ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਦੇ ਸਭ ਪਲਿਥਮ ਵਿੱਚ ਹੋਏ ਦਰਦਨਾਕ ਸਮੂਹਿਕ ਗੋਲੀਕਾਂਡ ਦੇ ਪੀੜਤਾਂ ਨੂੰ ਯਾਦ ਕਰਨ ਲਈ ਸੋਮਵਾਰ ਨੂੰ ਘਟਨਾ ਸਥਾਨ ‘ਤੇ ਭਾਰੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਹੋਇਆ। ਵੱਡੀ ਗਿਣਤੀ ਵਿੱਚ ਲੋਕਾਂ ਨੇ ਵੀਰਵਾਰ ਨੂੰ 22 ਸਾਲਾਂ ਬੰਦੂਕਧਾਰੀ ਹਮਲਾਵਰ ਜੇਕ ਡੇਵਿਸਨ ਦੁਆਰਾ ਮਾਰੇ ਗਏ ਪੰਜ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਲੋਕਾਂ ਨੇ ਪੀੜਤਾਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਵੀ ਰੱਖਿਆ। ਇਸ ਹੱਤਿਆਕਾਂਡ ਵਿੱਚ ਮਰਨ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰ ਵੀ ਸ਼ਰਧਾਂਜਲੀ ਸਮਾਗਮ ਵਿੱਚ ਸ਼ਹਿਰ ਦੇ ਗਿਲਡਹਾਲ ਦੇ ਬਾਹਰ ਧਾਰਮਿਕ ਪ੍ਰਤੀਨਿਧਾਂ, ਸਿਆਸਤਦਾਨਾਂ, ਐਮਰਜੈਂਸੀ ਸੇਵਾ ਕਰਮਚਾਰੀਆਂ, ਫੌਜੀ ਮੈਂਬਰਾਂ ਅਤੇ ਹੋਰ ਲੋਕਾਂ ਨਾਲ ਮੌਜੂਦ ਸਨ। ਪੰਜ ਗੌਂਗ (ਸੰਗੀਤਕ ਉਪਕਰਣ) ਪੰਜੇ ਪੀੜਤਾਂ ਲਈ, ਇੱਕ ਮਿੰਟ ਦੇ ਮੌਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਵਜਾਏ ਗਏ। ਇਹਨਾਂ ਲੋਕਾਂ ਤੋਂ ਇਲਾਵਾ ਕੁੱਝ ਹੋਰ ਸੋਗ ਮਨਾਉਣ ਵਾਲੇ ਵੀ ਕੀਹੈਮ ਦੇ ਨੌਰਥ ਡਾਉਨ ਕ੍ਰਿਸੈਂਟ ਪਾਰਕ ਵਿੱਚ ਇਕੱਠੇ ਹੋਏ।ਗਿਲਡਹਾਲ ਦੇ ਇੱਕ ਕਮਿਊਨਿਟੀ ਲੀਡਰ ਨੇ ਇਸ ਮੁਸ਼ਕਿਲ ਘੜੀ ਵਿੱਚ ਸਾਥ ਦੇਣ ਲਈ ਸਥਾਨਕ ਲੋਕਾਂ ਦਾ ਧੰਨਵਾਦ ਕੀਤਾ।
