਹੁਦਿਆਂ ਉਤੇ ਕੰਮ ਕਰ ਰਹੇ ਹਨ। ਸਿੰਗਾਪੋਰ ਪੁਲਿਸ ਦੇ ਵਿਚ ਪੰਜਾਬੀਆਂ ਨੇ ਬਹੁੱਤ ਵੱਡੀਆਂ ਮੱਲਾਂ ਮਾਰੀਆਂ ਹਨ। 1881 ਦੇ ਵਿਚ ਇਥੇ ਪੰਜਾਬ ਤੋਂ 165 ਦੇ ਕਰੀਬ ਲੋਕ ਆਏ ਸਨ 100 ਨੌਜਵਾਨ ਆ ਕੇ ਪੁਲਿਸ ਵਿਚ ਭਰਤੀ ਹੋਏ ਸਨ। 1849 ਦੇ ਵਿਚ ਇਥੇ ਪਹਿਲਾ ਸਿੱਖ (ਰਾਜਨੀਤਕ ਕੈਦੀ) ਪਹੁੰਚਿਆ ਸੀ।
