ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਫੌਜਾਂ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਵਿੱਚ ਇਸਲਾਮਿਕ ਸਟੇਟ ‘ਤੇ ਜਵਾਬੀ ਹਮਲਾ ਕਰਦਿਆ ਇਸ ਅੱਤਵਾਦੀ ਸਮੂਹ ਦੇ ਸਹਿਯੋਗੀ ਸੰਗਠਨ ਵਿਰੁੱਧ ਡਰੋਨ ਹਮਲਾ ਕਰਦਿਆਂ ਇਸਦੇ ਇੱਕ ਮੈਂਬਰ ਨੂੰ ਮਾਰ ਦਿੱਤਾ ਹੈ।ਅਮਰੀਕਾ ਦੁਆਰਾ ਇਹ ਜਵਾਬੀ ਕਾਰਵਾਈ ਕਾਬੁਲ ਹਵਾਈ ਅੱਡੇ ‘ਤੇ ਹੋਏ ਵਿਨਾਸ਼ਕਾਰੀ ਆਤਮਘਾਤੀ ਹਮਲੇ ਤੋਂ ਬਾਅਦ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਕੀਤੀ ਗਈ। ਯੂਐਸ ਸੈਂਟਰਲ ਕਮਾਂਡ (ਸੈਂਟਕਾਮ) ਦੇ ਅਨੁਸਾਰ ਇਸ ਕਾਰਵਾਈ ਵਿੱਚ ਆਈ ਐਸ ਆਈ ਐਸ-ਕੇ ਦੇ ਪਲੈਨਰ (ਯੋਜਨਾਕਾਰ) ਨੂੰ ਨਿਸ਼ਾਨਾ ਬਣਾਇਆ ਗਿਆ।ਇਸ ਅੱਤਵਾਦੀ ਸਮੂਹ ਨੂੰ ਇਸਲਾਮਿਕ ਸਟੇਟ ਖੋਰਾਸਾਨ ਵੀ ਕਿਹਾ ਜਾਂਦਾ ਹੈ ਅਤੇ ਇਸਨੇ ਵੀਰਵਾਰ ਦੇ ਜਾਨਲੇਵਾ ਹਮਲੇ ਦੀ ਜਿੰਮੇਵਾਰੀ ਲਈ ਸੀ। ਅਮਰੀਕਾ ਦੀ ਕੇਂਦਰੀ ਕਮਾਂਡ ਦੇ ਕੈਪਟਨ ਬਿਲ ਅਰਬਨ ਨੇ ਦੱਸਿਆ ਕਿ ਇਹ ਮਨੁੱਖ ਰਹਿਤ ਹਵਾਈ ਹਮਲਾ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਵਿੱਚ ਕੀਤਾ ਗਿਆ ਸੀ। ਜਿਸ ਵਿੱਚ ਇਸ ਅੱਤਵਾਦੀ ਸਮੂਹ ਦਾ ਮੈਂਬਰ ਮਾਰਿਆ ਗਿਆ। ਅਮਰੀਕੀ ਫੌਜਾਂ ਵੱਲੋਂ ਇਹ ਡਰੋਨ ਹਮਲਾ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਵੀਰਵਾਰ ਸ਼ਾਮ ਨੂੰ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਮੁਆਫ ਨਾ ਕਰਨ ਦੀ ਸਹੁੰ ਖਾਣ ਤੋਂ ਬਾਅਦ ਕੀਤਾ ਗਿਆ। ਇੱਕ ਰੱਖਿਆ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਬਾਈਡੇਨ ਨੇ ਇਸ ਡਰੋਨ ਸਟਰਾਈਕ ਨੂੰ ਅਧਿਕਾਰਤ ਕੀਤਾ ਸੀ ਅਤੇ ਫਿਰ ਇਸਦਾ ਆਦੇਸ਼ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਦਿੱਤਾ ਸੀ।
