ਕਾਰਪੋਰੇਟਾਂ ਦੇ ਕਾਰੋਬਾਰੀ ਅਦਾਰਿਆਂ ਦੀ ਘੇਰਾਬੰਦੀ, ਸਰਕਾਰੀ ਨੀਤੀਆਂ ਦਾ ਪਾਜ ਉਘੇੜਨ ਲਈ ਜਰੂਰੀ: ਕਿਸਾਨ ਆਗੂ
ਚੰਡੀਗੜ੍ਹ (ਦਲਜੀਤ ਕੌਰ) ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਜਾਰੀ ਪੱਕੇ-ਧਰਨੇ ਅੱਜ 321ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਹੇ। ਅੱਜ ਬੁਲਾਰਿਆਂ ਨੇ ਦਿੱਲੀ ਮੋਰਚਿਆਂ ਵਿੱਚ ਹਾਜ਼ਰੀ ਵਧਾਉਣ ਲਈ ਲਗਾਤਾਰ ਜਥੇ ਭੇਜਣ ਬਾਰੇ ਠੋਸ ਵਿਉਂਤਬੰਦੀ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਹਰ ਹਫਤੇ ਵੱਡੇ ਜਥੇ ਭੇਜਣ ਲਈ ਪਿੰਡ-ਵਾਈਜ਼ ਤੇ ਜਥੇਬੰਦੀ- ਵਾਈਜ਼ ਲਿਸਟਾਂ ਬਣਾਈਆਂ ਜਾ ਰਹੀਆਂ ਹਨ। ਸਥਾਨਕ ਆਗੂਆਂ ਦੀ ਅਗਵਾਈ ਹੇਠ ਹਰ ਹਫਤੇ ਵੱਡਾ ਜਥਾ ਦਿੱਲੀ ਵੱਲ ਵਹੀਰਾਂ ਘੱਤੇਗਾ ਅਤੇ ਇਸ ਸਿਲਸਿਲੇ ਦੀ ਲਗਾਤਾਰਤਾ ਬਣਾਈ ਰੱਖਣ ਲਈ ਪਿੰਡਾਂ ਵਿੱਚ ਹਰ ਹਫਤੇ ਮੀਟਿੰਗਾਂ ਕੀਤੀਆਂ ਜਾਣਗੀਆਂ। ਦਿੱਲੀ ਜਾਣ ਲਈ ਧਰਨਾਕਾਰੀਆਂ ਵਿੱਚ ਜ਼ੋਰਦਾਰ ਉਤਸ਼ਾਹ ਪਾਇਆ ਗਿਆ ਜਿਨ੍ਹਾਂ ਕੇ ਵਧ ਚੜ੍ਹ ਕੇ ਲਿਸਟਾਂ ਵਿੱਚ ਆਪਣਾ ਨਾਂਅ ਲਿਖਾਇਆ ਜਾ ਰਿਹਾ ਹੈ।
ਬੁਲਾਰਿਆਂ ਨੇ ਕਿਹਾ ਕਿ ਕੁੱਝ ਲੋਕ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕਰ ਰਹੇ ਹਨ ਕਿ ਅਡਾਨੀ ਦੀ ਕਿਲ੍ਹਾ ਰਾਏਪੁਰ ਵਾਲੀ ਖੁਸ਼ਕ ਬੰਦਰਗਾਹ ਬੰਦ ਹੋਣ ਕਾਰਨ 4000 ਲੋਕ ਬੇਰੁਜ਼ਗਾਰ ਹੋ ਗਏ ਜਦੋਂ ਕਿ ਉਥੇ ਸਿੱਧੇ ਤੌਰ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਗਿਣਤੀ 100 ਦੇ ਕਰੀਬ ਸੀ। ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਕਾਰਨ ਲੋਕ ਬੇਰੁਜ਼ਗਾਰ ਹੋ ਰਹੇ ਹਨ। ਇਹ ਪ੍ਰਚਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਅਡਾਨੀ, ਅੰਬਾਨੀ ਜਿਹੇ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਅਦਾਰਿਆਂ ਦੀ ਘੇਰਾਬੰਦੀ ਇਸ ਗੱਲ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਜਰੂਰੀ ਹੈ ਕਿ ਸਰਕਾਰੀ ਨੀਤੀਆਂ ਅਸਲ ਵਿੱਚ ਕਿਸ ਦੇ ਫਾਇਦੇ ਲਈ ਹਨ। ਖੁਸ਼ਕ ਬੰਦਰਗਾਹ ਸਮੇਤ ਸਾਰੇ ਉਚ-ਤਕਨੀਕ ਅਦਾਰੇ ਰੁਜ਼ਗਾਰ ਪੈਦਾ ਨਹੀਂ ਕਰਦੇ। ਉਲਟਾ ਇਹ ਅਦਾਰੇ ਲੋਕਾਂ ਦਾ ਰੁਜ਼ਗਾਰ ਖੋਹ ਰਹੇ ਹਨ। ਕਾਰਪੋਰੇਟ-ਪੱਖੀ ਇਹ ਵਿਕਾਸ ਮਾਡਲ ਵੱਡੇ ਪੱਧਰ ‘ਤੇ ਲੋਕਾਂ ਦਾ ਰੁਜ਼ਗਾਰ ਖੋਹ ਰਿਹਾ ਹੈ। ਇੱਕ ਵੱਡਾ ਸ਼ਾਪਿੰਗ ਮਾਲ ਖੁੱਲਣ ਨਾਲ ਸੈਂਕੜੇ ਛੋਟੇ ਦੁਕਾਨਦਾਰ ਵਿਹਲੇ ਹੋ ਜਾਂਦੇ ਹਨ। ਇਸੇ ਗੱਲ ਬਾਰੇ ਲੋਕਾਂ ਨੂੰ ਚੇਤਨ ਕਰਨ ਲਈ ਇਨ੍ਹਾਂ ਕਾਰਪੋਰੇਟ ਅਦਾਰਿਆਂ ਦਾ ਘਿਰਾਉ ਕੀਤਾ ਜਾ ਰਿਹਾ ਹੈ।
