
ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਪੁਲਿਸ ਨੇ ਮੋਟਰਸਾਈਕਲ ਅਤੇ ਟੂ ਵਹੀਲਰਾਂ ਨੂੰ ਚੋਰੀ ਕਰਨ ਦਾ ਝੱਖੜ ਝੁਲਾਉਣ ਵਾਲੀ ਇੱਕ ਤਿੱਕੜੀ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਗਿਰੋਹ ਦੀ ਨਿਸ਼ਾਨਦੇਹੀ ਤੇ 34 ਮੋਟਰਸਾਈਕਲ ਅਤੇ ਦੋ ਐਕਟਿਵਾ ਬਰਾਮਦ ਕੀਤੀਆਂ ਹਨ। ਇਹ ਸਫਲਤਾ ਥਾਣਾ ਸਿਵਲ ਲਾਈਨ ਪੁਲਿਸ ਨੂੰ ਹਾਸਲ ਹੋਈ ਹੈ। ਮਹੱਤਵਪੂਰਨ ਤੱਥ ਹੈ ਕਿ ਜਦੋਂ ਪੁਲਿਸ ਨੇ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਜਾਂਚ ਅਧਿਕਾਰੀਆਂ ਨੂੰ ਵੀ ਚਿੱਤ ਚੇਤਾ ਨਹੀਂ ਸੀ ਕਿ ਉਹ ਐਨੇ ਵੱਡੇ ਪੱਧਰ ਤੇ ਚੋਰੀਆਂ ਦੀ ਧਮਾਲ ਪਾਉਣ ਵਾਲਿਆਂ ਨੂੰ ਕਾਬੂ ਕਰਨ ’ਚ ਸਫਲ ਹੋਏ ਹਨ। ਜਦੋਂ ਜਾਂਚ ਕਰਨ ਵਾਲੀ ਟੀਮ ਨੇ ਤਫਤੀਸ਼ ਨੂੰ ਅੱਗੇ ਵਧਾਇਆ ਤਾਂ ਬਰਾਮਦ ਹੋਣ ਲੱਗੇ ਚੋਰੀ ਦੇ ਮੋਟਰਸਾਈਕਲਾਂ ਦੀ ਗਿਣਤੀ ਨੂੰ ਦੇਖਕੇ ਪੁਲਿਸ ਅਧਿਕਾਰੀ ਵੀ ਦੰਗ ਰਹਿ ਗਏ। ਹਾਲ ਹੀ ਵਿੱਚ ਨਿਯੁਕਤ ਹੋਏ ਸੀਨੀਅਰ ਪੁਲਿਸ ਕਪਤਾਨ ਅਜੇ ਮਲੂਜਾ ਨੇ ਥਾਣਾ ਸਿਵਲ ਲਾਈਨ ਪ੍ਰੈਸ ਕਾਨਫਰੰਸ ਸੱਦ ਕੇ ਮੀਡੀਆ ਅੱਗੇ ਪੁਲਿਸ ਨੂੰ ਮਿਲੀ ਹੋਈ ਇਸ ਵੱਡੀ ਕਾਮਯਾਬੀ ਦਾ ਖੁਲਾਸਾ ਕੀਤਾ ਹੈ। ਐਸ ਐਸ ਪੀ ਨੇ ਥਾਣਾ ਸਿਵਲ ਲਾਈਨ ਦੀਆਂ ਉਸ ਟੀਮ ਦੀ ਪਿੱਠ ਵੀ ਥਾਪੜੀ ਹੈ ਜਿਸ ਨੇ ਇਸ ਤਿੱਕੜੀ ਗਿਰੋਹ ਨੂੰ ਦਬੋਚਣ ’ਚ ਅਹਿਮ ਭੂਮਿਕਾ ਨਿਭਾਈ ਹੈ। ਜਾਣਕਾਰੀ ਅਨੁਸਰ ਇਸ ਤਿੱਕੜੀ ਵਿੱਚੋਂ ਦੋ ਜਣੇ ਪਹਿਲਾਂ ਭੀੜ ਭੜੱਕੇ ਵਾਲੀ ਥਾਂ ਤੋਂ ਮੋਟਰਸਾਈਕਲ ਚੋਰੀ ਕਰਦੇ ਸਨ। ਮਗਰੋਂ ਫਰਜ਼ੀ ਨੰਬਰ ਵਗੈਰਾ ਤਿਆਰ ਕਰਕੇ ਲੋਕਾਂ ਨੂੰ ਵੇਚ ਦਿੰਦੇ ਸਨ ਜਿਸ ਬਾਰੇ ਸਹੀ ਤੱਥ ਜਾਨਣ ਲਈ ਪੁਲਿਸ ਪੁੱਛ ਪੜਤਾਲ ’ਚ ਜੁਟ ਗਈ ਹੈ। ਪੁਲਿਸ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਸ ਤਿੱਕੜੀ ਕੋਲ ਕੋਈ ‘ਮਾਸਟਰ ਕੀਅ’ ਤਾਂ ਨਹੀਂ ਸੀ, ਜਿਸ ਨਾਲ ਉਹ ਅੱਖ ਦੇ ਫੋਰੇ ’ਚ ਮੋਟਰਸਾਈਕਲਾਂ ਦੇ ਤਾਲੇ ਖੋਲ੍ਹ ਲੈਂਦੇ ਸਨ। ਐਸ ਐਸ ਪੀ ਅਜੇ ਮਲੂਜਾ ਨੇ ਦੱਸਿਆ ਤਾਂ ਦੋ ਨੌਜਵਾਨ ਲੰਘੀ 19 ਅਗਸਤ ਨੂੰ ਜਦੋਂ ਬਠਿੰਡਾ ਦੀ ਰਿੰਗ ਰੋਡ ਕੋਲ 66 ਕੇਵੀ ਬਿਜਲੀ ਗਰਿੱਡ ਲਾਗੇ ਮੋਟਰਸਾਈਕਲ ਤੇ ਜਾ ਰਹੇ ਸਨ ਸਨ ਤਾਂ ਖੁਫ਼ੀਆ ਇਤਲਾਹ ਮਿਲਣ ’ਤੇ ਪੁਲੀਸ ਨੇ ਦੋਵਾਂ ਜਣਿਆਂ ਨੂੰ ਮੋਟਰਸਾਈਕਲ ਸਮੇਤ ਦਬੋਚ ਲਿਆ ਜੋ ਚੋਰੀ ਦਾ ਨਿਕਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜਮਾਂ ਦੀ ਪਛਾਣ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਮਲਕੀਤ ਸਿੰਘ ਵਾਸੀ ਨੂਰਪੁਰ ਚੱਠਾ ਜਿਲ੍ਹਾ ਜਲੰਧਰ ਹਾਲ ਅਬਾਦ ਪਿੰਡ ਕੁਤਬਗੜ੍ਹ ਭਾਟਾ ਜਿਲ੍ਹਾ ਫਿਰੋਜ਼ਪੁਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਰੀ ਪੂੱਤਰ ਬੂਟਾ ਸਿੰਘ ਵਾਸੀ ਪਿੰਡ ਕੁਤਬਗੜ੍ਹ ਭਾਟਾ ਨੂੰ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਸਬੰਧ ’ਚ ਥਾਣਾ ਸਿਵਲ ਲਾਈਨ ਪੁਲਿਸ ਵਿਖੇ ਮੁਕੱਦਮਾ ਦਰਜ ਕਰਕੇ ਰਿਮਾਂਡ ਲੈਣ ਤੋਂ ਬਾਅਦ ਤਫਤੀਸ਼ ਨੂੰ ਅੱਗੇ ਵਧਾਇਆ ਤਾਂ 20 ਅਗਸਤ ਨੂੰ ਮੁਲਜਮਾਂ ਦੀ ਨਿਸ਼ਾਨਦੇਹੀ ਤੇ 8 ਮੋਟਰਸਾਈਕਲ ਬਰਾਮਦ ਕੀਤੇ ਸਨ।
ਇਸ ਤੋਂ ਹੌਂਸਲੇ ’ਚ ਆਈ ਪੁਲਿਸ 21 ਅਗਸਤ ਨੂੰ 19 ਹੋਰ ਮੋਟਰਸਾਈਕਲ ਬਰਾਮਦ ਕਰਨ ’ਚ ਸਫਲ ਰਹੀ। ਇਸ ਦੌਰਾਨ ਅਵਤਾਰ ਸਿੰਘ ਨੇ ਪੁਲਿਸ ਕੋਲ ਕੀਤੇ ਮੋਟਰਸਾਈਕਲ ਅਤੇ ਟੂਵਹੀਲਰ ਵੇਚਣ ਸਬੰਧ ਇੰਕਸ਼ਾਫ ਨੂੰ ਲੈਕੇ ਜਾਂਚ ਟੀਮ ਨੇ ਸੰਦੀਪ ਪੁੱਤਰ ਗੁਰਨਾਮ ਸਿੰਘ ਵਾਸੀ ਜਲਾਲਾਬਾਦ ਨੂੰ ਗ੍ਰਿਫਤਾਰ ਕਰਕੇ ਛੇ ਮੋਟਰਸਾਈਕਲ ਅਤੇ ਦੋ ਐਕਟਿਵਾ ਬਰਾਮਦ ਕੀਤੀਆਂ ਹਨ। ਐਸ ਐਸ ਪੀ ਨੇ ਦੱਸਿਆ ਕਿ ਇਸ ਤਰਾਂ ਪੁਲਿਸ ਹੁਣ ਇਸ ਗਿਰੋਹ ਵੱਲੋਂ ਕੀਤੇ ਕਬੂਲਨਾਮੇ ਦੇ ਅਧਾਰ ’ਤੇ 34 ਮੋਟਰਸਾਈਕਲ ਅਤੇ ਦੋ ਐਕਟਿਵਾ ਬਰਾਮਦ ਸਮੇਤ 36 ਟੂਵਹੀਲਰ ਬਰਾਮਦ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੁਲਜਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਫਿਰ ਤੋਂ ਰਿਮਾਂਡ ਲਿਆ ਜਾ ਰਿਹਾ ਹੈ ਜਿਸ ਦੌਰਾਨ ਚੋਰੀਆਂ ਦੇ ਹੋਰ ਵੀ ਭੇਦ ਖੁੱਲ੍ਹਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਖਿਲਾਫ ਪਹਿਲਾਂ ਵੀ ਚੋਰੀਆਂ ਦੇ ਸੱਤ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਤਿੰਨ ਮੁਕੱਦਮੇ ਦਰਜ ਹਨ। ਪ੍ਰੈਸ ਕਾਨਫਰੰਸ ਮੌਕੇ ਐਸ ਪੀ ਸਿਟੀ ਜਸਪਾਲ ਸਿੰਘ ਥਾਣਾ ਸਿਵਲ ਲਾਈਨ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਰਵਿੰਦਰ ਸਿੰਘ ਅਤੇ ਤਿੱਕੜੀ ਨੂੰ ਕਾਬੂ ਕਰਨ ਵਾਲੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਵੀ ਹਾਜਰ ਸਨ। ਦੱਸਣਯੋਗ ਹੈ ਕਿ ਬਠਿੰਡਾ ਸ਼ਹਿਰ ਸਮੇਤ ਵੱਖ ਵੱਖ ਥਾਵਾਂ ਤੇ ਮੋਟਰਸਾਈਕਲ ਆਦਿ ਦੀਆਂ ਲਗਤਾਰ ਚੋਰੀਆਂ ਹੋ ਰਹੀਆਂ ਸਨ ਜਿਸ ਨੂੰ ਲੈਕੇ ਪੁਲਿਸ ਦੀ ਕਾਫੀ ਨੁਕਤਾਚੀਨੀ ਹੋ ਰਹੀ ਸੀ ਜਿਸ ਨੂੰ ਠੱਲ੍ਹ ਪੈਣ ਦੀ ਉਮੀਦ ਹੈ।
ਤਿੱਕੜੀ ਦੀ ਪਸੰਦ ਸੀ ਸਪਲੈਂਡਰ
ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਗ੍ਰਿਫਤਾਰ ਮੁਲਜਮਾਂ ਕੋਲੋਂ ਬਰਾਮਦ ਮੋਟਰਸਾਈਕਲਾਂ ਦੀ ਪੁਣਛਾਣ ਮਗਰੋਂ ਇਹ ਤੱਥ ਸਾਹਮਣੇ ਆਏ ਹਨ ਕਿ ਇੰਨ੍ਹਾਂ ਦੀ ਪਹਿਲੀ ਸਪਲੈਂਡਰ ਮੋਟਰਸਾਈਕਲ ਚੋਰੀ ਕਰਨਾ ਸੀ। ਇੰਨ੍ਹਾਂ ਵਿੱਚੋਂ 23 ਮੋਟਰਸਾਈਕਲ ਹੀਰੋ ਸਪਲੈਂਡਰ ਪਲੱਸ ਸਨ ਜੋਕਿ ਬਹੁਤੇ ਜਿਆਦਾ ਪੁਰਾਣੇ ਨਹੀਂ ਸਨ। ਇਸੇ ਤਰਾਂ ਹੀ ਦੋ ਹੀਰੋ ਹਾਂਡਾ ਸਪਲੈਡਰ ਪਲੱਸ ਅਤੇ ਇੱਕ ਹੀਰੋ ਹਾਂਡਾ ਸਪਲੈਂਡਰ ਪਰੋ ਵੀ 34 ਮੋਟਰਸਾਈਕਲਾਂ ’ਚ ਸ਼ਾਮਲ ਹਨ। ਇੱਕ ਮੋਟਰਸਾਈਕਲ ਮਕੈਨਿਕ ਨੇ ਦੱਸਿਆ ਕਿ ਸਪਲੈਂਡਰ ਮੋਟਰਸਾਈਕਲ ਦੀ ਪਿੱਕਅੱਪ ਜਿਆਦਾ ਹੈ ਜਿਸ ਕਰਕੇ ਇਹ ਤੇਜ ਦੌੜਦਾ ਹੋਣ ਕਰਕੇ ਵੀ ਲੋਕਾਂ ’ਚ ਇਸ ਨੂੰ ਖਰੀਦਣ ਦਾ ਕਾਫੀ ਰੁਝਾਨ ਹੈ।
