17.4 C
United Kingdom
Friday, May 9, 2025
More

    ਕੁੜੀਆਂ ਦੀ ਹਾਕੀ ਦਾ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵਿਸ਼ੇਸ਼ ਯੋਜਨਾ ਉਲੀਕੇ

    ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕ ਖੇਡਾਂ 2021  ਦੇ ਸੈਮੀਫਾਈਨਲ ਮੁਕਾਬਲੇ ਵਿੱਚ ਪਹੁੰਚਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ , ਅਜਿਹੇ ਇਤਿਹਾਸ ਰੋਜ਼ ਰੋਜ਼ ਨਹੀਂ ਸਿਰਜੇ ਜਾਂਦੇ, ਇਹ ਪਹਿਲਾ ਮੌਕਾ ਹੈ ਕਿ ਜਦੋਂ ਮਹਿਲਾ ਹਾਕੀ ਨੇ ਆਲਮੀ ਪੱਧਰ ਤੇ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। ਟੋਕੀਓ ਓਲੰਪਿਕ 2021  ਖੇਡਣ ਗਈ ਭਾਰਤੀ ਮਹਿਲਾ ਹਾਕੀ ਟੀਮ ਵਿੱਚ 8 ਖਿਡਾਰਨਾਂ ਹਰਿਆਣਾ ਨਾਲ ਸਬੰਧਤ ਹਨ ਜਦਕਿ ਇੱਕ ਖਿਡਾਰਨ ਗੁਰਜੀਤ ਕੌਰ ਪੰਜਾਬ ਨਾਲ ਸਬੰਧਤ ਹੈ ,ਅੱਜ ਭਾਰਤੀ ਹਾਕੀ ਟੀਮ ਵਿੱਚ  ਹਰਿਆਣਾ ਝਾਰਖੰਡ ਮੱਧ ਪ੍ਰਦੇਸ਼ ਆਦਿ ਰਾਜਾਂ ਦੀ ਚੜ੍ਹਤ ਹੈ ਜਦਕਿ ਪੰਜਾਬ ਮਹਿਲਾ ਹਾਕੀ ਵਿੱਚ ਬੁਰੀ ਤਰ੍ਹਾਂ ਪਛੜ ਗਿਆ ਹੈ ਪਰ ਇੱਕ ਵਕਤ ਸੀ  ਜਦੋਂ ਪੰਜਾਬ ਦੀਆਂ ਕੁੜੀਆਂ ਦੀ ਭਾਰਤੀ ਹਾਕੀ ਵਿੱਚ ਸਰਦਾਰੀ ਹੁੰਦੀ ਸੀ । ਟੋਕੀਓ ਓਲੰਪਿਕ 2021  ਤੋਂ ਪਹਿਲਾਂ  1974 ਵਿਸ਼ਵ ਕੱਪ ਚ ਅਤੇ  1980 ਮਾਸਕੋ ਓਲੰਪਿਕ ਵਿੱਚ ਭਾਰਤ ਨੇ ਭਾਰਤੀ ਮਹਿਲਾ ਹਾਕੀ ਟੀਮ ਨੇ ਚੌਥਾ ਸਥਾਨ ਹਾਸਿਲ ਕੀਤਾ । 80ਵੇੰ ਦਹਾਕੇ  1980 ਮਾਸਕੋ ਓਲੰਪਿਕ ਖੇਡਣ ਵਾਲੀਆਂ ਖਿਡਾਰਨਾਂ ਹਰਪ੍ਰੀਤ ਕੌਰ ਗਿੱਲ, ਨਿਸ਼ਾ ,ਰੂਪਾ ਸੈਣੀ ਸ਼ਰਨਜੀਤ ਕੌਰ ਤੋਂ ਇਲਾਵਾ ਅਜਿੰਦਰ ਕੌਰ ,ਸਤਿੰਦਰ ਵਾਲੀਆਂ,ਨਿਰਮਲਾ ਕੁਮਾਰੀ ,ਪ੍ਰੇਮਾ ਸੈਣੀ,  ਪੁਸ਼ਪਿੰਦਰ ਕੌਰ,  ਉਸ ਤੋਂ ਬਾਅਦ ਗੋਲਡਨ ਗਰਲ ਰਾਜਬੀਰ ਕੌਰ ,ਸਰੋਜ ਬਾਲਾ , ਮਨਜਿੰਦਰ ਕੌਰ, ਅਮਨਦੀਪ ਕੌਰ , ਰੇਨੂੰ ਬਾਲਾ, ਅਮਨਦੀਪ ਕੌਰ ਤਖਾਣਬੱਧ, ਆਦਿ ਕਈ ਹੋਰ ਅਜਿਹੀਆਂ ਪੰਜਾਬ ਦੀਆਂ ਖਿਡਾਰਨਾਂ ਹਨ, ਜਿਨ੍ਹਾਂ ਦਾ ਹਾਕੀ ਹੁਨਰ ਦੁਨੀਆਂ ਦੀ ਹਾਕੀ ਵਿੱਚ ਸਿਰ ਚੜ੍ਹਕੇ ਬੋਲਿਆ ਅਤੇ ਭਾਰਤੀ ਮਹਿਲਾ ਹਾਕੀ ਟੀਮ ਨੇ ਵੱਡੀਆਂ ਪ੍ਰਾਪਤੀਆਂ ਵੀ ਹਾਸਲ ਕੀਤੀਆਂ  ਹਨ। ਨਹਿਰੂ ਗਾਰਡਨ ਜਲੰਧਰ ਅਤੇ ਕੈਰੋ ਹਾਕੀ ਸੈੰਟਰਾਂ ਦਾ ਪੰਜਾਬ ਦੀ ਕੁੜੀਆਂ ਦੀ  ਹਾਕੀ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਹੈ।ਪਰ ਸਮੇਂ ਸਮੇਂ ਦੀਆਂ ਰਾਜ ਸਰਕਾਰਾਂ ਨੇ ਕਦੇ ਵੀ ਪੰਜਾਬ ਦੀ ਹਾਕੀ ਅਤੇ ਹੋਰ ਕੁੜੀਆਂ ਦੀਆਂ ਖੇਡਾਂ ਵੱਲ ਧਿਆਨ ਹੀ ਨਹੀਂ ਦਿੱਤਾ, ਇਸ ਇਸੇ ਕਰਕੇ  ਪੰਜਾਬ ਦੀਆਂ ਖਿਡਾਰਨਾਂ ਨੂੰ  ਨੌਕਰੀਆਂ ਹਾਸਿਲ ਕਰਨ ਲਈ ਮਜਬੂਰਨ ਬਾਹਰਲੇ ਰਾਜਾਂ ਜਾਂ ਹੋਰ ਵਿਭਾਗਾਂ ਵਿੱਚ ਜਾਣਾ ਪੈਂਦਾ ਹੈ।         

    ਅੱਜ ਦੀ ਘੜੀ ਹਰਿਆਣਾ ਖੇਡਾਂ ਦੇ ਖੇਤਰ ਵਿੱਚ ਪੰਜਾਬ ਨਾਲੋਂ  ਕੋਹਾਂ ਅੱਗੇ ਨਿਕਲ ਗਿਆ ਹੈ ਉਸ ਦਾ ਇੱਕੋ ਵੱਡਾ ਕਾਰਨ ਹੈ ਕਿ ਸ਼ਾਹਬਾਦ ਮਾਰਕੰਡਾ ਅਤੇ ਸੋਨੀਪਤ ਹਾਕੀ ਸੈੰਟਰ ਕੁੜੀਆਂ ਦੀ ਹਾਕੀ ਦੀ ਤਰੱਕੀ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ ਇਸ ਤੋਂ ਇਲਾਵਾ    ਉੱਥੋਂ ਦੀ ਬਣੀ ਖੇਡ ਨੀਤੀ ਖਿਡਾਰੀਆਂ ਦੇ ਕਾਫੀ ਹਿੱਤ ਵਿੱਚ  ਹੈ। ਪਰ ਦੂਜੇ ਪਾਸੇ ਪੰਜਾਬ ਵਿੱਚ ਜਿਹੜੇ ਕੁੜੀਆਂ ਦੇ ਹਾਕੀ ਸੈੰਟਰ ਥੋੜੇ ਬਹੁਤੇ ਚਲਦੇ ਸਨ ਉਹ ਵੀ ਸਰਕਾਰਾਂ ਦੀਆਂ ਮਿਹਰਬਾਨੀਆਂ ਕਾਰਨ ਬੰਦ ਪਏ  ਹਨ। ਪੰਜਾਬ ਖੇਡ ਨੀਤੀ ਵਿੱਚ ਕੁੜੀਆਂ ਨਾਲ ਹਰ ਤਰ੍ਹਾਂ ਦਾ ਪੱਖਪਾਤ ਹੁੰਦਾ ਹੈ । ਜੇਕਰ ਪੰਜਾਬ ਦੇ ਵਿੱਚ ਕੁੜੀਆਂ ਦੀ ਹਾਕੀ ਨੂੰ ਬਚਾਉਣਾ ਤਾਂ ਸਕੂਲਾਂ ਅਤੇ ਕਾਲਜਾਂ ਵਿਚ ਸਹੂਲਤਾਂ ਸਮੇਤ ਹਾਕੀ ਸੈਂਟਰ ਖੋਲ੍ਹਣੇ ਪੈਣਗੇ ,ਕੁੜੀਆਂ ਦੇ ਹਾਕੀ ਵਾਸਤੇ ਸਰਕਾਰ ਨੂੰ ਵਿਸ਼ੇਸ਼ ਪ੍ਰੋਗਰਾਮ ਓਲੀਕਣਾ ਪਵੇਗਾ। ਕੁੜੀਆਂ ਲਈ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨੇ ਪੈਣਗੇ, ਵੱਖ ਵੱਖ ਵਿਭਾਗੀ ਟੀਮਾਂ ਤਿਆਰ ਕੀਤੀਆਂ ਜਾਣ, ਸਕੂਲੀ ਪੱਧਰ ਤੋਂ ਲੈ ਕੇ  ਕੌਮੀ ਪੱਧਰ ਦੀਆਂ ਜੇਤੂ ਖਿਡਾਰਨਾਂ ਨੂੰ ਇਨਾਮੀ ਰਾਸ਼ੀ ਅਤੇ ਜੇਤੂ ਅੈਵਾਰਡ ਦਿੱਤੇ ਜਾਣ।  