ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ’ਚ ਨਵੇਂ ਜਿਲ੍ਹਾ ਪੁਲਿਸ ਮੁਖੀ ਦੇ ਆਉਣ ਤੋਂ ਬਾਅਦ ਟਰੈਫਿਕ ਪੁਲੀਸ ਨੇ ਹੁਣ ਉਨ੍ਹਾਂ ਕਾਕਿਆਂ ਨੂੰ ਹੱਥ ਪਾ ਲਿਆ ਹੈ ਜੋ ਆਪਣੇ ਬੁਲੇਟ ਮੋਟਰਸਾਈਕਲਾਂ ਤੇ ਪਟਾਕੇ ਵਜਾਕੇ ਮਹੌਲ ਖਰਾਬ ਕਰਦੇ ਅਤੇ ਵਾਤਾਵਰਨ ’ਚ ਸ਼ੋਰ ਪ੍ਰਦੂਸ਼ਨ ਫੈਲਾਉਂਦੇ ਆ ਰਹੇ ਸਨ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਜੇ ਮਲੂਜਾ ਨੇ ਪਹਿਲੀ ਪ੍ਰੈਸ ਮਿਲਣੀ ’ਚ ਸਪਸ਼ਟ ਤੌਰ ਤੇ ਆਖ ਦਿੱਤਾ ਹੈ ਕਿ ਉਹ ਅਮਨ ਕਾਨੂੰਨ ਜਾਂ ਸਮਾਜ ਵਿਰੋਧੀ ਗਤੀਵਿਧੀਆਂ ਦੇ ਮਾਮਲੇ ’ਚ ਆਮ ਲੋਕਾਂ ਤੋਂ ਉਲਾਂਭਾ ਨਹੀਂ ਲੈਣਗੇ। ਮਹੱਤਵਪੂਰਨ ਤੱਥ ਹੈ ਕਿ ਸ਼੍ਰੀ ਮਲੂਜਾ ਪਹਿਲਾਂ ਵੀ ਬਠਿੰਡਾ ’ਚ ਅਹਿਮ ਅਹੁਦੇ ਤਾਇਨਾਤ ਰਹੇ ਹਨ ਅਤੇ ਉਨ੍ਹਾਂ ਨੂੰ ਸ਼ਹਿਰ ਸਮੇਤ ਬਠਿੰਡਾ ਜਿਲ੍ਹੇ ਦੀ ਭੂਗੋਲਿਕ ਸਥਿਤੀ ਬਾਰੇ ਪੂਰੀ ਜਾਣਕਾਰੀ ਹੈ। ਆਪਣੇ ਪੁਲਿਸ ਮੁਖੀ ਵੱਲੋਂ ਇਸ਼ਾਰਾ ਮਿਲਦਿਆਂ ਹੀ ਬਠਿੰਡਾ ਟਰੈਫਿਕ ਪੁਲੀਸ ਪੂਰੀ ਤਰਾਂ ਹੌਂਸਲੇ ’ਚ ਆ ਗਈ ਹੈ। ਅਫਸਰਾਂ ਵੱਲੋਂ ਜਾਰੀ ਸਖਤ ਹਦਾਇਤਾਂ ਦੇ ਅਧਾਰ ਤੇ ਬੁਲੇਟ ਮੋਟਰਸਾਈਕਲਾਂ ’ਤੇ ਲੁਆਏ ਵਿਸ਼ੇਸ਼ ਸਾਈਲੈਂਸਰਾਂ ਰਾਹੀਂ ਪਟਾਕੇ ਵਜਾ ਕੇ ਰਾਹਗੀਰਾਂ ਲਈ ਮੁਸੀਬਤ ਬਣ ਰਹੇ ਮੁੰਡਿਆਂ ਦੀਆਂ ਟਰੈਫਿਕ ਪੁਲੀਸ ਨੇ ਦੋ ਦਿਨਾਂ ’ਚ ‘ਚੀਕਾਂ’ ਕਢਾ ਦਿੱਤੀਆਂ ਹਨ। ਟਰੈਫਿਕ ਪੁਲਿਸ ਦੇ ਮੁਲਾਜਮਾਂ ਨੇ ਤਿੰਨ ਕੁ ਦਿਨਾਂ ‘ਚ ਦੋ ਦਰਜਨ ਤੋਂ ਵੱਧ ਬੁਲੇਟ ਮੋਟਰਸਾਈਕਲਾਂ ਦੇ ਮਾਲਕਾਂ ਖਿਲਾਫ ਕਾਰਵਾਈ ਕੀਤੀ ਹੈ। ਟਰੈਫਿਕ ਪੁਲੀਸ ਨੇ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲੇ ਸਾਈਲੈਂਸਰ ਆਪਣੀ ਨਿਗਰਾਨੀ ਹੇਠ ਉਤਾਰ ਕੇ ਮੁੰਡਿਆਂ ਨੂੰ ਸੁਧਰਨ ਦੀ ਨਸੀਹਤ ਵੀ ਦਿੱਤੀ ਹੈ । ਪਤਾ ਲੱਗਿਆ ਹੈ ਕਿ ਇਸ ਮੌਕੇ ਕੁੱਝ ਨੌਜਵਾਨਾਂ ਨੇ ਪੁਲਿਸ ਅਧਿਕਾਰੀਆਂ ਤੇ ਪ੍ਰਭਾਵ ਪੁਆਉਣ ਲਈ ਮੋਬਾਇਲ ਤੇ ਗੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਮੁਲਾਜਮਾਂ ਨੇ ਇੱਕ ਨਹੀਂ ਸੁਣੀ । ਟਰੈਫਿਕ ਪੁਲਿਸ ਅਧਿਕਾਰੀਆਂ ਨੇ ਆਖਿਆ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਖੜਮਸਤੀ ਨਹੀਂ ਕਰਨ ਦੇਣਗੇ ਅਤੇ ਹੁੱਲੜਬਾਜਾਂ ਖਿਲਾਫ ਸਖਤੀ ਵਰਤੀ ਜਾਏਗੀ।
ਦਰਅਸਲ ਸ਼ਹਿਰ ਦੀ ਅਜੀਤ ਰੋਡ ਮੁੰਡਿਆਂ ਦੀਆਂ ਸਰਗਰਮੀਆਂ ਦਾ ਕੇਂਦਰ ਬਿੰਦੂ ਬਣੀ ਹੋਈ ਹੈ। ਇਸ ਇਲਾਕੇ ’ਚ ਪੀਜੀ ਹਾਊਸਿਜ਼ ਦੀ ਭਰਮਾਰ ਹੈਜਿੱਥੇ ਮੁੰਡੇ ਕੁੜੀਆਂ ਰਹਿ ਕੇ ਆਪਣੀ ਆੲਂਲੈਟਸ ਵਗੈਰਾ ਨਾਲ ਸਬੰਧਤ ਪੜ੍ਹਾਈ ਕਰਦੇ ਹਨ। ਅਕਸਰ ਇੰਨ੍ਹਾਂ ਮੁਹੱਲਿਆਂ ਵਿੱਚ ਮੁੰਡੇ ਬੁਲੇਟ ਤੇ ਗੇੜੀਆਂ ਮਾਰਦੇ ਅਤੇ ਪਟਾਕੇ ਵਜਾਉਂਦੇ ਨਜ਼ਰ ਆਉਂਦੇ ਹਨ। ਇਸ ਇਲਾਕੇ ’ਚ ਕਈ ਵਾਰ ਮੁੰਡਿਆਂ ਦੇ ਦੇ ਧੜਿਆਂ ਵਿਚਕਾਰ ਝੜਪਾਂ ਵੀ ਹੁੰਦੀਆਂ ਰਹਿੰਦੀਆਂ ਹਨ। ਪਿੱਛੇ ਜਿਹੇ ਤਾਂ ਪੀਜੀ ਹਾਊਸ ’ਚ ਅਪਰਾਧਿਕ ਅਨਸਰਾਂ ਦੇ ਛੁਪੇ ਹੋਣ ਦੀ ਚਰਚਾ ਵੀ ਚੱਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਇਲਾਕੇ ’ਚ ਤਲਾਸ਼ੀ ਮੁਹਿੰਮ ਵੀ ਚਲਾਈ ਸੀ। ਇੱਕ ਦੋ ਵਾਰ ਤਾਂ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਵੀ ਹੋਈਆਂ ਹਨ ਜਿਸ ਕਰਕੇ ਅਜੀਤ ਰੋਡ ਅਤੇ ਇਸ ਦੇ ਨਾਲ ਲੱਗਦੇ ਮੁਹੱਲਿਆਂ ਨੂੰ ਅਮਨ ਕਾਨੂੰਨ ਦੇ ਪੱਖ ਤੋਂ ਕਾਫੀ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਇਸ ਤਰਾਂ ਦੇ ਤੱਥਾਂ ਨੂੰ ਵਿਚਾਰਦਿਆਂ ਹੁਣ ਜਿਲ੍ਹਾ ਪੁਲਿਸ ਨੇ ਇਸ ਇਲਾਕੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਜਦੋਂਕਿ ਲੰਘੇ ਸਮੇਂ ਵਿੱਚ ਟਰੈਫਿਕ ਪੁਲੀਸ ਮੁੰਡਿਆਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟਦੀ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਕਰੀਬ ਤਿੰਨ ਵਰ੍ਹੇ ਪਹਿਲਾਂ ਪ੍ਰੈਸ਼ਰ ਹਾਰਨ ਕੰਟਰੋਲ ਕਰਨ ਅਤੇ ਪ੍ਰਦੂਸ਼ਣ ਦੀ ਰੋਕਥਾਮ ਵਾਸਤੇ ਹੁਕਮ ਜਾਰੀ ਕੀਤੇ ਸਨ। ਟਰੈਫਿਕ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੋਟਰਸਾਈਕਲਾਂ ’ਤੇ ਪਟਾਕੇ ਵਜਾਉਣ ਵਾਲੇ ਸਾਈਲੈਂਸਰ ਨਾ ਲੁਆਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਕੈਨਿਕਾਂ ਤੇ ਸਪੇਅਰ ਪਾਰਟਸ ਦੇ ਦੁਕਾਨਦਾਰਾਂ ਨੂੰ ਸਾਈਲੈਂਸਰਾਂ ਵਿੱਚ ਤਬਦੀਲੀ ਕਰਕੇ ਇਨ੍ਹਾਂ ਨੂੰ ਪਟਾਕੇ ਵਜਾਉਣਯੋਗ ਬਨਾਉਣ ਦੀ ਪ੍ਰਕਿਰਿਆ ਬੰਦ ਕਰਨ ਲਈ ਵੀ ਆਖਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਪੰਜ ਸਾਲ ਪਹਿਲਾਂ ਇਸੇ ਇਲਾਕੇ ’ਚ ਬੁਲੇਟ ਤੇ ਲਗਾਤਾਰ ਪੰਜ ਛੇ ਪਟਾਕੇ ਵਜਾਉਣ ’ਤੇ ਪੈਦਲ ਜਾ ਰਹੀ ਔਰਤ ਨੂੰ ਦੌਰਾ ਪੈਣ ਤੋਂ ਮਸਾਂ ਬਚਿਆ ਸੀ। ਉਦੋਂ ਪੁਲਿਸ ਨੇ ਕੁੱਝ ਦਿਨ ਨਾਕਾਬੰਦੀ ਕਰਕੇ ਸਖਤੀ ਵਿਖਾਈ ਜਿਸ ਦਾ ਅਸਰ ਵੀ ਪਿਆ ਪਰ ਬਾਅਦ ’ਚ ਸਭ ਪਹਿਲਾਂ ਦੀ ਤਰਾਂ ਹੋ ਗਿਆ। ਦੱਸ ਦੇਈਏ ਕਿ ਮਾਲਵੇ ਦੇ ਨੌਜਵਾਨਾਂ ’ਚ ਬੁਲੇਟ ਖਰੀਦਣ ਦਾ ਵੱਡਾ ਕੇਰਜ਼ ਹੈ ਅਤੇ ਮਹਿੰਗਾ ਹੋਣ ਦੇ ਬਾਵਜੂਦ ਇਹ ਮੁੰਡਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਟਰੈਫਿਕ ਪੁਲਿਸ ਦੇ ਇੰਜਾਰਜ਼ ਸਬ ਇੰਸਪੈਕਟਰ ਇਕਬਾਲ ਸਿੰਘ ਦਾ ਕਹਿਣਾ ਸੀ ਕਿ ਨੌਜਵਾਨ ਇਸ ਤਰਾਂ ਆਪਣੇ ਮੋਟਰਸਾਈਕਲਾਂ ਤੇ ਪਟਾਕੇ ਆਦਿ ਨਾਂ ਵਜਾਉਣ ਕਿਉਂਕਿ ਇਹ ਹੋਰਨਾਂ ਲਈ ਤਕਲੀਫਦੇਹ ਸਾਬਤ ਹੁੰਦੇ ਹਨ।
ਨਾਗਰਿਕ ਪੁਲਿਸ ਨੂੰ ਜਾਣਕਾਰੀ ਦੇਣ: ਡੀ ਐਸ ਪੀ
ਡੀਐਸਪੀ ਟਰੈਫਿਕ ਕੁਲਭੂਸ਼ਣ ਸ਼ਰਮਾ ਦਾ ਕਹਿਣਾ ਸੀ ਕਿ ਜੇ ਕੋਈ ਵਿਅਕਤੀ ਬੁਲੇਟ ਮੋਟਰਸਾਈਕਲ ਰਾਹੀਂ ਪਟਾਕੇ ਵਜਾਉਂਦਾ ਹੈ ਤਾਂ ਇਸ ਦੀ ਜਾਣਕਾਰੀ ਟਰੈਫਿਕ ਪੁਲੀਸ ਨੂੰ ਦਿੱਤੀ ਜਾਏ ਤਾਂ ਅਜਿਹੇ ਮੋਟਰਸਾਈਕਲਾਂ ਦੇ ਮਾਲਕਾਂ ਖਿਲਾਫ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਆਖਿਆ ਕਿ ਇਸ ਤਰਾਂ ਪਟਾਕੇ ਵਜਾਉਣਾ ਕਾਨੂੰਨ ਅਤੇ ਸਮਾਜਿਕ ਸੱਭਿਆਚਾਰ ਦੇ ਉਲਟ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਬੁਲੇਟ ਖਰੀਦਣ ਵਾਲਿਆਂ ਨੂੰ ਇਸ ਤਰਾਂ ਦੀਆਂ ਤਬਦੀਲੀਆਂ ਕਰਵਾਕੇ ਹੋਰਨਾਂ ਲਈ ਖਤਰਾ ਨਾਂ ਬਣਨ ਦੀ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਅਜਿਹੇ ਸਾਈਲੈਂਸਰ ਆਦਿ ਦੀ ਵਿੱਕਰੀ ਨਾਂ ਕਰਨ ਲਈ ਜਾਗਰੂਕ ਕਰਨ ਵਾਸਤੇ ਪੁਲਿਸ ਜਲਦੀ ਹੀ ਵਿਸ਼ੇਸ਼ ਸੈਮੀਨਾਰ ਵੀ ਕਰਵਾਉਣ ਜਾ ਰਹੀ ਹੈ।
