ਟੋਕੀਓ ਓਲੰਪਿਕ ਖੇਡਾਂ 2020 ਆਪਣੀਆਂ ਖੱਟੀਆਂ ਮਿੱਠੀਆਂ ਯਾਦਾਂ ਛੱਡਦੀਆਂ ਹੋਈਆਂ ਸਮਾਪਤ ਹੋਈਆਂ ਅਮਰੀਕਾ ਨੇ ਟੋਕੀਓ ਓਲੰਪਿਕ ਵਿੱਚ ਮੁੜ ਆਪਣੀ ਸਰਦਾਰੀ ਨੂੰ ਦਰਸਾਇਆ । ਅਮਰੀਕਾ ਨੇ 39 ਸੋਨੇ ਦੇ 41 ਚਾਂਦੀ ਦੇ, 33 ਕਾਸ਼ੀ ਦੇ ਕੁੱਲ 113 ਤਮਗੇ ਜਿੱਤਕੇ ਓਵਰਆਲ ਚੈਂਪੀਅਨ ਬਣਿਆ । ਚੀਨ 38 ਸੋਨੇ ਦੇ, 32 ਚਾਂਦੀ ਦੇ ,18 ਕਾਂਸੀ ਦੇ ਕੁੱਲ 88 ਤਮਗਿਆ ਨਾਲ ਦੂਜੇ ਨੰਬਰ ਤੇ, ਮੇਜਬਾਨ ਜਪਾਨ 27 ਸੋਨੇ ਦੇ,14 ਚਾਂਦੀ ਦੇ, 17 ਕਾਂਸੀ ਦੇ ਕੁੱਲ 58 ਤਮਗਿਆਂ ਨਾਲ ਤੀਸਰੇ ਸਥਾਨ ਤੇ ਆਇਆਂ । ਭਾਰਤ 1 ਸੋਨੇ ਦਾ, 2 ਚਾਂਦੀ ਦੇ, 4 ਕਾਂਸੀ ਦੇ ਕੁੱਲ 7 ਤਮਗਿਆਂ ਨਾਲ 48ਵੇੰ ਸਥਾਨ ਤੇ ਰਿਹਾ ।ਕੁੱਲ ਮਿਲਾਕੇ ਕੁੱਲ ਮਿਲਾ ਕੇ ਜੇਕਰ ਭਾਰਤ ਦੀ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਕੁਲ ਕਾਰਗੁਜ਼ਾਰੀ ਵੇਖੀ ਜਾਵੇ ਇਹ ਕਾਰਗੁਜ਼ਾਰੀ ਹੁਣ ਤਕ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਹੈ । ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਨੇ ਕੁੱਲ 35 ਤਮਗੇ ਜਿੱਤੇ ਹਨ। ਜਿਨ੍ਹਾਂ ਵਿੱਚ ਸਭ ਤੋਂ ਵੱਧ 7 ਟੋਕੀਓ ਓਲੰਪਿਕ 2020 ਵਿੱਚ ਹੀ ਜਿੱਤੇ ਹਨ । ਹਾਕੀ ਵਿੱਚ ਭਾਰਤ ਨੂੰ 41 ਸਾਲ ਬਾਅਦ ਤਮਗਾ ਮਿਲਿਆ ਹੈ ਇਸ ਵਾਰ ਭਾਰਤ ਨੇ ਜਰਮਨੀ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ ਜਦਕਿ ਅਥਲੈਟਿਕਸ ਵਿੱਚ ਭਾਰਤ ਨੇ ਪਹਿਲੀ ਵਾਰ ਸੋਨ ਤਮਗਾ ਜਿੱਤਣ ਦਾ ਇਤਿਹਾਸ ਸਿਰਜਿਆ ਹੈ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋ ਦੇ ਵਿੱਚ ਜੇਤੂ ਬਾਜ਼ੀ ਮਾਰੀ ਹੈ ਇਸ ਤੋਂ ਇਲਾਵਾ ਵੇਟਲਿਫਟਿੰਗ ਅਤੇ ਕੁਸ਼ਤੀ ਵਿੱਚ ਮੀਰਾਬਾਈ ਚਾਨੂ ਅਤੇ ਰਵੀ ਕੁਮਾਰ ਦਾਹੀਆਂ ਨੇ ਕ੍ਰਮਵਾਰ ਚਾਂਦੀ ਦੇ ਤਮਗੇ ਜਿੱਤੇ । ਕੁਸ਼ਤੀ ਵਿੱਚ ਭਾਰਤ ਦੇ ਪਹਿਲਵਾਨ ਬਜਰੰਗ ਪੂਨੀਆ ਨੂੰ ਕਾਂਸੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ ਜਦਕਿ ਸੋਨ ਤਮਗੇ ਦੀ ਦਾਅਵੇਦਾਰ ਪੀ ਵੀ ਸਿੰਧੂ ਨੇ ਬੈਡਮਿੰਟਨ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਇਸ ਤੋਂ ਇਲਾਵਾ ਮੁੱਕੇਬਾਜ਼ੀ ਵਿੱਚ ਲਵਲੀਨਾ ਬੋਰਗੋਹੇਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ । ਹਾਕੀ ਵਿੱਚ ਲੜਕੀਆਂ ਭਾਵੇਂ ਕੋਈ ਤਮਗਾ ਤਾਂ ਨਹੀਂ ਜਿੱਤ ਸਕਿਆ ਪਰ ਲੋਕਾਂ ਦੇ ਦਿਲ ਜ਼ਰੂਰ ਜਿੱਤ ਗਈਅਾਂ ਹਨ ਭਾਰਤ ਪਹਿਲੀ ਵਾਰ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਲੜਕੀਆਂ ਦੀ ਹਾਕੀ ਵਿੱਚ ਸੈਮੀ ਫਾਈਨਲ ਵਿੱਚ ਪੁੱਜਿਆ ਅਤੇ ਭਾਰਤੀ ਟੀਮ ਤੋਂ ਕਰੜੇ ਸੰਘਰਸ਼ ਬਾਅਦ ਚੌਥਾ ਸਥਾਨ ਨਸੀਬ ਹੋਇਆ ।
ਜੇਕਰ ਕੁੱਲ ਮਿਲਾ ਕੇ ਟੋਕੀਓ ਓਲੰਪਿਕ ਖੇਡਾਂ 2020 ਦੀ ਚਰਚਾ ਕੀਤੀ ਜਾਵੇ ਤਾਂ ਫੁੱਟਬਾਲ ਮਰਦਾਂ ਦੇ ਵਰਗ ਵਿੱਚ ਬਰਾਜ਼ੀਲ ਨੇ ਪਹਿਲਾ ਸਥਾਨ , ਸਪੇਨ ਨੇ ਦੂਸਰਾ, ਮੈਕਸੀਕੋ ਨੇ ਤੀਸਰਾ ਸਥਾਨ, ਜਦਕਿ ਲੜਕੀਆਂ ਦੀ ਫੁੱਟਬਾਲ ਵਿੱਚ ਵੱਡਾ ਉਲਟਫੇਰ ਕਰਦਿਆਂ ਕੈਨੇਡਾ ਨੇ ਪਹਿਲਾ ਸਥਾਨ ,ਸਵੀਡਨ ਨੇ ਦੂਸਰਾ ,ਅਮਰੀਕਾ ਨੇ ਤੀਸਰਾ, ਬਾਸਕਟਬਾਲ ਮੁੰਡੇ ਅਤੇ ਕੁੜੀਆਂ ਦੇ ਦੋਹਾਂ ਵਰਗਾਂ ਵਿੱਚ ਅਮਰੀਕਾ ਨੇ ਬਾਜ਼ੀ ਮਾਰੀ, ਮੁੰਡਿਆਂ ਵਿੱਚ ਜਪਾਨ ਨੂੰ ਦੂਸਰਾ, ਫਰਾਂਸ ਨੂੰ ਤੀਸਰਾ ,ਜਦਕਿ ਕੁੜੀਆਂ ਵਿਚ ਫਰਾਂਸ ਨੂੰ ਦੂਸਰਾ ਅਤੇ ਆਸਟ੍ਰੇਲੀਆ ਨੂੰ ਤੀਸਰਾ ਸਥਾਨ ਹਾਸਲ ਹੋਇਆ। ਓਲੰਪਿਕ ਖੇਡਾਂ ਵਿਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਮੀਟਰ 100 ਦੌੜ ਵਿੱਚ ਇਟਲੀ ਦੇ ਮਾਰਸ਼ਲ ਜੁਕੋਬ ਨੇ ਸੋਨ ਤਮਗਾ ਹਾਸਲ ਕਰਕੇ ਤੇਜ਼ ਦੌੜਾਕ ਦਾ ਖ਼ਿਤਾਬ ਜਿੱਤਦਿਆਂ ਉਸੇਨ ਬੋਲਟ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ।
ਟੋਕੀਓ ਓਲੰਪਿਕ ਖੇਡਾਂ 2020 ਦਾ ਸਮਾਪਤੀ ਸਮਰੋਹ ਬੇਹੱਦ ਲਾਜਵਾਬ ਸੀ । ਭਾਵੇਂ ਕੋਰੋਨਾ ਮਹਾਂਮਾਰੀ ਕਾਰਨ ਵੱਖ ਵੱਖ ਸਟੇਡੀਅਮਾਂ ਵਿੱਚ ਦਰਸ਼ਕਾਂ ਦੀ ਹਾਜ਼ਰੀ ਨਾ ਮਾਤਰ ਰਹੀ ਪਰ ਬਹੁਤ ਵੱਡੀ ਗਿਣਤੀ ਵਿਚ ਪੂਰੀ ਦੁਨੀਆ ਵਿਚ ਟੀ ਵੀ ਚੈਨਲਾਂ ਉੱਤੇ ਕਰੋੜਾਂ ਲੋਕਾਂ ਵੱਲੋਂ ਟੋਕੀਓ ਓਲੰਪਿਕ ਖੇਡਾਂ ਨੂੰ ਵੇਖਿਆ ਗਿਆ। ਇਸ ਵਾਰ ਟੋਕੀਓ ਓਲੰਪਿਕ ਖੇਡਾਂ ਨੇ ਪੂਰੀ ਦੁਨੀਆਂ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਇਕ ਨਵੀਂ ਤਸਵੀਰ ਪੇਸ਼ ਕੀਤੀ । ਕੁੱਲ ਮਿਲਾ ਕੇ ਟੋਕੀਓ ਓਲੰਪਿਕ ਖੇਡਾਂ 2020 ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ ਹੋਈਆਂ ।ਅਗਲੀਆਂ ਓਲੰਪਿਕ ਖੇਡਾਂ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਸਾਲ 2024 ਚ ਹੋਣਗੀਆਂ ।
ਜਗਰੂਪ ਸਿੰਘ ਜਰਖੜ (ਖੇਡ ਲੇਖਕ)
ਫੋਨ ਨੰਬਰ 9814300722