ਕੁੜੀਆਂ ਲਈ ਪੇਂਡੂ ਖੇਤਰਾ ਵਿੱਚ ਅੈਸਟਰੋਟਰਫ ਮੈਦਾਨਾਂ ਦਾ ਨਿਰਮਾਣ ਕੀਤਾ ਜਾਵੇ ਅਤੇ ਵੱਡੇ ਪੱਧਰ ਤੇ ਕੋਚਾ ਦੀ ਭਰਤੀ ਕੀਤੀ ਜਾਵੇ। ਜਿਹੜੀਆਂ ਹਾਕੀ ਅਕੈਡਮੀਆਂ ਹਾਕੀ ਦੀ ਤਰੱਕੀ ਵਿੱਚ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ ਜਿਵੇਂ ਸੁਰਜੀਤ ਅਕੈਡਮੀ ਜਲੰਧਰ , ਜਰਖੜ ਅਕੈਡਮੀ , ਅਮਰਗੜ੍ਹ ਹਾਕੀ ਸੈੰਟਰ, ਕੈਰੋ, ਰਾਮਪੁਰ ਹਾਕੀ ਸੈੰਟਰ ਆਦਿ ਹੋਰ ਨਾਮੀ ਹਾਕੀ ਸੈੰਟਰਾ ਨੂੰ ਪੱਕੀ ਗਰਾਂਟ ਅਤੇ ਕੁੜੀਆਂ ਦੇ ਹਾਕੀ ਵਿੰਗ ਵੀ ਅਲਾਟ ਕੀਤੇ ਜਾਣ। ਇੰਨਾ ਕੁੱਝ  ਜੇਕਰ ਪੰਜਾਬ ਦੀ ਹਾਕੀ ਨੂੰ ਮਿਲ ਜਾਵੇ ਤਾਂ ਯਕੀਨੀ ਪੰਜਾਬ ਦੀਆਂ ਕੁੜੀਆਂ 2024 ਪੈਰਿਸ ਓਲੰਪਿਕ ਅਤੇ 2028 ਲਾਸ ਏਜ਼ਲਸ ਓਲੰਪਿਕ ਖੇਡਾਂ ਵਿੱਚ ਆਪਣੇ ਹਾਕੀ ਹੁਨਰ ਦਾ ਰੰਗ ਬਿਖੇਰਕੇ ਪੰਜਾਬ ਦਾ ਨਾਮ ਦੁਨੀਆਂ ਵਿੱਚ ਰੋਸ਼ਨ ਕਰਨਗੀਆਂ । ਅੱਜ ਕੁੜੀਆਂ ਦੀ ਹਾਕੀ ਦਾ ਜਨੂੰਨ ਸਿਰ ਚੜ੍ਹ ਕੇ ਬੋਲ ਰਿਹਾ ਹੈ , ਪੰਜਾਬ ਸਰਕਾਰ ਅੱਜ ਹੀ ਇਹ ਮੌਕਾ ਸੰਭਾਲੇ ਜੇਕਰ ਕੱਲ ਹੋ ਗਈ ਫੇਰ ਪੰਜਾਬ ਦੀ ਕੁੜੀਆਂ ਦੀ ਹਾਕੀ  ਅੱਗੇ ਨਹੀਂ  ਵਧੇਗੀ। ਰੱਬ ਰਾਖਾ!

    ਜਗਰੂਪ ਸਿੰਘ ਜਰਖੜ ਖੇਡ ਲੇਖਕ  

    ਫੋਨ ਨੰਬਰ -9814300722

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!
    17:02