ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਇੰਗਲੈਂਡ ਵਿੱਚ ਸਰਕਾਰ ਦੁਆਰਾ ਵਾਤਾਵਰਨ ਵਿੱਚੋਂ ਪ੍ਰਦਰਸ਼ਨ ਘਟਾਉਣ ਦੀਆਂ ਕੋਸ਼ਿਸ਼ਾਂ ਤਹਿਤ ਸਿੰਗਲ-ਯੂਜ਼ ਪਲਾਸਟਿਕ ਪਲੇਟਾਂ, ਕਟਲਰੀ ਅਤੇ ਪੌਲੀਸਟਾਈਰੀਨ ਕੱਪਾਂ ‘ਤੇ ਪਾਬੰਦੀ ਲਗਾਈ ਜਾਵੇਗੀ। ਇਸ ਯੋਜਨਾ ਲਈ ਆਉਂਦੇ ਹਫਤਿਆਂ ਵਿੱਚ ਇੱਕ ਜਨਤਕ ਸਲਾਹ ਮਸ਼ਵਰਾ ਸ਼ੁਰੂ ਹੋਵੇਗਾ ਅਤੇ ਇੱਕ ਦੋ ਸਾਲਾਂ ਵਿੱਚ ਇਹ ਪਾਬੰਦੀ ਲਾਗੂ ਹੋ ਸਕਦੀ ਹੈ। ਸਰਕਾਰ ਅਨੁਸਾਰ ਇੰਗਲੈਂਡ ਵਿੱਚ ਇੱਕ ਵਿਅਕਤੀ ਹਰ ਸਾਲ ਔਸਤਨ 18 ਸੁੱਟਣ ਵਾਲੀਆਂ ਪਲਾਸਟਿਕ ਦੀਆਂ ਪਲੇਟਾਂ 37 ਸਿੰਗਲ-ਯੂਜ਼ ਚਾਕੂਆਂ, ਕਾਂਟੇ ਅਤੇ ਚਮਚਿਆਂ ਦੀ ਵਰਤੋਂ ਕਰਦਾ ਹੈ। ਇਹ ਪਲਾਸਟਿਕ ਦਾ ਕੂੜਾ ਹਰ ਸਾਲ ਦੁਨੀਆਂ ਭਰ ਵਿੱਚ ਇੱਕ ਮਿਲੀਅਨ ਤੋਂ ਵੱਧ ਪੰਛੀਆਂ ਅਤੇ 100,000 ਸਮੁੰਦਰੀ ਜੀਵਾਂ ਅਤੇ ਕੱਛੂਆਂ ਨੂੰ ਮਾਰਦਾ ਹੈ। ਇਸ ਪਾਬੰਦੀ ਦੇ ਇਲਾਵਾ ਸਰਕਾਰ ਅਪ੍ਰੈਲ 2022 ਤੋਂ ਪਲਾਸਟਿਕ ਪੈਕਜਿੰਗ ਟੈਕਸ ਵੀ ਲਗਾਏਗੀ। ਇਸ ਤਹਿਤ 30% ਤੋਂ ਘੱਟ ਰੀਸਾਈਕਲ ਸਮੱਗਰੀ ਵਾਲੇ ਇੱਕ ਟਨ ਪਲਾਸਟਿਕ ਲਈ 200 ਪੌਂਡ ਵਸੂਲੇ ਜਾਣਗੇ। ਜੂਨ ਵਿੱਚ ਪ੍ਰਕਾਸ਼ਿਤ ਇੱਕ ਖੋਜ ਦੇ ਅਨੁਸਾਰ ਪਲਾਸਟਿਕ ਦੀ ਇਕ ਵਾਰ ਵਰਤੋਂ ਵਾਲੇ ਬੈਗ, ਪਲਾਸਟਿਕ ਦੀਆਂ ਬੋਤਲਾਂ, ਭੋਜਨ ਦੇ ਰੈਪਰ ਆਦਿ ਸਮੁੰਦਰ ਅਤੇ ਵਾਤਾਵਰਨ ਵਿੱਚ ਪ੍ਰਦੂਸ਼ਣ ਦੇ ਪ੍ਰਮੁੱਖ ਕਾਰਨ ਹਨ। ਇਸਦੇ ਇਲਾਵਾ 2020 ਵਿੱਚ ਹੋਈ ਇੱਕ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅਮਰੀਕਾ ਅਤੇ ਯੂਕੇ ਦੇ ਲੋਕਾਂ ਨੇ ਕਿਸੇ ਵੀ ਹੋਰ ਵੱਡੇ ਦੇਸ਼ਾਂ ਦੇ ਮੁਕਾਬਲੇ ਪ੍ਰਤੀ ਵਿਅਕਤੀ ਵਧੇਰੇ ਪਲਾਸਟਿਕ ਕਚਰਾ ਪੈਦਾ ਕੀਤਾ ਹੈ। ਇੰਗਲੈਂਡ ਦੇ ਜਿਆਦਾਤਰ ਵਾਤਾਵਰਨ ਸਮੂਹ ਸਰਕਾਰ ਦੀ ਇਸ ਯੋਜਨਾ ਦਾ ਸਮਰਥਨ ਕਰ ਰਹੇ ਹਨ ਅਤੇ ਸਰਕਾਰ ਨੂੰ ਇਹ ਪਾਬੰਦੀ ਜਲਦੀ ਲਗਾਉਣ ਦੀ ਮੰਗ ਕਰ ਰਹੇ ਹਨ।
