ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਨਿਆਗਰਾ ਫਾਲਸ ਲਈ ਜਾ ਰਹੀ ਇੱਕ ਟੂਰ ਬੱਸ ਨਿਊਯਾਰਕ ਸਟੇਟ ਥਰੂਵੇਅ ਤੋਂ ਚੱਲ ਕੇ ਰਾਸਤੇ ਵਿੱਚ ਸੈਂਟਰਲ ਨਿਊਯਾਰਕ ‘ਚ ਹਾਦਸੇ ਦੌਰਾਨ ਪਲਟ ਗਈ। ਇਸ ਹਾਦਸੇ ਵਿੱਚ 50 ਤੋਂ ਵੱਧ ਲੋਕਾਂ ਨੂੰ ਹਸਪਤਾਲਾਂ ਵਿੱਚ ਭੇਜਿਆ ਗਿਆ। ਅਧਿਕਾਰੀਆਂ ਅਨੁਸਾਰ ਬੱਸ ਆਪਣੇ ਸਫਰ ਦੌਰਾਨ ਵੀਡਸਪੋਰਟ ਪਿੰਡ ਦੇ ਨੇੜੇ ਹਾਈਵੇਅ ਦੇ ਪੱਛਮ ਵਾਲੇ ਪਾਸੇ ਸੜਕ ਦੇ ਨਾਲ ਪਲਟ ਗਈ। ਇਸ ਬੱਸ ਵਿੱਚ 57 ਲੋਕ ਸਵਾਰ ਸਨ ਅਤੇ ਸਾਰਿਆਂ ਨੂੰ ਮਾਮੂਲੀ ਤੋਂ ਲੈ ਕੇ ਗੰਭੀਰ ਸੱਟਾਂ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਇਸ ਬੱਸ ਦੇ ਹਾਦਸਾ ਗ੍ਰਸਤ ਹੋਣ ਦੇ ਕਾਰਨ ਅਜੇ ਸਾਹਮਣੇ ਨਹੀ ਆਏ ਹਨ। ਜੇ ਟੀ ਆਰ ਟਰਾਂਸਪੋਰਟੇਸ਼ਨ ਦੀ ਇਸ ਬੱਸ ਦੇ ਡਰਾਈਵਰ ਦੀ ਪਛਾਣ ਨਿਊਯਾਰਕ ਦੇ ਵਿੰਗਡੇਲ ਨਾਲ ਸਬੰਧਿਤ 66 ਸਾਲਾਂ ਫਰਮੀਨ ਵੈਸਕੁਜ਼ ਵਜੋਂ ਹੋਈ ਹੈ, ਨੂੰ ਵੀ ਜਖਮੀ ਹੋਣ ਕਾਰਨ ਹਸਪਤਾਲ ਭੇਜਿਆ ਗਿਆ। ਸਟੇਟ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਪੱਛਮ ਵੱਲ ਜਾਣ ਵਾਲੀ ਸੜਕ ਨੂੰ ਸ਼ਾਮ ਤੱਕ ਬੰਦ ਕੀਤਾ ਗਿਆ, ਅਤੇ ਆਵਾਜਾਈ ਨੂੰ ਅੱਠ ਮੀਲ (ਲਗਭਗ 13 ਕਿਲੋਮੀਟਰ) ਤੱਕ ਇੱਕ ਦਿਸ਼ਾ ਵਿੱਚ ਕੰਟਰੋਲ ਕੀਤਾ ਗਿਆ।
