ਪੰਜ ਦਰਿਆ ਬਿਊਰੋ
ਹਲਕੇ ਜਿਹੇ ਸਰੀਰ ਅਤੇ ਮਾਝੇ ਵਾਲੇ ਲਹਿਜ਼ੇ ‘ਚ ਗੱਲਬਾਤ ਕਰਨ ਵਾਲਾ ਪਰ ਅੱਤ ਦਾ ਮਿੱਠ-ਬੋਲੜਾ ਕੁਲਦੀਪ ਸਿੰਘ ਔਲਖ ਪਿੰਡ ‘ਡਿਆਲ ਰਾਜਪੂਤਾਂ’ ਤੋਂ ਉੱਠ ਕੇ ਅੱਜ ਕਲ ਮੈਲਬਾਰਨ ਦੀ ਧਰਤੀ ‘ਤੇ ਆਪਣਾ ਹੁਨਰ ਬਿਖੇਰ ਰਿਹਾ ਹੈ। ਆਸਟ੍ਰੇਲੀਆ ‘ਚ ਆ ਕੇ ਬਣੇ ਮੇਰੇ ਮਿੱਤਰਾਂ ‘ਚੋਂ ਉਹ ਦੁੱਖ-ਸੁੱਖ ‘ਚ ਸਦਾ ਨਾਲ ਖੜਨ ਵਾਲਾ ਇਨਸਾਨ ਹੈ। ਅੱਤ ਦਾ ਸਿਰੜੀ ਬੰਦਾ। ਵਿਦੇਸ਼ ਦੀ ਸਖ਼ਤ ਕਮਾਈ ਤੋਂ ਬਾਅਦ ਸਿੱਧਾ ਖੇਡ ਦੇ ਮੈਦਾਨ ‘ਚ ਦਿਸਦਾ, ਨਾ ਆਪ ਟਿੱਕ ਕੇ ਬਹਿੰਦਾ ਨਾ ਨਿੱਕੇ-ਨਿੱਕੇ ਨਿਆਣਿਆਂ ਨੂੰ ਬੈਠਣ ਦਿੰਦਾ, ਜਦੋਂ ਲੋਕਾਂ ਦੇ ਨਿਆਣੇ ਕਾਰਟੂਨਾਂ ਮੂਹਰੇ ਬੈਠੇ ਹੁੰਦੇ ਹਨ ਉਦੋਂ ਇਹ ਆਪਣੇ ਅਤੇ ਆਲ਼ੇ ਦੁਆਲ਼ੇ ਦੇ ਨਿਆਣਿਆਂ ਨੂੰ ਮੈਦਾਨ ‘ਚ ਭਜਾਈ ਫਿਰਦਾ। ਪਰ ਉਸ ਦੀ ਸਿਰੜ ਅੱਜ ਸਾਡੇ ਲਈ ਮਾਣ ਕਰਨ ਯੋਗ ਮੁਕਾਮ ‘ਤੇ ਪਹੁੰਚ ਗਈ ਹੈ। ਅੱਜ ਤੋਂ ਮੈਂ ਉਸ ਨੂੰ ਔਲਖ ਸਾਹਿਬ ਜਾਂ ਕੁਲਦੀਪ ਕਹਿ ਕੇ ਨਹੀਂ ਬੁਲਾਵਾਂਗਾ। ਕਿਉਂਕਿ ਅੱਜ ਤੋਂ ਉਹ ਆਸਟ੍ਰੇਲੀਆ ਸਰਕਾਰ ਤੋਂ ਮਾਨਤਾ ਪ੍ਰਾਪਤ ‘ਕੋਚ ਸਾਹਿਬ’ ਦਾ ਰੁਤਬਾ ਹਾਸਿਲ ਕਰ ਗਏ ਹਨ।ਸੋ ‘ਕੋਚ ਸਾਹਿਬ’ ਤੁਹਾਡੀ ਸਿਰੜ ਅਤੇ ਮਿਹਨਤ ਨੂੰ ਦਿਲੋਂ ਸਲਾਮ ਅਤੇ ਵਿਕਟੋਰੀਆ ਸਰਕਾਰ ਦੇ ਮਾਨਤਾ ਪ੍ਰਾਪਤ ਕੋਚ ਬਣਨ ਤੇ ਆਪ ਜੀ ਨੂੰ ਢੇਰ ਸਾਰੀਆਂ ਮੁਬਾਰਕਾਂ। ਆਪ ਜੀ ਤੋਂ ਪਹਿਲਾਂ ਹੀ ਕਾਫ਼ੀ ਉਮੀਦਾਂ ਸਨ ਪਰ ਹੁਣ ਇਹ ਉਮੀਦਾਂ ਦੀ ਵੇਲ ਕਈ ਗਿੱਠਾਂ ਹੋਰ ਲੰਮੀ ਹੋ ਗਈ। ਸੋ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ‘ਚ ਆਪ ਜੀ ਦੇ ਸ਼ਾਗਿਰਦਾਂ ਦੇ ਗਲੇ ਸੋਨੇ ਦੇ ਤਗਮਿਆਂ ਨਾਲ ਸਜਣ।