ਕਰਮ ਸੰਧੂ
ਪੰਜਾਬੀ ਸੰਗੀਤ ਜਗਤ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਸੱਭਿਆਚਾਰ ਦੇ ਅਸਲ ਰਖਵਾਲੇ ਲੋਕ ਗਾਇਕ ਹਰਿੰਦਰ ਸੰਧੂ ਤੇ ਜੱਸ ਸਿੱਧੂ ਜੋ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਗਾਇਕ ਹਰਿੰਦਰ ਸੰਧੂ ਤੇ ਜੱਸ ਸਿੱਧੂ ਨੇ ਅੱਜ ਤੱਕ ਜੋ ਵੀ ਗਾਇਆ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਰਹਿ ਕੇ ਅਤੇ ਪਰਿਵਾਰ ਵਿੱਚ ਬਹਿ ਕੇ ਦੇਖਣ ਸੁਣਨ ਵਾਲਾ ਹੀ ਗਾਇਆ। ਜਿਨ੍ਹਾਂ ਨੂੰ ਸਰੋਤਿਆਂ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਅਤੇ ਆਪਣੇ ਦਿਲਾਂ ਵਿਚ ਥਾਂ ਦਿੱਤੀ। ਗਾਇਕ ਹਰਿੰਦਰ ਸੰਧੂ ਤੇ ਜੱਸ ਸਿੱਧੂ ਦਾ ਪਿਛਲੇ ਦਿਨੀਂ ਰਿਲੀਜ਼ ਹੋਇਆ ਗੀਤ “ਗੁੱਸੇ ਗਿਲੇ” ਜੋ ਦੋ ਭਰਾਵਾਂ ਦੇ ਪਿਆਰ ਦੀ ਕਹਾਣੀ ਹੈ। ਜਿਸ ਨੂੰ ਸਰੋਤਿਆਂ ਨੇ ਬਹੁਤ ਮਾਣ ਸਤਿਕਾਰ ਤੇ ਪਿਆਰ ਦੇ ਕੇ ਨਿਵਾਜਿਆ। ਜਿਸ ਨੂੰ ਲਿਖਿਆ ਹੈ ਬਿਲਕੁੱਲ ਨਵੀਂ ਗੀਤਕਾਰ ਸੰਦੀਪ ਕੌਰ ਸਿੱਧੂ ਨੇ ਜਿਨ੍ਹਾਂ ਦਾ ਇਹ ਪਹਿਲਾਂ ਗੀਤ ਮਾਰਕੀਟ ਵਿੱਚ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਸਬੰਧ ਵਿਚ ਗੱਲ ਕਰਦਿਆਂ ਸੰਗੀਤ ਪ੍ਰੇਮੀ ਦਵਿੰਦਰ ਬਰਨਾਲਾ ਤੇ ਗੀਤਕਾਰ ਹਰਫੂਲ ਭੁੱਲਰ ਨੇ ਦੱਸਿਆ ਕਿ ਗੁੱਸੇ ਗਿਲੇ ਗੀਤ ਬਹੁਤ ਹੀ ਵਧੀਆ ਤੇ ਪਰਿਵਾਰਕ ਗੀਤ ਹੈ ਜੋ ਦੋ ਭਰਾਵਾਂ ਦੇ ਆਪਸੀ ਪਿਆਰ ਦੀ ਕਹਾਣੀ ਨੂੰ ਦਰਸਾਉਂਦਾ ਹੈ। ਇਹ ਗੀਤ ਰਿਸ਼ਤਿਆਂ ਵਿੱਚ ਆਈਆਂ ਤਰੇੜਾਂ ਤੇ ਨਿੱਕੀ ਨਿੱਕੀ ਗੱਲੋੰ ਗੁੱਸੇ ਹੋ ਕੇ ਵੱਖ ਹੋ ਚੁੱਕੇ ਭਰਾਵਾਂ ਨੂੰ ਫਿਰ ਤੋਂ ਕੱਠੇ ਰਹਿਣ ਲਈ ਪ੍ਰੇਰਿਤ ਕਰੇਗਾ। ਦਵਿੰਦਰ ਬਰਨਾਲਾ ਤੇ ਹਰਫੂਲ ਭੁੱਲਰ ਨੇ ਗੱਲਬਾਤ ਕਰਦਿਆਂ ਕਿਹਾ ਕੇ ਅਜਿਹੇ ਗੀਤਾਂ ਦੀ ਸਾਡੇ ਸਮਾਜ ਨੂੰ ਬਹੁਤ ਜ਼ਰੂਰਤ ਹੈ। ਗਾਇਕ ਹਰਿੰਦਰ ਸੰਧੂ ਤੇ ਜੱਸ ਸਿੱਧੂ ਨੇ ਬਹੁਤ ਹੀ ਸ਼ਲਾਘਾਯੋਗ ਉੱਦਮ ਕੀਤਾ ਹੈ ਜਿਸ ਤੋਂ ਪ੍ਰਭਾਵਤ ਹੋ ਕੇ ਸਾਡੀ ਪੂਰੀ ਟੀਮ ਵੱਲੋਂ ਇਕ ਛੋਟਾ ਜਿਹਾ ਉੱਦਮ ਕੀਤਾ ਜਾ ਰਿਹਾ ਜਿਸ ਵਿਚ ਲੋਕ ਗਾਇਕ ਹਰਿੰਦਰ ਸੰਧੂ ਤੇ ਜੱਸ ਸਿੱਧੂ ਤੇ ਗੀਤਕਾਰ ਸੰਦੀਪ ਕੌਰ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇ। ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਸੱਭਿਆਚਾਰਕ ਗੀਤ ਪੇਸ਼ ਕਰਦੇ ਰਹਿਣ ਤੇ ਨਵੇਂ ਕਲਾਕਾਰਾਂ ਨੂੰ ਵੀ ਉਤਸ਼ਾਹ ਮਿਲਦਾ ਰਹੇ। ਉਨਾਂ ਸਰੋਤਿਆਂ ਨੂੰ ਵੀ ਅਪੀਲ ਕੀਤੀ ਕਿ ਸੱਭਿਆਚਾਰਕ ਤੇ ਪਰਿਵਾਰਕ ਗੀਤਾਂ ਨੂੰ ਜਰੂਰ ਪਰਮੋਟ ਕਰਿਆ ਕਰੋ ਤਾਂ ਜੋ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਰਿਸ਼ਤਿਆਂ ਦੀਆਂ ਕਦਰਾਂ ਕੀਮਤਾਂ ਗੀਤਾਂ ਦੇ ਰੂਪ ਵਿੱਚ ਸਮਝਾ ਸਕੀਏ।
