ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਕਨੈਕਟੀਕਟ ਵਿੱਚ ਵੀਰਵਾਰ ਨੂੰ ਇੱਕ ਛੋਟਾ ਜਹਾਜ਼ ਉਡਾਣ ਭਰਨ ਤੋਂ ਬਾਅਦ ਪੈਦਾ ਹੋਏ ਤਕਨੀਕੀ ਨੁਕਸ ਕਾਰਨ, ਇੱਕ ਇਮਾਰਤ ਨਾਲ ਟਕਰਾ ਗਿਆ। ਜਿਸ ਕਾਰਨ ਜਹਾਜ਼ ਵਿੱਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਛੋਟਾ ਜਹਾਜ਼ ‘ਸੇਸਨਾ ਸਿਟੀਸ਼ਨ 560 ਐਕਸ’ ਨੇ ਪਲੇਨਵਿਲੇ ਦੇ ਰੌਬਰਟਸਨ ਫੀਲਡ ਏਅਰਪੋਰਟ ਤੋਂ ਉੱਤਰੀ ਕੈਰੋਲਿਨਾ ਦੇ ਮੈਨਟੇਓ ਡੇਅਰ ਕਾਉਂਟੀ ਖੇਤਰੀ ਹਵਾਈ ਅੱਡੇ ਲਈ ਸਵੇਰੇ 10 ਵਜੇ ਉਡਾਣ ਭਰੀ ਸੀ, ਜਿਸ ਦੌਰਾਨ ਇਹ ਫਾਰਮਿੰਗਟਨ ਵਿੱਚ ਹਾਈਡ ਰੋਡ ‘ਤੇ ਇੱਕ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਜਹਾਜ਼ ਦੇ ਦੋ ਪਾਇਲਟ ਅਤੇ ਦੋ ਯਾਤਰੀ ਮਾਰੇ ਗਏ। ਮਾਰੇ ਗਏ ਲੋਕਾਂ ਦੀ ਪਛਾਣ ਫਿਲਹਾਲ ਜਾਰੀ ਨਹੀਂ ਕੀਤੀ ਗਈ ਹੈ।
ਕਰੈਸ਼ ਦੌਰਾਨ ਜਿਸ ਇਮਾਰਤ ਵਿੱਚ ਇਹ ਜਹਾਜ਼ ਟਕਰਾਇਆ ਸੀ , ਇੱਕ ਜਰਮਨ ਉਦਯੋਗਿਕ ਮਸ਼ੀਨ ਨਿਰਮਾਤਾ ਕੰਪਨੀ ਟਰੰਪਫ ਮੈਡੀਕਲ ਸਿਸਟਮਜ਼ ਹੈ ਅਤੇ ਕੰਪਨੀ ਅਨੁਸਾਰ ਹਾਦਸੇ ਦੌਰਾਨ ਇਮਾਰਤ ਦੇ ਅੰਦਰ ਮੌਜੂਦ ਤਕਰੀਬਨ 100 ਮਜ਼ਦੂਰਾਂ ਵਿੱਚੋਂ, ਦੋ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਸਬੰਧੀ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਅਤੇ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਜਾਂਚ ਕਰ ਰਹੇ ਹਨ।
