ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਹਾਈਵੇ ਪੁਲਿਸ (ਸੀ ਐਚ ਪੀ) ਵੱਲੋਂ ਕਈ ਕੇਸਾਂ ਵਿੱਚ ਛਾਣਬੀਣ ਕਰਨ ਲਈ ਖੋਜੀ ਕੁੱਤਿਆਂ ਦੀ ਮੱਦਦ ਲਈ ਜਾਂਦੀ ਹੈ ਅਤੇ ਜਿਆਦਾਤਰ ਮਾਮਲਿਆਂ ਵਿੱਚ ਖੋਜੀ ਕੁੱਤੇ ਅਪਰਾਧੀਆਂ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ। ਇੱਕ ਅਜਿਹਾ ਹੀ ਸੀ ਐਚ ਪੀ ਦਾ ਕੇ 9 (ਖੋਜੀ ਕੁੱਤਾ ) ਦੋ ਹਫਤਿਆਂ ਵਿੱਚ ਲੱਖਾਂ ਡਾਲਰਾਂ ਦੀ ਨਕਦੀ ਅਤੇ 10 ਲੱਖ ਲੋਕਾਂ ਨੂੰ ਮਾਰਨ ਲਈ ਕਾਫੀ ਨਸ਼ੀਲਾ ਪਦਾਰਥ ਫੈਂਟਾਨਾਈਲ ਜ਼ਬਤ ਕਰਨ ਵਿੱਚ ਸਫਲ ਰਿਹਾ ਹੈ। ਇਸ ਖੋਜੀ ਕੁੱਤੇ ਦਾ ਨਾਮ ਬੈਨੀ ਹੈ ਅਤੇ ਅਧਿਕਾਰੀਆਂ ਅਨੁਸਾਰ ਇਸਨੇ 17 ਅਗਸਤ ਨੂੰ ਭੰਗ ਦੀ ਬਦਬੂ ਦਾ ਪਤਾ ਲਗਾਉਣ ਤੋਂ ਬਾਅਦ ਇੱਕ ਜਿਮ ਬੈਗ ਦੇ ਅੰਦਰ ਤਕਰੀਬਨ 300,000 ਡਾਲਰ ਦੀ ਗੈਰਕਾਨੂੰਨੀ ਨਕਦੀ ਦੀ ਖੋਜ ਕੀਤੀ। ਇਸ ਸਫਲਤਾ ਦੇ ਪੰਜ ਦਿਨਾਂ ਬਾਅਦ, ਬੈਨੀ ਨੇ ਨਸ਼ੀਲੇ ਪਦਾਰਥਾਂ ਦੀ ਬਦਬੂ ਆਉਣ ‘ਤੇ ਇੱਕ ਵਾਹਨ ਦੀ ਡਰਾਈਵਰ ਸੀਟ ਦੇ ਬਕਸੇ ਵਿੱਚੋਂ ਲਗਭਗ 6.5 ਐਲ ਬੀ ਐਸ ਫੈਂਟਾਨਾਈਲ ਬਰਾਮਦ ਕਰਨ ਵਿੱਚ ਮੱਦਦ ਕੀਤੀ, ਜੋ ਕਿ ਇੱਕ ਮਿਲੀਅਨ ਲੋਕਾਂ ਨੂੰ ਮਾਰਨ ਲਈ ਕਾਫੀ ਹੈ। ਫਰਿਜ਼ਨੋ ਦੇ ਪੁਲਿਸ ਮੁਖੀ ਅਨੁਸਾਰ ਇਹ ਨਸ਼ੀਲਾ ਪਦਾਰਥ ਹੈਰੋਇਨ ਨਾਲੋਂ 100 ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੈ। ਇਸ ਖੋਜੀ ਕੁੱਤੇ ਬੈਨੀ ਦੇ ਕਰੀਅਰ ਦੀ ਸ਼ੁਰੂਆਤ 2018 ਵਿੱਚ ਮਰਸੀਡ ਵਿੱਚ ਸੀ ਐਚ ਪੀ ਨਾਲ ਹੋਈ ਸੀ। 100 ਤੋਂ ਵੱਧ ਸਟਾਪਸ ਵਿੱਚ, ਉਸਨੇ 150 ਪੌਂਡ ਕੋਕੀਨ, ਲਗਭਗ 600 ਐਲ ਬੀ ਐਸ ਮੈਥ, 144,000 ਫੈਂਟਾਨਾਈਲ ਗੋਲੀਆਂ ਅਤੇ 9 ਮਿਲੀਅਨ ਡਾਲਰ ਤੋਂ ਵੱਧ ਦੀ ਨਕਦੀ ਬਰਾਮਦ ਕਰਵਾਈ ਹੈ।
