ਜ਼ਿਲ੍ਹਾ ਸੰਗਰੂਰ ਲਈ 20 ਹਜ਼ਾਰ ਖੁਰਾਕਾਂ ਕੋਵੀਸ਼ੀਲਡ ਅਤੇ 1900 ਖੁਰਾਕਾਂ ਕੋਵੈਕਸੀਨ ਪ੍ਰਾਪਤ ਹੋਈਆਂ
ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਪੰਜਾਬ ਸਰਕਾਰ ਵੱਲੋਂ ਕੋਵਿਡ-19 ’ਤੇ ਕਾਬੂ ਪਾਉਣ ਅਤੇ ਵੱਧ ਤੋਂ ਵੱਧ ਲੋਕਾਂ ਦੀ ਵੈਕਸੀਨੇਸ਼ਨ ਕਰਨ ਲਈ ਮੈਗਾ ਡਰਾਈਵ ਤਹਿਤ ਪਿੰਡ ਪੱਧਰ ’ਤੇ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਇਸ ਤਹਿਤ 2 ਸਤੰਬਰ 2021 ਨੂੰ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ’ਚ ਕੋਵਿਡ ਟੀਕਾਕਰਨ ਦੇ ਮੈਗਾ ਕੈਂਪ ਲਗਾ ਕੇ ਯੋਗ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾਵੇਗਾ। ਇਹ ਜਾਣਕਾਰੀ ਸਿਵਲ ਸਰਜਨ ਡਾ. ਅੰਜਨਾ ਗੁਪਤਾ ਨੇ ਦਿੱਤੀ। ਡਾ. ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਲਈ 20 ਹਜ਼ਾਰ ਖੁਰਾਕਾਂ ਕੋਵੀਸ਼ੀਲਡ ਅਤੇ 1900 ਖੁਰਾਕਾਂ ਕੋਵੈਕਸੀਨ ਪ੍ਰਾਪਤ ਹੋਈਆਂ ਹਨ ਜਿਸ ਨੂੰ ਸਮੂਹ ਬਲਾਕਾਂ ’ਚ ਲਾਭਪਾਤਰੀਆਂ ਦੀ ਜ਼ਰੂਰਤ ਅਨੁਸਾਰ ਵੰਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾ ਵਿਅਕਤੀਆਂ ਨੂੰ ਕੋਵੀਸੀਲਡ ਵੈਕਸੀਨ ਲਗਵਾਈ ਨੂੰ 84 ਦਿਨ ਜਾਂ ਇਸ ਤੋਂ ਵਧੇਰੇ ਸਮਾਂ ਅਤੇ ਕੋਵੈਕਸੀਨ ਲਗਵਾਈ ਨੂੰ 28 ਦਿਨ ਜਾਂ ਇਸ ਤੋਂ ਵਧੇਰੇ ਸਮਾਂ ਹੋ ਚੁੱਕਾ ਹੈ ਉਹ ਵਿਅਕਤੀ ਦੂਜੀ ਖੁਰਾਕ ਲਗਵਾਉਣੀ ਯਕੀਨੀ ਬਣਾਉਣ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵਿਨੀਤ ਨਾਗਪਾਲ ਨੇ ਕਿਹਾ ਕਿ ਬਾਹਰਲੇ ਦੇਸ਼ਾਂ ਵਿੱਚ ਜਾਣ ਵਾਲੇ ਜਾਂ ਕਾਮਿਆਂ ਹਦਾਇਤਾਂ ਦੇ ਆਧਾਰ ’ਤੇ 28 ਦਿਨਾਂ ਦੇ ਬਾਅਦ ਹੀ ਕੋਵੀਸ਼ੀਲਡ ਦੀ ਦੂਜੀ ਖੁਰਾਕ ਲਗਾਈ ਜਾਂਦੀ ਹੈ।
