ਸੰਨੀ ਉਬਰਾਏ ਚੈਰੀਟੇਬਲ ਲੈਬ ਵਿੱਚ ਡੇਂਗੂ ਦੇ ਤਿੰਨੋ ਟੈਸਟ ਸਿਰਫ 270 ਰੁਪਏ ਵਿੱਚ–ਜਾਨੀਆਂ
ਮੋਗਾ (ਪੰਜ ਦਰਿਆ ਬਿਊਰੋ) ਡਾ. ਐਸ.ਪੀ. ਸਿੰਘ ਉਬਰਾਏ ਜੀ ਹੁਣ ਤੱਕ ਦੁਬਈ ਦੀਆਂ ਜੇਲ੍ਹਾਂ ਵਿੱਚ ਮੌਤ ਦਾ ਇੰਤਜਾਰ ਕਰ ਰਹੇ 150 ਤੋਂ ਉਪਰ ਭਾਰਤੀ ਅਤੇ ਪਾਕਿਸਤਾਨੀ ਨੌਜਵਾਨਾਂ ਅਤੇ ਰੁਜਗਾਰ ਦੀ ਖਾਤਰ ਵਿਦੇਸ਼ਾਂ ਵਿੱਚ ਗਏ ਅਤੇ ਮੌਤ ਦੇ ਮੂੰਹ ਜਾ ਪਏ ਲੋਕਾਂ ਦੀਆਂ ਮਿ੍ਰਤਕ ਦੇਹਾਂ ਨੂੰ ਆਪਣੇ ਖਰਚੇ ਤੇ ਵਾਪਿਸ ਦੇਸ਼ ਲਿਆ ਚੁੱਕੇ ਹਨ । ਉਹਨਾ ਵੱਲੋਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਦਿੱਲੀ ਵਿੱਚ ਹਰ ਜਿਲ੍ਹਾ ਹੈਡਕੁਆਰਟਰ ਤੇ ਆਪਣੇ ਯੂਨਿਟ ਸਥਾਪਿਤ ਕਰਕੇ ਵਿਧਵਾ ਔਰਤਾਂ ਨੂੰ ਬੱਚਿਆਂ ਦੀ ਪੜ੍ਹਾਈ ਲਈ ਦਿੱਤੀ ਜਾ ਰਹੀ ਮਾਸਿਕ ਸਹਾਇਤਾ, ਹੁਸ਼ਿਆਰ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਕਾਲਰਸ਼ਿਪ, ਹਰ ਮਹੀਨੇ ਲਗਾਏ ਜਾ ਰਹੇ ਅੱਖਾਂ ਦੇ ਮੁਫਤ ਅਪਰੇਸ਼ਨ ਕੈਂਪ, ਸਕੂਲਾਂ ਵਿੱਚ ਬੱਚਿਆਂ ਲਈ ਸਾਫ ਪਾਣੀ ਲਈ ਲਗਵਾਏ ਜਾ ਰਹੇ ਆਰ.ਓ., ਸਿਵਲ ਹਸਪਤਾਲ ਮੋਗਾ ਵਿੱਚ ਕਾਲੇ ਪੀਲੀਏ ਦੇ ਮਰੀਜਾਂ ਲਈ ਲਗਾਈ ਗਈ ਡਾਇਲਸਿਸ ਮਸ਼ੀਨ, ਸਾਰੇ ਜਿਲ੍ਹਾ ਹੈਡਕੁਆਰਟਰਾਂ ਤੇ ਸੰਨੀ ਉਬਰਾਏ ਚੈਰੀਟੇਬਲ ਲੈਬਾਰਟਰੀਆਂ ਸਥਾਪਿਤ ਕਰਕੇ ਅਤੇ ਨੌਜਵਾਨ ਲੜਕੇ ਲੜਕੀਆਂ ਨੂੰ ਕੰਪਿਊਟਰ ਅਤੇ ਸਿਲਾਈ ਦੀ ਦਿੱਤੀ ਜਾ ਰਹੀ ਮੁਫਤ ਸਿਖਲਾਈ ਆਦਿ ਕੰਮਾਂ ਨੇ ਜਿੱਥੇ ਸਮਾਜ ਦੇ ਲੋੜਵੰਦ ਤਬਕਿਆਂ ਨੂੰ ਭਾਰੀ ਰਾਹਤ ਪਹੁੰਚਾਈ ਹੈ, ਉਥੇ ਪੂਰੀ ਦੁਨੀਆ ਵਿੱਚ ਸਿੱਖਾਂ ਦਾ ਸਿਰ ਮਾਣ ਨਾਲ ਉਚਾ ਕੀਤਾ ਹੈ, ਕਿਉਂਕਿ ਉਹਨਾਂ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਦੁਨੀਆ ਤੇ ਹੋਰ ਕਿਧਰੇ ਮਿਸਾਲ ਨਹੀਂ ਮਿਲਦੀ । ਇਹਨਾ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਮੋਗਾ ਦੇ ਕਾਰਜਕਾਰੀ ਪ੍ਰਧਾਨ ਹਰਭਿੰਦਰ ਸਿੰਘ ਜਾਨੀਆਂ ਨੇ ਅੱਜ ਸਰਬੱਤ ਦਾ ਭਲਾ ਦਫਤਰ ਮੋਗਾ ਵਿਖੇ 160 ਵਿਧਵਾ ਔਰਤਾਂ ਅਤੇ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈਕ ਵੰਡਣ ਮੌਕੇ ਕੀਤਾ । ਉਹਨਾਂ ਦੱਸਿਆ ਕਿ ਡੇਂਗੂ ਸੀਜਨ ਸ਼ੁਰੂ ਹੋਣ ਵਾਲਾ ਹੈ ਤੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਸੰਨੀ ਉਬਰਾਏ ਚੈਰੀਟੇਬਲ ਲੈਬ ਵਿੱਚ ਡੇਂਗੂ ਦੇ ਤਿੰਨੋਂ ਟੈਸਟ ਸਿਰਫ 270 ਰੁਪਏ ਵਿੱਚ ਕੀਤੇ ਜਾਂਦੇ ਹਨ ਤੇ ਬਾਕੀ ਸਾਰੇ ਟੈਸਟ ਵੀ ਬਜਾਰ ਨਾਲੋਂ 80 ਪ੍ਰਤੀਸ਼ਤ ਸਸਤੇ ਰੇਟਾਂ ਤੇ ਕੀਤੇ ਜਾਂਦੇ ਹਨ, ਇਸ ਲਈ ਆਮ ਲੋਕ ਇਸ ਦਾ ਫਾਇਦਾ ਉਠਾ ਸਕਦੇ ਹਨ । ਇਸ ਮੌਕੇ ਟਰੱਸਟ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ ਦੱਸਿਆ ਕਿ ਡਾ. ਐਸ.ਪੀ. ਸਿੰਘ ਉਬਰਾਏ ਆਪਣੀ ਨੇਕ ਕਮਾਈ ਦਾ 95 ਪ੍ਰਤੀਸ਼ਤ ਹਿੱਸਾ ਸਮਾਜ ਲਈ ਖਰਚ ਕਰ ਰਹੇ ਹਨ ਤੇ ਉਹ ਅਮੀਰ ਹੋਣ ਦੇ ਬਾਵਜੂਦ ਬਿਲਕੁੱਲ ਦਿਖਾਵੇ ਲਈ ਫਜ਼ੂਲ ਖਰਚੀ ਨਹੀਂ ਕਰਦੇ। ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਰਣਜੀਤ ਸਿੰਘ ਧਾਲੀਵਲ, ਕੈਸ਼ੀਅਰ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਮਹਿੰਦਰ ਪਾਲ ਲੂੰਬਾ, ਗੁਰਸੇਵਕ ਸਿੰਘ ਸੰਨਿਆਸੀ, ਦਰਸ਼ਨ ਸਿੰਘ ਲੋਪੋ, ਭਵਨਦੀਪ ਸਿੰਘ ਪੁਰਬਾ, ਸੁਖਦੇਵ ਸਿੰਘ ਬਰਾੜ, ਜਸਵੰਤ ਸਿੰਘ ਪੁਰਾਣੇਵਾਲਾ, ਲਖਵਿੰਦਰ ਸਿੰਘ, ਨਰਜੀਤ ਕੌਰ, ਸੁਖਦੀਪ ਕੌਰ ਅਤੇ ਦਫਤਰ ਇੰਚਾਰਜ ਜਸਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਔਰਤਾਂ ਹਾਜਰ ਸਨ ।