6.7 C
United Kingdom
Saturday, April 19, 2025

More

    ਨਿਊਜ਼ੀਲੈਂਡ ’ਚ ਪੰਜਾਬੀ ਨੌਜਵਾਨ ਵੱਲੋਂ ਪੁਲਿਸ ਨੂੰ ਰਿਸ਼ਵਤ ਦੀ ਕੋਸ਼ਿਸ਼ ਨੇ ਦੇਸ਼ ਨਿਕਾਲਾ ਦਿਵਾਇਆ

    ਗੁਰਦੁਆਰੇ ਦੇ ਪ੍ਰਧਾਨ ਦੀ ਚਿੱਠੀ ਵੀ ਲਾਈ ਪਰ…ਅਗਲੇ ਕਿੱਥੇ ਮੰਨਦੇ ਆ

    ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਪੂਰੀ ਦੁਨੀਆ ਦੇ ਵਿਚ ਨਿਊਜ਼ੀਲੈਂਡ ਅਤੇ ਡੈਨਮਾਰਕ ਇਸ ਵੇਲੇ ਘੱਟ ਤੋਂ ਘੱਟ ਭ੍ਰਿਸ਼ਟਾਚਾਰ ਦੇਸ਼ਾਂ ਦੀ ਦਰਜਾਬੰਦੀ ਦੇ ਵਿਚ ਪਹਿਲੇ ਨੰਬਰ ਉਤੇ ਹਨ ਜਦ ਕਿ ਭਾਰਤ ਇਸ ਵੇਲੇ 86ਵੇਂ ਨੰਬਰ ਉਤੇ ਹੈ। ਭ੍ਰਿਸ਼ਟਾਚਾਰ ਕਿਵੇਂ ਘੱਟ ਹੋਵੇ? ਇਹ ਹਰ ਇਕ ਦੇਸ਼ ਦੇ ਨਾਗਰਿਕਾਂ, ਅਫਸਰਾਂ ਅਤੇ ਸਰਕਾਰਾਂ ਉਤੇ ਨਿਰਭਰ ਕਰਦਾ ਹੈ। ਨਿਊਜ਼ੀਲੈਂਡ ਦੇ ਪੁਲਿਸ ਅਫਸਰ ਨੇ ਰਿਸ਼ਵਤ ਨਾ ਲੈ ਕੇ ਇਕ ਅਜਿਹੀ ਹੀ ਉਦਾਹਰਣ ਪੇਸ਼ ਕੀਤੀ। ਅੰਮ੍ਰਿਤਸਰ ਜ਼ਿਲ੍ਹੇ ਦਾ 27 ਸਾਲਾ ਇਕ ਪੰਜਾਬੀ ਜਿਸ ਦਾ ਨਾਂਅ ਗੁਰਵਿੰਦਰ ਸਿੰਘ ਹੈ, ਅਗਸਤ 2014 ਦੇ ਵਿਚ ਇਥੇ ਉਚ ਸਿੱਖਿਆ ਲੈਣ ਆਇਆ ਸੀ। ਵਧੀਆ ਪੜ੍ਹਾਈ ਕੀਤੀ, ਕੰਮ ਕਾਰ ਕੀਤਾ ਪਰ ਮਈ 2019 ਦੇ ਵਿਚ ਇਕ ਵਾਰ ਪੁਲਿਸ ਨੇ ਉਸਨੂੰ ਨਿਰਧਾਰਤ ਮਾਤਰਾ ਤੋਂ ਦੁੱਗਣੀ ਸ਼ਰਾਬ ਪੀ ਕੇ ਡ੍ਰਾਈਵਿੰਗ ਕਰਨ ਦੀ ਹਾਲਤ ਵਿਚ ਫੜ ਲਿਆ। ਇਸ ਨੌਜਵਾਨ ਨੇ ਪੁਲਿਸ ਅਫਸਰ ਨੂੰ ਮੌਕੇ ’ਤੇ ਹੀ 200 ਡਾਲਰ ਦੀ ਪੇਸ਼ਕਸ਼ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਅਗਲੀ ਕਾਰਵਾਈ ਨਾ ਕਰੇ। ਪਰ ਇਮਾਨਦਾਰ ਪੁਲਿਸ ਅਫਸਰ ਨੇ ਉਸਦੀ ਪੇਸ਼ਕਸ਼ ਠੁਕਰਾਈ ਹੀ ਨਹੀਂ, ਸਗੋਂ ਉਸਨੂੰ ਅਧਾਰ ਬਣਾ ਕੇ ਅਗਲੀ ਕਾਰਵਾਈ ‘ਡਰਿੰਕ ਡ੍ਰਾਈਵਿੰਗ’ ਦੇ ਨਾਲ ਹੀ ਪਾ ਦਿੱਤੀ। ਅਕਤੂਬਰ-ਨਵੰਬਰ 2019 ਦੇ ਵਿਚ ਇਹ ਨੌਜਵਾਨ ਇੰਡੀਆ ਗਿਆ ਅਤੇ ਫਿਰ ਵਾਪਿਸ ਆ ਗਿਆ। ਉਸਨੇ ਮਾਰਚ 2020 ਦੇ ਵਿਚ ਇਕ ਕੀਵੀ ਫਰੂਟ ਠੇਕੇਦਾਰ ਕੋਲ ਕੰਮ ਕੀਤਾ ਅਤੇ ਇੰਸ਼ੈਸ਼ਲੀਅਲ ਵਰਕ ਵੀਜ਼ਾ ਵੀ ਪ੍ਰਾਪਤ ਕੀਤਾ। ਹੌਲੀ-ਹੌਲੀ ਹੁਣ ਅਦਾਲਤੀ ਚੱਕਰ ਰੇੜੇ੍ਹ ਪੈ ਗਿਆ ਅਤੇ 3 ਫਰਵਰੀ 2021 ਨੂੰ ਇਹ ਨੌਜਵਾਨ ਦੋਸ਼ੀ ਸਾਬਿਤ ਹੋ ਗਿਆ। ਉਸਨੂੰ 6 ਮਹੀਨੇ ਦੀ ਘਰ ਨਜ਼ਰਬੰਦੀ ਦੀ ਸਜ਼ਾ, 170 ਡਾਲਰ ਹਰਜ਼ਾਨਾ ਅਤੇ 6 ਮਹੀਨੇ ਲਈ ਡ੍ਰਾਇਵੰਗ ਲਾਇਸੰਸ ਰੱਦ ਕਰ ਦਿੱਤਾ ਗਿਆ।

