ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਫਿਲਾਡੇਲਫਿਆ ਵਿੱਚ ਹਵਾਈ ਅੱਡੇ ‘ਤੇ ਬੁੱਧਵਾਰ ਅਫਗਾਨੀ ਸ਼ਰਨਾਰਥੀਆਂ ਦੀ ਫਲਾਈਟ ਉਤਰਨ ਦੇ ਬਾਅਦ ਜਹਾਜ਼ ਵਿੱਚ ਸਵਾਰ ਇੱਕ 9 ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ। ਅਮਰੀਕੀ ਅਧਿਕਾਰੀਆਂ ਅਨੁਸਾਰ ਇਸ ਬੱਚੀ ਦੀ ਮੌਤ ਅਮਰੀਕਾ ਦੀ ਧਰਤੀ ‘ਤੇ ਪਹਿਲੀ ਜਾਣੀ ਜਾਂਦੀ ਅਫਗਾਨ ਸ਼ਰਨਾਰਥੀ ਦੀ ਮੌਤ ਦਰਸਾਉਂਦੀ ਹੈ, ਜੋ ਕਿ ਉੱਥੋਂ ਬਚਾ ਕੇ ਲਿਆਂਦੇ ਗਏ ਹਨ। ਰੱਖਿਆ ਵਿਭਾਗ ਦੇ ਬੁਲਾਰੇ ਕ੍ਰਿਸ ਮਿਸ਼ੇਲ ਅਨੁਸਾਰ ਇਹ ਲੜਕੀ ਸੀ -17 ਜਹਾਜ਼ ‘ਤੇ ਜਰਮਨੀ ਤੋਂ ਫਿਲਾਡੇਲਫਿਆ ਦੇ ਹਵਾਈ ਅੱਡੇ ਲਈ ਉਡਾਣ ਵਿੱਚ ਸੀ, ਜਿਸ ਦੌਰਾਨ ਉਹ ਬੇਹੋਸ਼ ਹੋ ਗਈ। ਜਹਾਜ਼ ਦੇ ਲੈਂਡ ਹੋਣ ‘ਤੇ ਬੱਚੀ ਅਤੇ ਉਸਦੇ ਪਿਤਾ ਨੂੰ ਫਿਲਾਡੇਲਫਿਆ ਦੇ ਚਿਲਡਰਨ ਹਸਪਤਾਲ ਵਿੱਚ ਭੇਜਿਆ ਗਿਆ, ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਵਿਭਾਗ ਦੀ ਵਿਸ਼ੇਸ਼ ਯੂਨਿਟ ਅਤੇ ਫਿਲਾਡੇਲਫਿਆ ਮੈਡੀਕਲ ਐਗਜ਼ਾਮੀਨਰ ਆਫਿਸ ਇਸ ਮੌਤ ਦੀ ਜਾਂਚ ਕਰ ਰਹੇ ਹਨ। ਅਮਰੀਕੀ ਪ੍ਰਸ਼ਾਸਨ ਨੇ ਇਸ ਮ੍ਰਿਤਕ ਬੱਚੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
