10.2 C
United Kingdom
Saturday, April 19, 2025

More

    ਅਲੋਪ ਹੋ ਗਿਆ ਵਿਰਸੇ ਦਾ ਅਹਿਮ ਅੰਗ ਸੰਦੂਕ

    ਮਾਸਟਰ ਪ੍ਰੇਮ ਸਰੂਪ ਛਾਜਲੀ

    ਸੰਦੂਕ ਨਿੰਮ ਜਾਂ ਟਾਹਲੀ ਦੀ ਲੱਕੜੀ ਦਾ ਬਣਿਆ ਹੁੰਦਾ ਸੀ। ਇਸ ਲੱਕੜ ਨੂੰ ਘੁਣ ਜਾਂ ਕੀੜਾ ਨਹੀਂ ਸੀ ਲੱਗਦਾ। ਸੰਦੂਕ ਲਈ ਕਾਲੀ ਟਾਹਲੀ ਦੀ ਲੱਕੜ ਸਭ ਤੋਂ ਉੱਤਮ ਮੰਨੀ ਜਾਂਦੀ ਸੀ ਪਰ ਟਾਹਲੀ ਨੂੰ ਕਾਲੀ ਹੋਣ ‘ਤੇ ਬਹੁਤ ਸਮਾਂ ਲੱਗਦਾ ਸੀ। ਇਸ ਲਈ ਇਹ ਲੱਕੜ ਬਹੁਤ ਮੁਸ਼ਕਿਲ ਨਾਲ ਮਿਲਦੀ ਸੀ। ਇਸ ਤੋਂ ਬਣੇ ਸੰਦੂਕ ਬਹੁਤ ਸੋਹਣੇ, ਚਮਕਦਾਰ ਤੇ ਮਜ਼ਬੂਤ ਹੁੰਦੇ ਸਨ। ਲੱਕੜੀ ਦੇ ਕੰਮ ਵਿੱਚ ਨਿਪੁੰਨ ਕਾਰੀਗਰ ਸੰਦੂਕ ਨੂੰ ਬੜੀਆਂ ਰੀਝਾਂ ਨਾਲ ਬਣਾਉਂਦੇ ਸਨ। ਵਿਆਹ ਤੋਂ ਦੋ ਤਿੰਨ ਮਹੀਨੇ ਪਹਿਲਾਂ ਮਾਹਿਰ ਤਰਖਾਣ ਨੂੰ ਘਰ ਬਿਠਾਇਆ ਜਾਂਦਾ ਸੀ। ਤਰਖਾਣ ਕਾਰੀਗਰ ਆਪਣੀ ਪੂਰੀ ਕਲਾ ਕਿਰਤ ਅਤੇ ਮਹੀਨ ਮੀਨਾਕਾਰੀ ਰਾਹੀਂ ਸੰਦੂਕ ਤਿਆਰ ਕਰਦੇ ਸਨ। ਸੰਦੂਕ ਦਾ ਪਿਛਲਾ ਹਿੱਸਾ ਬਿਲਕੁਲ ਸਾਫ਼ ਅਤੇ ਸਾਧਾਰਨ ਰੱਖਿਆ ਜਾਂਦਾ ਸੀ। ਸਾਹਮਣੇ ਵਾਲੇ ਪਾਸੇ ਅਤੇ ਪਾਸਿਆਂ ਵਾਲੇ ਹਿੱਸੇ ਉੱਤੇ ਵਰਗਾਕਾਰ ਡੱਬੇ ਬਣਾਏ ਜਾਂਦੇ ਸਨ। ਸੰਦੂਕ ਨੂੰ ਹੋਰ ਸ਼ਿੰਗਾਰਨ ਲਈ ਮਾਹਿਰ ਕਾਰੀਗਰ ਪਿੱਤਲ ਦੀਆਂ ਮੇਖਾਂ, ਸ਼ੀਸ਼ਿਆਂ ਦੇ ਟੁੱਕੜੇ ਅਤੇ ਰੰਗਾਂ ਦਾ ਪ੍ਰਯੋਗ ਵੀ ਕਰਦੇ ਸਨ। ਪਹਿਲਾਂ-ਪਹਿਲ ਵਰਗਾਕਾਰ ਸਾਦੇ ਜਿਹੇ ਛੋਟੇ ਸੰਦੂਕ ਬਣਾਏ ਜਾਂਦੇ ਸਨ ਪਰ ਹੌਲੀ-ਹੌਲੀ ਸਮੇਂ ਦੇ ਬਦਲਾਅ ਨਾਲ ਛੇਜਿਆਂ ਵਾਲੇ ਲੰਮੇ 7-8 ਫੁੱਟੇ ਸੰਦੂਕ ਬਣਾਏ ਜਾਣ ਲੱਗੇ। ਫਿਰ ਦੋ ਛੱਤੇ ਜਾਂ ਰਖਣਿਆਂ  ਵਾਲੇ ਸੰਦੂਕ ਬਹੁਤ ਮਸ਼ਹੂਰ ਹੋਏ। ਦੋ ਛੱਤੇ ਸੰਦੂਕਾਂ ਦੇ ਹੇਠਲੇ ਪਾਸੇ ਬਿਸਤਰੇ ਰੱਖੇ ਜਾਂਦੇ ਸਨ। ਉਪਰਲੇ ਖਾਨੇ ਵਿੱਚ ਘਰ ਜਾਂ ਔਰਤ ਦੇ ਨਿੱਤ ਵਰਤੋਂ ਦਾ ਸਾਮਾਨ ਸਾਂਭਿਆ ਜਾਂਦਾ ਸੀ। ਸੰਦੂਕ ਵਿੱਚ ਇੱਕ-ਦੋ ਸ਼ੈਲਫਾਂ ਵੀ ਪਾਈਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਫੱਟੀਆਂ ਕਿਹਾ ਜਾਂਦਾ ਸੀ।ਸੰਦੂਕ ਨੂੰ ਕਮਰੇ ਦੇ ਦਰਵਾਜ਼ੇ ਵਾਂਗ ਨਿੱਕੇ ਤਖ਼ਤਿਆਂ ਵਾਲਾ ਇੱਕ ਦਰਵਾਜ਼ਾ ਲੱਗਿਆ ਹੁੰਦਾ ਸੀ, ਜਿਸ ਨੂੰ ਲੋਹੇ ਦਾ ਇੱਕ ਕੁੰਡਾ ਲਾਇਆ ਜਾਂਦਾ ਸੀ। ਪੁਰਾਣੇ ਸੰਦੂਕਾਂ ਨੂੰ ਆਮ ਕਰਕੇ ਮੁੱਠੀਨੁਮਾ ਜਿੰਦੇ ਲਗਾਏ ਜਾਂਦੇ ਸਨ।
    ਹਰ ਘਰ ਵਿੱਚ ਚਾਹੇ ਕੋਈ ਗਰੀਬ ਹੈ ਜਾਂ ਅਮੀਰ ਹੈ ਸਮਾਨ ਰੱਖਣ ਲਈ ਕੁਝ ਨਾ ਕੁਝ ਜਰੂਰ ਹੁੰਦਾ ਹੈ । ਸਮੇਂ ਦੇ ਬਦਲਾਅ ਦੇ ਨਾਲ ਨਾਲ ਸਮਾਨ ਵੀ ਬਦਲਦਾ ਰਹਿੰਦਾ ਹੈ ਅਤੇ ਸਮਾਨ ਰੱਖਣ ਵਾਲੀਆਂ ਚੀਜਾਂ ਵੀ । ਅੱਜ ਕੱਲ੍ਹ ਘਰ ਬਣਾਉਂਦੇ ਸਾਰ ਹੀ ਸੀਮੈਂਟ ਦੀ ਅਲਮਾਰੀਆਂ ਬਣਾ ਲਈਆਂ ਜਾਂਦੀਆਂ ਹਨ । ਲੋਹੇ ਦੀਆਂ ਚੱਕਵੀਆਂ ਅਲਮਾਰੀਆਂ ਵੀ ਮਿਲਦੀਆਂ ਹਨ, ਜੋ ਜਗ੍ਹਾ ਦੇ ਹਿਸਾਬ ਨਾਲ ਟਿਕਾ ਲਈਆਂ ਜਾਂਦੀਆਂ ਹਨ ।  ਪਰ ਕਿਸੇ ਵੇਲੇ ਘਰਾਂ ਵਿੱਚ ਲੱਕੜ ਦੇ ਸੰਦੂਕ ਹੋਇਆ ਕਰਦੇ ਸੀ, ਅੱਜ ਵੀ ਕਈ ਘਰਾਂ ਵਿੱਚ ਸੰਦੂਕ ਵੇਖਣ ਨੂੰ ਮਿਲਦੇ ਹਨ ਜਿਵੇਂ ਕਿ ਅਸੀਂ ਪੁਰਾਣੀਆਂ ਚੀਜ਼ਾਂ ਦੀ ਸਾਂਭ-ਸੰਭਾਲ ਦੇ ਪੱਖੋਂ ਅਵੇਸਲੇ ਹਾਂ, ਇਸ ਕਰਕੇ  ਬਹੁਤੇ ਲੋਕਾਂ ਨੇ ਆਪਣੇ ਆਪ ਨੂੰ ਮਾਡਰਨ ਦਿਖਾਉਣ ਲਈ ਸੰਦੂਕ ਨੂੰ ਇੱਕ ਫਾਲਤੂ ਚੀਜ਼ ਸਮਝ ਕੇ ਘਰੋਂ ਕੱਢ ਦਿੱਤਾ ਹੈ ।  