13 C
United Kingdom
Tuesday, April 29, 2025
More

    ਪੰਜਾਬ ਸਰਕਾਰ ਓਲੰਪੀਅਨ ਖਿਡਾਰੀ ਪੈਦਾ ਕਰਨ ਵਾਲੇ ਕੋਚਾਂ ਦਾ ਵੀ ਕਰੇ ਸਨਮਾਨ

    ਜਗਰੂਪ ਸਿੰਘ ਜਰਖੜ 

    ਹਾਕੀ ਵਾਲੇ ਕਾਂਸੀ ਦਾ  ਤਮਗਾ ਜਿੱਤ ਗਏ ਜਦ ਕਿ ਬਾਕੀ ਅਥਲੀਟ ਨੇ ਪੰਜਾਬ ਦਾ ਨਾਮ ਟੋਕੀਓ ਓਲੰਪਿਕ ਖੇਡਕੇ ਪੂਰੀ ਦੁਨੀਆਂ ਵਿੱਚ ਰੋਸ਼ਨ ਕਰ ਦਿੱਤਾ ਹੈ । ਓਲੰਪਿਕ ਖੇਡਾਂ ਵਿੱਚ ਕੋਈ ਵੀ ਤਮਗਾ ਜਿੱਤਣਾ ਆਪਣੇ ਆਪ ਚ ਇਕ ਵੱਡੀ ਪ੍ਰਾਪਤੀ ਹੈ ਪਰ ਓਲੰਪਿਕ ਖੇਡਾਂ ਲਈ ਕੁਆਲੀਫਾਈ ਵੀ ਕਰਨਾ ਕਿਸੇ ਪ੍ਰਾਪਤੀ ਨਾਲੋਂ ਘੱਟ ਨਹੀਂ ਹੈ । ਪੰਜਾਬ ਮਾਣ ਕਰਦਾ ਹੈ ਕਿ ਭਾਰਤੀ ਹਾਕੀ ਟੀਮ ਵਿੱਚ ਮੁੰਡਿਆਂ ਦੇ ਵਰਗ ਵਿੱਚ 11ਓਲੰਪੀਅਨ ਖੇਡੇ ,ਕੁੜੀਆਂ ਵਿੱਚ ਸਾਡੀ ਗੁਰਜੀਤ ਕੌਰ ਨੇ  ਦਰਸਾਇਆ ਕਿ ਮੈਦਾਨੇ ਜੰਗ ਤਾਂ ਸਾਡੀਆਂ ਧੀਆਂ ਮਾਈ ਭਾਗੋ ਦੀਆਂ ਵਾਰਿਸ ਬਣਦੀਆਂ ਹੀ ਹਨ ਪਰ ਖੇਡ ਮੈਦਾਨੇ ਵੀ ਉਹ ਮਾਈ ਭਾਗੋ ਦੀਆਂ ਵਾਰਿਸ ਬਣਕੇ ਭਵਿੱਖ ਦੀ ਪਨੀਰੀ ਲਈ ਇਕ ਪ੍ਰੇਰਨਾ ਸਰੋਤ ਬਣ ਸਕਦੀਆਂ ਹਨ । ਗੁਰਜੀਤ ਕੌਰ ਤੋਂ ਇਲਾਵਾ ਸਲਾਮ ਹੈ, ਅਥਲੀਟ  ਕਮਲਪ੍ਰੀਤ ਕੌਰ ਨੂੰ,  ਸਲਾਮ ਹੈ ਮੁੱਕੇਬਾਜ਼ ਸਿਮਰਨਜੀਤ ਕੌਰ ਚਕਰ ਨੂੰ , ਸਲਾਮ ਹੈ ਅੰਜੁਮ ਮੌਦਗਿੱਲ ਨੂੰ,ਸਲਾਮ ਹੈ ਰਾਣੀ ਖੋਖਰ ਨੂੰ ਜਿਹੜੀਆਂ ਧੀਆਂ ਨੇ ਮੁੰਡਿਆਂ ਦੇ ਬਰਾਬਰ ਟੋਕੀਓ ਓਲੰਪਿਕ ਖੇਡਾਂ 2021 ਵਿੱਚ ਆਪਣੀ ਕਾਬਲੀਅਤ ਸਿੱਧ ਕੀਤੀ । ਭਾਗਾਂ ਵਾਲੇ ਹਨ ਉਹ ਮਾਪੇ ਜਿਨ੍ਹਾਂ ਦੀਆਂ ਧੀਆਂ ਨੇ ਪੰਜਾਬ ਦੀ ਖੇਡਾਂ ਦੇ ਖੇਤਰ ਵਿੱਚ ਲਾਜ ਰੱਖੀ ਹੈ ।