    25 ਫਰਵਰੀ ਨੂੰ ਇਸਨੂੰ ‘ਇਮੀਗ੍ਰੇਸ਼ਨ ਅਤੇ ਪ੍ਰੋਟੈਕਸ਼ਨ ਟ੍ਰਿਬਿਊਨਲ’ ਵੱਲੋਂ ਦੇਸ਼ ਨਿਕਾਲੇ ਦਾ ਹੁਕਮ (4eportation Liability Notice.) ਦੇ ਦਿੱਤਾ ਗਿਆ। ਇਨਸਾਨੀਅਤ ਦੇ ਸੰਦਰਭ ਵਿਚ ਇਸ ਨੌਜਵਾਨ ਨੇ ਆਪਣਾ ਸਕਾਰਾਤਮਕ ਪੱਖ ਪੇਸ਼ ਕਰਦਿਆਂ ਦੇਸ਼ ਨਿਕਾਲੇ ਨੂੰ ਵਾਪਿਸ ਲੈਣ ਦੀ ਬਹੁਤ ਅਪੀਲ ਕੀਤੀ। ਆਪਣੇ ਰੁਜ਼ਗਾਰ ਦਾਤਾ ਦੀ ਚਿੱਠੀ ਲਾਈ, ਮਿੱਤਰਾਂ-ਦੋਸਤਾਂ ਦੀ ਚਿੱਠਈ ਲਾਈ, ਅੰਮ੍ਰਿਤਸਰ ਸਮੇਤ ਭਾਰਤ ਵਿਚ ਫੈਲੇ ਕਰੋਨਾ ਕਾਰਨ ਨੌਕਰੀ ਨਾ ਮਿਲਣ ਦਾ ਵਾਸਤਾ ਪਾਇਆ, ਆਪਣੇ ਪਰਿਵਾਰ ਨੂੰ ਪੈਸੇ ਭੇਜਣ ਦੀ ਉਦਾਹਰਣ ਦੇ ਕੇ ਉਨ੍ਹਾਂ ਲਈ ਕੰਮ ਕਰਨ ਦਾ ਵਾਸਤਾ ਪਾਇਆ, ਇਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਚਿੱਠੀ ਵੀ ਲਗਾਈ ਕਿ ਉਹ ਇਥੇ ਕਾਫੀ ਸੇਵਾ ਕਰਦਾ ਹੈ, ਪਰ ਸਾਰੇ ਪੱਖਾਂ ਨੂੰ ਵੇਖਦਿਆਂ ਆਖਿਰ ਫੈਸਲਾ ਹੋਇਆ ਕਿ ਦਿੱਤੇ ਸਾਰੇ ਕਾਰਨ ਇਮੀਗ੍ਰੇਸ਼ਨ ਦੇ ਮਾਪਦੰਢਾਂ ਉਤੇ ਖਰੇ ਨਹੀਂ ਉਤਰਦੇ। ਇਥੋਂ ਤੱਕ ਕਿ ਇਮੀਗ੍ਰੇਸ਼ਨ/ਟ੍ਰਿਬਿਊਨਿਲ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਿਹਤ ਅੰਕੜੇ ਪੇਸ਼ ਕਰ ਦਿੱਤੇ ਗਏ ਕਿ ਉਥੇ ਤਾਂ ਕਰੋਨਾ ਹੁਣ ਕਾਫੀ ਘਟ ਗਿਆ ਹੈ। ਪੁਰਾਣੀ ਅਤੇ ਨਵੀਂ ਗਿਣਤੀ ਦੱਸ ਦਿੱਤੀ ਗਈ। ਇਹ ਕਿਹਾ ਗਿਆ ਕਿ ਹੁਣ ਤੇਰੇ ਕੋਲ ਉਚ ਪੜ੍ਹਾਈ ਅਤੇ ਤਜ਼ਰਬਾ ਹੈ ਜੋ ਕਿ ਨੌਕਰੀ ਮਿਲਣ ਵਿਚ ਸਹਾਈ ਹੋ ਸਕਦਾ ਹੈ। ਪੈਸੇ ਭੇਜਣ ਦੇ ਮਾਮਲੇ ਵਿਚ ਕਹਿ ਦਿਤਾ ਗਿਆ ਕਿ ਇਹ ਸਭ ਕਰਦੇ ਨੇ। 11 ਜੂਨ ਨੂੰ ਹੋਏ ਫੈਸਲੇ ਮੁਤਾਬਿਕ ਇਸ ਨੌਜਵਾਨ ਨੂੰ ਅਦਾਲਤ ਨੇ ਤਿੰਨ ਮਹੀਨੇ ਦਾ ਵਰਕ ਵੀਜ਼ਾ ਲਾ ਕੇ ਇਹ ਸਮਾਂ ਦਿੱਤਾ ਹੈ ਕਿ ਉਹ ਵਾਪਿਸ ਵਤਨ ਪਰਤਣ ਤੋਂ ਪਹਿਲਾਂ ਆਪਣੇ ਸਾਰੇ ਕੰਮ ਨਿਪਟਾ ਲਵੇ। ਉਸਦੀ ਇਨਸਾਨੀਅਤ ਦੇ ਨਾਤੇ, ਇਕ ਵਧੀਆ ਕਾਮੇ ਅਤੇ ਚੰਗੇ ਕਿਰਦਾਰ ਵਾਲੇ ਵਿਅਕਤੀ ਦੀ ਅਪੀਲ ਬੀਤੇ ਦਿਨੀਂ ਸਫਲ ਨਾ ਹੋ ਸਕੀ, ਜਿਸ ਕਰਕੇ ਇਸ ਨੌਜਵਾਨ ਨੂੰ ਵਾਪਿਸ ਪਰਤਣਾ ਪੈ ਸਕਦਾ ਹੈ। ਅੰਤ ਆਮ ਵਿਅਕਤੀ ਤਾਂ ਇਹੀ ਕਰੇਗਾ ਕਿ ‘ਨਾ ਬਈ ਬੱਲਿਆ…ਇਥੇ ਨਹੀਂ ਚਲਦੀ ਰਿਸ਼ਵਤ’।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!