ਪਟਿਆਲਾ(ਦਲਜੀਤ ਕੌਰ ਭਵਾਨੀਗੜ੍ਹ) ਇਸਤਰੀ ਜਾਗਰਤੀ ਮੰਚ ਵੱਲੋਂ ਸੂਬੇ ਭਰ ‘ਚ ਦਿੱਤੇ ਸੱਦੇ ਤਹਿਤ ਪਟਿਆਲੇ ਜ਼ਿਲ੍ਹੇ ਅੰਦਰ ਔਰਤਾਂ ਨਾਲ ਸਬੰਧਤ ਵੱਖ ਵੱਖ ਮੰਗਾਂ ਨੂੰ ਲੈ ਕੇ ਇਸਤਰੀ ਜਾਗਰਤੀ ਮੰਚ ਜਥੇਬੰਦੀ ਦਾ ਵਫ਼ਦ ਏਡੀਸੀ ਪੂਜਾ ਸਿਆਲ ਨੂੰ ਵੀ ਮਿਲਿਆ। ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਅਮਨਦੀਪ ਕੌਰ ਦਿਓਲ ਅਤੇ ਸਪਨਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਸਾਡੇ ਸਮਾਜ ਦੇ ਅੰਦਰ ਔਰਤਾਂ ਨਾਲ ਲਿੰਗ ਦੇ ਪੱਧਰ ਉੱਤੇ ਵਿਤਕਰਾ ਹੋ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੀਆਂ ਲੜਕੀਆਂ ਜਿਨ੍ਹਾਂ ਨੂੰ ਨਾ ਸਹੁਰੇ ਤੇ ਨਾ ਹੀ ਪੇਕੇ ਰੱਖਣ ਨੂੰ ਤਿਆਰ ਹੁੰਦੇ ਹਨ ਉਹ ਇਸ ਸਮਾਜ ਦੇ ਅੰਦਰ ਇੱਕ ਬੇਸਹਾਰਾ ਮਨੁੱਖ ਵਾਲੀ ਜ਼ਿੰਦਗੀ ਚਾਹੁੰਦੀਆਂ ਹਨ ਤੇ ਬਹੁਤ ਵਾਰੀ ਸਮਾਜ ਦੇ ਗਲਤ ਅਨਸਰਾਂ ਦੇ ਹੱਥੇ ਚੜ੍ਹ ਕੇ ਆਪਣੀ ਜ਼ਿੰਦਗੀ ਨੂੰ ਖ਼ਰਾਬ ਕਰ ਲੈਂਦੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਪੀਡ਼ਤ ਔਰਤਾਂ ਵਾਸਤੇ ਇੱਕ ਸ਼ਾਰਟ ਸਟੇਅ ਹੋਮ ਅਤੇ ਲੌਂਗ ਸਟੇਅ ਹੋਮਸ ਦੀ ਸਥਾਪਨਾ ਕੀਤੀ ਜਾਵੇ। ਜ਼ਿਲ੍ਹਿਆਂ ਦੇ ਅੰਦਰ ਔਰਤਾਂ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ਤੇ ਉੱਤੇ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਇਸਤਰੀ ਜਾਗਰਤੀ ਮੰਚ ਵੱਲੋਂ ਲੱਚਰ ਗਾਇਕੀ ਦੇ ਖ਼ਿਲਾਫ਼ ਇਕ ਲੰਬਾ ਸੰਘਰਸ਼ ਕੀਤਾ ਗਿਆ ਅਤੇ ਸਰਕਾਰ ਇਸ ਗੱਲ ਲਈ ਵੀ ਰਾਜ਼ੀ ਹੋ ਗਈ ਸੀ ਕਿ ਅਸੀਂ ਇਸ ਉਪਰ ਇਕ ਸੈਂਸਰ ਬੋਰਡ ਬਣਾਵਾਂਗੇ। ਪਰ ਅੱਜ ਵੀ ਲੱਚਰ ਗਾਇਕੀ ਅਤੇ ਔਰਤਾਂ ਨੂੰ ਇਕ ਨੁਮਾਇਸ਼ ਵਾਲੀ ਵਸਤੂ ਵਿਖਾਉਣ ਵਾਲਾ ਸੱਭਿਆਚਾਰ ਇਨ੍ਹਾਂ ਗੀਤਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ ਜਿਸ ਕਰਕੇ ਆਗੂਆਂ ਨੇ ਮੰਗ ਕੀਤੀ ਕਿ ਲੱਚਰ ਗਾਇਕੀ ਦੇ ਖ਼ਿਲਾਫ਼ ਇਕ ਸੈਂਸਰ ਬੋਰਡ ਬਣਾਇਆ ਜਾਵੇ ਅਤੇ ਸਰਕਾਰ ਦੇ ਨੋਟੀਫਿਕੇਸ਼ਨ ਦੇ ਮੁਤਾਬਕ ਬੱਸ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿੱਚ ਚੱਲਦੇ ਟੇਪਾਂ ਅਤੇ ਟੀ.ਵੀ ਨੂੰ ਉਤਾਰਿਆ ਜਾਵੇ। ਇਸ ਤੋਂ ਬਿਨਾਂ ਪਿਛਲੇ ਸਮੇਂ ਅੰਦਰ ਲਵਪ੍ਰੀਤ ਅਤੇ ਬੇਅੰਤ ਕੌਰ ਦੇ ਮਸਲੇ ਵਿੱਚ ਜਿਸ ਤਰੀਕੇ ਦੇ ਨਾਲ ਬੇਅੰਤ ਕੌਰ ਦੀ ਸੋਸ਼ਲ ਮੀਡੀਆ ਉੱਪਰ ਟਰੋਲਿੰਗ ਕੀਤੀ ਗਈ ਇਸ ਤੋਂ ਸਾਫ ਬੇਅੰਤ ਦੇ ਨਾਲ ਲਿੰਗਕ ਵਿਤਕਰਾ ਸਾਫ਼ ਜਾਹਰ ਹੋ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਦਾ ਕਾਰਨ ਸਮਾਜ ਦੇ ਅੰਦਰ ਹੋ ਰਹੇ ਕੰਟਰੈਕਟ ਵਿਆਹ ਹਨ ਅਤੇ ਜਿਨ੍ਹਾਂ ਦੀ ਸ਼ਰ੍ਹੇਆਮ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ। ਆਗੂਆਂ ਨੇ ਕਿਹਾ ਕਿ ਇਸ ਦੀ ਇਸ਼ਤਿਹਾਰਬਾਜ਼ੀ ਤੇ ਰੋਕ ਲਗਾਈ ਜਾਵੇ। ਇਸ ਤੋਂ ਬਿਨਾਂ ਆਗੂਆਂ ਨੇ ਮੰਗ ਕੀਤੀ ਸੋਸ਼ਲ ਮੀਡੀਆ ਉੱਤੇ ਮਾਵਾਂ ਭੈਣਾਂ ਦੀਆਂ ਗਾਲ੍ਹਾਂ ਕੱਢਣ ਵਾਲੀ ਟ੍ਰੋਲ ਆਰਮੀ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਲਖਵਿੰਦਰ ਕੌਰ, ਰੁਪਿੰਦਰ ਕੌਰ ਅਤੇ ਕਰਮਜੀਤ ਕੌਰ ਹਾਜ਼ਰ ਸਨ।