ਪਰ ਇਹ ਸਾਡੇ ਖਿਡਾਰੀ ਭਾਵੇਂ ਮੁੰਡੇ ਹੋਣ ਭਾਵੇਂ ਕੁੜੀਆਂ ਕਿਸ ਦੀ ਪ੍ਰੇਰਨਾ ਨਾਲ , ਕਿਸ ਦੀ ਟ੍ਰੇਨਿੰਗ ਦੇ ਨਾਲ ਓਲੰਪਿਕ ਖੇਡਾਂ ਖੇਡਣ ਦੇ ਮੁਕਾਮ ਤੇ ਪਹੁੰਚੇ ਹਨ ਅਤੇ ਓਲੰਪਿਕ ਖੇਡਾਂ ਵਿੱਚ ਤਗ਼ਮਾ ਜਿੱਤਣ ਦੇ ਯੋਗ ਹੋਏ ਹਨ  ਉਨ੍ਹਾਂ ਕੋਚਾਂ ਨੂੰ ਵੀ ਸਾਡਾ ਸਲੂਟ ਬਣਦਾ ਹੈ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਚੋਖੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕਰਨ ਦਾ ਕੰਮ ਤਾਂ  ਨਿਬੇੜ ਦਿੱਤਾ ਹੈ । ਪੰਜਾਬ ਸਰਕਾਰ ਇਸ ਬਦਲੇ ਵਧਾਈ ਦੀ ਪਾਤਰ ਹੈ ਜਿਸ ਨੇ ਖਿਡਾਰੀਆਂ ਨੂੰ ਉਨ੍ਹਾਂ ਦਾ ਹੱਕ ੳੁਨ੍ਹਾਂ ਦੇ ਪਸੀਨਾ ਸੁੱਕਣ ਤੋਂ ਪਹਿਲਾਂ ਦੇ ਦਿੱਤਾ ਹੈ । ਬੜੇ ਵੱਡੇ ਵੱਡੇ ਮੰਤਰੀਆਂ ਨੇ, ਵਿਧਾਇਕਾਂ ਨੇ ,ਅਫ਼ਸਰਸ਼ਾਹੀ ਨੇ ਹੋਰ ਵੱਡੇ ਲੋਕਾਂ ਨੇ ਓਲੰਪਿਕ ਖੇਡਾਂ ਵਿੱਚ ਤਮਗਾ ਜੇਤੂ ਖਿਡਾਰੀਆਂ ਨਾਲ ,ਨਵੇਂ ਬਣੇ ਓਲੰਪੀਅਨਾਂ ਨਾਲ ਵੱਡੀਆਂ ਵੱਡੀਆਂ ਫੋਟੋਆਂ ਕਰਵਾਈਆਂ, ਹਰ  ਵਧਾਈਆਂ ਦਿੱਤੀਆਂ, ਹਰ ਇੱਕ ਨੇ ਆਪਣੇ ਆਪ ਚ’ ਜਿੱਤ ਦਾ ਕ੍ਰੈਡਿਟ  ਲਿਆ,  ਪਰ ਕਿਸੇ  ਇਕ ਨੇ ਵੀ ਉਨ੍ਹਾਂ ਕੋਚਾਂ ਦੇ ਸਨਮਾਨ ਬਾਰੇ  ” ਹਾਅ ਦਾ ਨਾਅਰਾ” ਨਹੀਂ ਮਾਰਿਆ, ਜਿਨ੍ਹਾਂ ਦੀ ਬਦੌਲਤ ਇਨ੍ਹਾਂ ਖਿਡਾਰੀਆਂ ਨੇ ਪੰਜਾਬ ਦਾ ਨਾਮ ,ਦੇਸ਼ ਦਾ ਨਾਮ ਦੁਨੀਆਂ ਦੇ ਵਿੱਚ  ਰੋਸ਼ਨ ਕੀਤਾ ਹੈ। ਜਿਹੜੇ ਖਿਡਾਰੀ ਜਿਹਨਾਂ  ਕੋਚਾਂ ਦੀ ਬਦੌਲਤ ਅੱਜ ਇਸ ਮੁਕਾਮ ਤੇ ਪਹੁੰਚੇ ਹਨ ਜਿੱਥੇ ਹਰ ਪੰਜਾਬੀ ਆਪਣੇ ਆਪ ਵਿੱਚ ਫਖ਼ਰ ਮਹਿਸੂਸ ਕਰ ਰਿਹਾ ਹੈ ਤਾਂ   ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ  ਨੂੰ ਵੀ ਉਨ੍ਹਾਂ ਦੀ ਕੀਤੀ ਮਿਹਨਤ ਅਤੇ ਹੈਸੀਅਤ   ਮਤਾਬਿਕ ਬਣਦਾ ਮਾਣ ਸਤਿਕਾਰ ਦੇਵੇ ਅਤੇ ਇਨਾਮੀ ਰਾਸ਼ੀ ਮਿਲੇ ਤਾਂ ਜੋ ਕੱਲ੍ਹ ਨੂੰ ਹੋਰ ਕੋਚ ਵੀ ਆਪਣੀ  ਜ਼ਿੰਮੇਵਾਰੀ ਨੂੰ ਹੋਰ ਬਾਖ਼ੂਬੀ ਨਾਲ ਨਿਭਾਉਣ ਅਤੇ ਪੰਜਾਬ ਦਾ ਖੇਡ  ਸੱਭਿਆਚਾਰ ਦਿਨੋਂ ਦਿਨ ਹੋਰ ਪ੍ਰਫੁੱਲਤ ਹੋਵੇ  ।ਦੂਜੇ ਪਾਸੇ ਇੱਕ ਹੋਰ ਪੱਖ ਵੀ ਹੈ ਕਿ ਖਿਡਾਰੀਆਂ ਦੀ ਕੋਚਿੰਗ ਮਾਮਲੇ ਵਿਚ ਹਰ ਕੋਈ ਐਰਾ ਗੈਰਾ ,ਨੱਥੂ ਖੈਰਾ ਇਹ ਕ੍ਰੈਡਿਟ ਲੈ ਰਿਹਾ ਹੈ ਕਿ ਇਹ ਤਾਂ ਮੇਰੇ ਟ੍ਰੇਨੀ ਹਨ। 

    ਜਿਸ ਕੋਲ ਕੋਈ ਬੱਚਾ ਦਸ ਪੰਦਰਾਂ ਦਿਨ ਵੀ ਟ੍ਰੇਨਿੰਗ   ਕਰ ਗਿਆ ਉਹ ਵੀ ਉਸ ਨੂੰ ਆਪਣਾ ਓਲੰਪੀਅਨ ਹੀ ਸਮਝ ਰਿਹਾ ਹੈ । ਕਈ ਜੁਗਾੜੀ ਕੋਚ ਕਈ ਤਰ੍ਹਾਂ ਦਾ ਹੋਰ ਝੂਠ ਤੂਫ਼ਾਨ ਕੁਫ਼ਰ ਬੋਲੀ ਜਾ ਰਹੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਨੂੰ ਇਹ ਝੂਠੀ ਸ਼ੋਹਰਤ ਮਿਲ ਜਾਵੇ  ਪਰ ਇਸ ਮਾਮਲੇ ਵਿਚ ਆਪਣੇ ਸਹੀ ਕੋਚ ਦਾ ਸਹੀ  ਇਨਸਾਫ਼ ਤਾਂ ਤਮਗਾ ਜੇਤੂ ਅਤੇ ਓਲੰਪੀਅਨ ਖਿਡਾਰੀ ਆਪ ਹੀ ਕਰ ਸਕਦੇ ਹਨ ਜਾਂ ਫਿਰ ਕੋਈ ਇਕ ਇਸ ਤਰ੍ਹਾਂ ਦੀ  ਓਲੰਪੀਅਨ ਪੱਧਰ ਦੇ ਖਿਡਾਰੀਆਂ ਤੇ ਅਧਾਰਿਤ ਹਾਈ ਪ੍ਰੋਫਾਈਲ    ਕਮੇਟੀ ਬਣੇ  ਜੇ ਪੂਰੀ ਘੋਖ ਕਰੇ ਕਿ ਕਿਸ ਦੀ ਪ੍ਰੇਰਨਾ ਨਾਲ , ਕਿਸਦੇ ਕੋਚਿੰਗ ਹੁਨਰ ਦੇ ਨਾਲ ਇਹ ਖਿਡਾਰੀ ਓਲੰਪਿਕ ਤੱਕ ਪਹੁੰਚੇ ਅਤੇ ਤਮਗਾ ਜੇਤੂ ਬਣੇ  ਫਿਰ ਉਨ੍ਹਾਂ ਕੋਚਾਂ ਨੂੰ ਉਚੇਚੇ ਤੌਰ ਤੇ ਪੰਜਾਬ ਸਰਕਾਰ ਸਨਮਾਨਿਤ ਕਰੇ । ਪੰਜਾਬ ਸਰਕਾਰ ਨੂੰ ਆਪਣੇ ਇਸ ਫ਼ਰਜ਼ ਦੀ ਪਾਲਣਾ ਪੂਰੀ ਸੁਹਿਰਦਤਾ ਨਾਲ  ਅਤੇ ਜਲਦੀ  ਕਰਨੀ ਚਾਹੀਦੀ ਹੈ  ਕਿਉਂਕਿ   ਦੁਨੀਆਂ ਦੇ ਵਿੱਚ ਕਦੇ ਵੀ ਕਿਸੇ ਵੀ ਖੇਤਰ ਵਿੱਚ ਕੋਈ ਚੇਲਾ ਆਪਣੇ ਉਸਤਾਦ ਤੋਂ ਵੱਡਾ ਨਹੀਂ ਹੁੰਦਾ , ਹਮੇਸ਼ਾ ਹੀ  ਚੇਲਿਆਂ ਨੇ ਆਪਣੀਆਂ ਪ੍ਰਾਪਤੀਆਂ ਅਤੇ ਜਿੱਤਾਂ ਦੇ  ਸਿਹਰੇ ਦਾ ਮੁੱਢ ਆਪਣੇ ਉਸਤਾਦਾਂ ਦੇ ਸਿਰ ਹੀ ਬੰਨ੍ਹਿਆ ਹੈ ਅੱਜ  ਭਾਵੇਂ ਭਾਰਤੀ ਹਾਕੀ ਹੋਵੇ ਜਾਂ ਭਾਵੇਂ ਕੋਈ ਹੋਰ ਖੇਡ ਹੋਵੇ ਜੇਕਰ ਭਾਰਤ ਨੂੰ ਟੋਕੀਓ  ਓਲੰਪਿਕ ਖੇਡਾਂ ਵਿੱਚ 7 ਤਮਗੇ ਮਿਲੇ ਹਨ ਜਾਂ ਮੁਲਕ ਦੇ ਵੱਖ ਵੱਖ ਸੂਬਿਆਂ ਤੋਂ  124 ਖਿਡਾਰੀਆਂ ਨੂੰ ਓਲੰਪਿਕ ਖੇਡਣ ਦਾ ਮਾਣ ਹਾਸਲ  ਹੋਇਆ ਹੈ ਉਨ੍ਹਾਂ ਵਿੱਚ ਸਭ ਤੋਂ ਵੱਡੀ ਭੂਮਿਕਾ ਇਨ੍ਹਾਂ ਖਿਡਾਰੀਆਂ ਦੇ ਕੋਚਾਂ ਦੀ ਹੀ ਰਹੀ ਹੈ। ਉਸ  ਤੂੰ ਵੱਡੀ ਭੂਮਿਕਾ ਮਾਪਿਆਂ ਦੀ ਰਹੀ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਖੇਡਾਂ ਨਾਲ ਜੋੜਿਆ ਹੈ ।

    ਅੱਜ  ਸਾਰੇ ਓਲੰਪੀਅਨ ਖਿਡਾਰੀਆਂ ਦੇ   ਕੋਚ ਵੀ ਅਤੇ ਮਾਪੇ ਵੀ  ਸਨਮਾਨ ਦੇ ਹੱਕਦਾਰ ਹਨ। ਪੰਜਾਬ ਸਰਕਾਰ ਨੂੰ ਵੀ ਭਾਰਤ   ਸਰਕਾਰ ਦੇ ਦਰੋਣਾਚਾਰੀਆ ਐਵਾਰਡ ਵਾਂਗ ਪੰਜਾਬ ਦੇ ਕੋਚਾਂ ਲਈ ਵੀ ਕੋਈ ਅਜਿਹੇ ਐਵਾਰਡ ਦੇਣੇ ਚਾਹੀਦੇ ਹਨ ਜੋ ਕੋਚਾਂ ਦੇ ਕੋਚਿੰਗ ਹੁਨਰ ਦੇ ਕਦਰਦਾਨ ਬਨਣ , ਅਤੇ ਕੋਚਾਂ ਦਾ ਖੇਡ ਮੈਦਾਨਾਂ ਵਿਚ ਕੋਚਿੰਗ ਕਰਨ ਦਾ  ਮਨੋਬਲ ਵਧੇ , ਪਰ ਦੂਜੇ ਪਾਸੇ ਦੁੱਖ ਦੀ ਗੱਲ ਇਹ ਵੀ ਹੈ ਕਿ ਪਿਛਲੇ ਚਾਰ ਦਹਾਕਿਆਂ ਤੋਂ ਪੰਜਾਬ ਸਰਕਾਰ ਨੇ ਕੋਚਾਂ ਦੀ ਭਰਤੀ ਨਹੀਂ ਕੀਤੀ ਚਾਰ ਕੁ ਸਾਲ ਪਹਿਲਾਂ ਕੁਝ ਗਿਣਤੀ ਦੇ ਕੋਚ ਖੇਡ ਵਿਭਾਗ ਨੇ   ਰੱਖੇ ਸਨ  ਜੋ ਕਿ ਪੰਜਾਬ ਦੇ ਖੇਡ ਸਿਸਟਮ ਨੂੰ ਚਲਾਉਣ ਲਈ ਕਾਫ਼ੀ ਨਹੀਂ ਹਨ ਇਸ ਤੋਂ ਇਲਾਵਾ ਠੇਕੇ ਤੇ ਰੱਖੇ ਕੋਚਾਂ ਨੂੰ ਸਿਰਫ਼ 10  ਤੋਂ 15  ਹਜ਼ਾਰ ਰੂਪਏ  ਦੀ ਤਨਖ਼ਾਹ ਵਿੱਚ ਹੀ  ਗੁਜ਼ਾਰਾ ਕਰਨਾ ਪੈ ਰਿਹਾ   ਹੈ । ਇੰਨੀ ਥੋੜ੍ਹੀ ਤਨਖਾਹ ਵਿਚ ਇਕ ਕੋਚ ਕਿਵੇਂ ਆਪਣੇ ਪਰਿਵਾਰ ਦਾ ਨਿਰਬਾਹ ਕਰੂ, ਕਿਵੇਂ ਉਹ ਕੋਚਿੰਗ ਕਰੂ, ਇਸ ਕਰਕੇ  ਇਨ੍ਹਾਂ ਠੇਕੇ ਤੇ ਰੱਖੇ ਕੋਚਾਂ ਨੂੰ ਪੱਕੇ ਕਰਕੇ ਉਨ੍ਹਾਂ ਦੇ ਕੋਚਿੰਗ ਮੁਕਾਮ ਮੁਤਾਬਿਕ ਤਨਖਾਹ ਦਿੱਤੀ ਜਾਵੇ ਕਿਉਂਕਿ ਪਿਛਲੇ ਪੰਦਰਾਂ ਵੀਹ ਸਾਲ ਤੋਂ ਇਹ ਕੋਚ   ਆਰਥਿਕ ਤੰਗੀਆਂ ਤਰੁੱਟੀਆਂ ਦਾ ਸਾਹਮਣਾ ਕਰਦੇ ਹੋਰ ਨੌਕਰੀਆਂ ਤੋਂ ਵੀ ਓਵਰਏਜ ਹੋ ਚੁੱਕੇ ਹਨ  । ਪੰਜਾਬ ਸਰਕਾਰ ਨੂੰ ਜਲਦੀ ਹੀ ਇਕ ਸਾਰਥਕ ਖੇਡ ਨੀਤੀ ਬਣਾਉਣੀ ਚਾਹੀਦੀ ਹੈ ਜਿਸ ਖੇਡ ਨੀਤੀ ਦੇ ਤਹਿਤ ਖਿਡਾਰੀਆਂ ਦੇ ਨਾਲ ਨਾਲ ਕੋਚਾਂ ਨੂੰ ਵੀ , ਖੇਡ ਸੰਸਥਾਵਾਂ ਦੇ ਆਗੂਆਂ ਨੂੰ ਵੀ  ਪੰਜਾਬ ਦੀਆਂ ਖੇਡਾਂ ਦੀ ਬਿਹਤਰੀ ਲਈ ਕੰਮ ਕਰਨ ਦਾ ਸਕੂਨ ਮਿਲੇ      ਜੇਕਰ ਪੰਜਾਬ ਸਰਕਾਰ ਖੇਡਾਂ ਦੀ ਤਰੱਕੀ ਪ੍ਰਤੀ   ਅਜਿਹਾ ਓੁਸਾਰੂ ਕਦਮ ਚੁੱਕਦੀ ਹੈ ਇਸ ਨਾਲ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਵਿਚ ਵਾਧਾ ਤਾਂ  ਹੋਵੇਗਾ ਹੀ , ਨਾਲ ਨਾਲ ਪੰਜਾਬ ਦਾ ਖੇਡ ਸੱਭਿਆਚਾਰ ਵੀ ਵੱਡੇ ਪੱਧਰ ਤੇ  ਪ੍ਰਫੁੱਲਤ ਹੋਵੇਗਾ । ਪ੍ਰਮਾਤਮਾ ਪੰਜਾਬ ਸਰਕਾਰ ਨੂੰ ਸੁਮੱਤ ਬਖ਼ਸ਼ੇ  , ਦਾਤਾ ਖ਼ੈਰ ਕਰੇ, ਪੰਜਾਬ ਦੀਆਂ ਖੇਡਾਂ ਦਾ ਰੱਬ ਰਾਖਾ  ।

    ਜਗਰੂਪ ਸਿੰਘ ਜਰਖੜ 

    ਖੇਡ ਲੇਖਕ ਫੋਨ

    ਨੰਬਰ 9814300722

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!
    23:50