ਸੰਦੂਕ ਆਮ ਹੀ  ਦਿੱਤੇ ਜਾਣ ਵਾਲੇ ਦਾਜ ਵਿੱਚ ਹੁੰਦਾ ਸੀ ਅਤੇ ਘਰ ਦੀਆਂ ਸੁਆਣੀਆਂ ਇਸ ਨੂੰ ਆਪਣੇ ਪੇਕਿਆਂ ਦੀ ਦਿੱਤੀ  ਚੀਜ਼ ਸਮਝ ਕੇ ਬੜਾ ਸਾਂਭ ਕੇ ਰੱਖਦੀਆਂ ਸਨ  ।
    ਲੱਗੇ ਖੂੰਜੇ ਬੇਬੇ ਮਗਰੋਂ, ਚਰਖਾ ਤੇ ਸੰਦੂਕ
    ਕੌਣ ਕੱਤੇ ਸੂਤ,ਨਾਲੇ ਸਾਂਭੇ ਸੰਦੂਕ
    ਬਣਾ ਕੇ ਖੇਸ, ਕਿਹੜਾ ਵੱਟੇ ਬੰਬਲ
    ਮੁਕਾਉ ਸਿਆਪਾ, ਲਿਆਉ ਸ਼ਹਿਰੋਂ ਕੰਬਲ
    ਛੋਟੇ ਸੰਦੂਕ ਨੂੰ ਸੰਦੂਕੜੀ ਕਿਹਾ ਜਾਂਦਾ ਸੀ, ਜਿਸ ਵਿੱਚ ਘਰੇਲੂ ਵਰਤੋਂ ਵਾਲਾ ਸਮਾਨ ਰੱਖਣ ਲਈ ਵਰਤਿਆ ਜਾਂਦਾ ਸੀ । ਸੰਦੂਕ ਨੂੰ ਪੰਜਾਬੀ ਬੋਲੀ ਵਿੱਚ ਸੰਦੂਕ ਵੀ ਕਿਹਾ ਜਾਂਦਾ ਹੈ ।
    ਸੰਦੂਕ ਲੱਕੜ ਦਾ ਬਣਾਇਆ ਜਾਂਦਾ ਸੀ । ਜਿ਼ਆਦਾਤਰ ਨਿੰਮ, ਟਾਹਲੀ ਜਾਂ ਕਿੱਕਰ ਦੀ ਲੱਕੜ ਵਰਤੋਂ ਵਿੱਚ ਲਿਆਂਦੀ ਜਾਂਦੀ ਸੀ। ਕਿਉਂਕਿ ਇਹ ਲੱਕੜ ਹੰਢਣਸਾਰ ਅਤੇ ਘੁਣ ਆਦਿ ਤੋਂ ਬਚੀ ਰਹਿਣ ਵਾਲੀ ਲੱਕੜ ਹੋਣ ਕਰਕੇ ਇਸ ਦਾ ਸੰਦੂਕ ਬਣਾਇਆ ਜਾਂਦਾ ਸੀ । ਸੰਦੂਕ ਦੇ ਚਾਰ ਪਾਵੇ ਹੁੰਦੇ ਸਨ, ਇਸਨੂੰ ਢਾਂਚੇ ਵਿੱਚ ਫਿੱਟ  ਕਰਕੇ ਇਸ ਦੀਆਂ ਲਰਾਂ ਵਿੱਚ ਚੌਰਸ ਫੱਟੀਆਂ ਨਾਲ ਪੂਰਾ ਕਰਕੇ ਇਸ ਨੂੰ ਅੰਤਮ ਰੂਪ ਦਿੱਤਾ ਜਾਂਦਾ ਸੀ । ਇਸਨੂੰ ਕਾਰੀਗਰ ਬੜੀ ਰੀਝ ਨਾਲ ਬਣਾਉਂਦੇ ਸਨ ਅਤੇ ਇਸ ਦੇ ਹਾਰ ਸਿ਼ੰਗਾਰ ਲਈ ਕਈ ਪ੍ਰਕਾਰ ਦੇ ਚਮਕਦਾਰ ਕੋਕੇ, ਨਿੱਕੇ ਨਿੱਕੇ ਸ਼ੀਸ਼ੇ  ਅਤੇ ਪਿੱਤਲ ਦੀਆਂ ਮੇਖਾਂ ਲਾਉਂਦੇ ਸਨ । ਜੇ ਸੰਦੂਕ ਛੋਟਾ ਹੁੰਦਾ ਸੀ ਤਾਂ ਇਸਦੀ ਇੱਕ ਖਿੜਕੀ ਹੁੰਦੀ ਸੀ ਤੇ ਜੇਕਰ ਵੱਡਾ ਹੁੰਦਾ ਸੀ ਤਾਂ ਇਸ ਨੂੰ ਦੋ ਖਿੜਕੀਆਂ ਵੀ ਲਾਈਆਂ ਸਨ । ਸੰਦੂਕ ਵਿੱਚ ਘਰ ਦੀਆਂ ਸੁਆਣੀਆਂ ਹਰ ਪ੍ਰਕਾਰ ਦਾ ਸਮਾਨ ਜਿਵੇਂ ਗਹਿਣਾ ਗੱਟਾ,  ਖੇਸ, ਚਾਦਰਾਂ, ਰਜਾਈਆਂ ਤਲਾਈਆਂ, ਦਰੀਆਂ, ਫੁਲਕਾਰੀ ਅਤੇ ਸਰਾਣੇ ਆਦਿ ਰੱਖਦੀਆਂ ਸਨ ।
    ਸੰਦੂਕ ਦਾ ਸੰਬੰਧ ਸਾਡੇ ਸਭਿਆਚਾਰ ਨਾਲ ਵੀ ਬੜੀ ਨੇੜਤਾ ਵਾਲਾ ਹੈ, ਕਿਉਂਕਿ ਇਸ ਤੇ ਕਈ ਪ੍ਰਕਾਰ ਦੇ ਗੀਤ, ਬੋਲੀਆਂ ਤੇ ਟੱਪੇ ਆਦਿ ਵੀ ਸੱਭਿਆਚਾਰ ਦੇ ਸੰਗੀਤ ਨੂੰ ਚਾਰ ਚੰਨ ਲਾਉਂਦੇ ਹਨ ਜਿਵੇਂ ਨੂੰਹ ਸੱਸ ਦੇ ਰਿਸ਼ਤੇ ਵਿੱਚ ਨੂੰਹ ਸੱਸ ਤੋਂ ਤੰਗ ਆ ਕੇ ਉਸ ਨੂੰ ਸੰਦੂਕ ਉਹਲੇ ਘੋਟਣੇ ਨਾਲ ਕੁੱਟਣਾ ਚਾਹੁੰਦੀ ਹੈ ਤਾਂ ਕਿ ਬਾਹਰ ਵੀ ਭਾਫ਼ ਨਾ ਨਿੱਕਲੇ
    ਛੋਲੇ ਛੋਲੇ ਛੋਲੇ,ਨਿੰਮ ਦਾ ਘੜਾਇਆ ਘੋਟਣਾ,
    ‘ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਉਹਲੇ’
    ਜਿਵੇਂ ਕਿ ਸਾਰੇ ਜਾਣਦੇ ਹੀ ਹਨ ਕਿ ਸਾਡੇ ਦਾਜ ਲੈਣਾ ਤੇ ਦੇਣਾ ਆਮ ਹੈ ਇਸ ਲਈ ਦਾਜ ਵਿੱਚ ਅੱਜ ਵਾਂਗ ਕਾਰਾਂ, ਸਕੂਟਰ ਜਾਂ ਟੀ ਵੀ ਫਰਿੱਜਾਂ ਆਦਿ ਦੀ ਜਗ੍ਹਾ ਕਿਸੇ ਵੇਲੇ ਪੀੜਾ, ਪਲੰਘ, ਚਰਖਾ ਤੇ ਸੰਦੂਕ ਹੀ ਮੁੱਖ ਹੁੰਦਾ ਸੀ ।  
    ਅੱਜ ਸੰਦੂਕ ਪੰਜਾਬ ਦੇ ਘਰਾਂ ਵਿੱਚੋਂ ਆਪਣੀ ਹੋਂਦ ਗੁਆ ਚੁੱਕਾ ਹੈ । ਇਸ ਦੀ ਹੋਂਦ ਗੁਆਚਣ ਦੇ ਨਾਲ ਨਾਲ ਪੰਜਾਬੀ ਵਿਰਸੇ ਦਾ ਇੱਕ ਅਨਿੱਖੜਵਾਂ ਅੰਗ ਖੋ ਗਿਆ ਹੈ ਭਾਵ ਪੰਜਾਬੀ ਵਿਰਸਾ ਸੰਦੂਕ ਬਿਨਾ ਅੰਗਹੀਣ ਹੋ ਗਿਆ ਹੈ । ਸਿਵਾਏ ਅਜਾਇਬ ਘਰਾਂ ਦੇ ਸੰਦੂਕ ਲੱਭਣਾ ਬਹੁਤ ਮੁਸ਼ਕਿਲ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!