ਪੰਜਾਬ ਵਿਚ ਪ੍ਰਦੂਸ਼ਣ ਕੋਟਰੋਲ ਮਹਿਕਮਾ ਸਿਰਫ਼ ਨਾਂ ਦਾ

ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਭਵਾਨੀਗਡ਼੍ਹ ਇਲਾਕੇ ਨਾਲ ਸਬੰਧਤ ਇੱਕ ਤਸਵੀਰ ਘੁੰਮਦੀ ਫਿਰਦੀ ਹੈ। ਤਸਵੀਰ ਵਿੱਚ ਸਾਫ਼ ਦਿਖ ਰਿਹਾ ਹੈ ਕਿ ਚੱਲ ਰਹੀ ਮੋਟਲ ਥੱਲਿਓਂ ਪਾਣੀ ਲਾਲ ਜਿਹੇ ਰੰਗ ਦਾ ਕੱਢਦੀ ਹੈ ਜੋ ਬਿਲਕੁੱਲ ਹੀ ਦੂਸਿਤ ਹੈ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਪਾਣੀ ਨਾਲ ਸਬੰਧਤ ਗੱਲਾਂ ਬਾਤਾਂ ਫਿਕਰਮੰਦੀ ਵਾਲੀਆਂ ਲਿਖ ਕੇ ਪ੍ਰਚਾਰੀ ਜਾ ਰਹੀ ਹੈ। ਚਲੋ ਸ਼ੁਕਰ ਹੈ ਪੰਜਾਬ ਦੇ ਕੁਝ ਲੋਕ ਤਾਂ ਪੰਜਾਬ ਪ੍ਰਤੀ ਜਾਗੇ। ਪੰਜਾਬ ਵਿਚ ਜੋ ਪਾਣੀ ਦੇ ਦੂਸਿਤ ਹੋਣ ਦਾ ਮਾਮਲਾ ਹੈ ਇਹ ਨਵਾਂ ਨਹੀਂ। ਆਜ਼ਾਦੀ ਤੋਂ ਬਾਅਦ ਦੇਸ਼ ਤਰੱਕੀ ਦੀਆਂ ਮੰਜ਼ਲਾਂ ਨੂੰ ਸਰ ਕਰਦਾ ਹੋਇਆ ਅਨੇਕਾਂ ਉਦਯੋਗਿਕ ਇਕਾਈਆਂ ਆਦਿ ਨਵੀਂਆਂ ਨਵੀਂਆਂ ਤਕਨੀਕਾਂ ਤੇ ਕਾਢਾਂ ਹੁਣ ਤਕ ਕੱਢਦਾ ਆ ਰਿਹਾ ਹੈ। ਪੰਜਾਬ ਦਾ ਮਹਾਨਗਰ ਲੁਧਿਆਣਾ ਪੁਰਾਤਨ ਸਮੇਂ ਤੋਂ ਹੀ ਉਦਯੋਗਿਕ ਇਕਾਈਆਂ ਕਾਰਨ ਸਭ ਤੋਂ ਮੋਹਰੀ ਹੈ। ਪਹਿਲੋਂ ਪਹਿਲ ਤਾਂ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਛੋਟੀ ਮੋਟੀ ਇੰਡਸਟਰੀ ਨਾਲ ਕੰਮਕਾਰ ਸ਼ੁਰੂ ਹੋਏ । ਫਿਰ ਦੇਖੋ ਦੇਖ ਪੰਜਾਬ ਦੇ ਅਨੇਕਾਂ ਵੱਡੇ ਵੱਡੇ ਸ਼ਹਿਰਾਂ ਤੋਂ ਇਲਾਵਾ ਛੋਟੇ ਸ਼ਹਿਰਾਂ ਕਸਬਿਆਂ ਤਕ ਬਿਨਾਂ ਕਿਸੇ ਸਰਕਾਰੀ ਸਹੀ ਨੀਤੀ ਦੇ ਵੱਡੀਆਂ ਛੋਟੀਆਂ ਉਦਯੋਗਿਕ ਇਕਾਈਆਂ ਨੇ ਆਪਣੇ ਪੈਰ ਸਾਰੇ ਪੰਜਾਬ ਵਿੱਚ ਹੀ ਪਸਾਰ ਲਏ ਜੋ ਹੁਣ ਤਕ ਨਿਰੰਤਰ ਜਾਰੀ ਹਨ । ਇਹ ਭਵਾਨੀਗਡ਼੍ਹ ਵਾਲੀ ਗੱਲ ਤਾਂ ਹੁਣ ਬਾਹਰ ਆਈ ਹੈ ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਲੁਧਿਆਣਾ ਦੇ ਆਸ ਪਾਸ ਪਹਿਲੋ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਕਿਸੇ ਨੇ ਕੋਈ ਧਿਆਨ ਹੀ ਨਹੀਂ ਦਿੱਤਾ।
ਅੱਜ ਸਾਰੇ ਪੰਜਾਬ ਵਿਚ ਜਿੱਧਰ ਵੀ ਦੇਖੋ ਵੱਡੀ ਛੋਟੀ ਇੰਡਸਟਰੀ ਕਿਸੇ ਨਾ ਕਿਸੇ ਰੂਪ ਵਿੱਚ ਲੱਗੀ ਹੋਈ ਹੈ। ਪਾਣੀ ਨੂੰ ਦੂਸ਼ਿਤ ਕਰਨ ਲਈ ਸਭ ਤੋਂ ਅਹਿਮ ਯੋਗਦਾਨ ਰੰਗਾਈ ਵਾਲੀਆਂ ਫੈਕਟਰੀਆਂ ਜਿਸ ਨੂੰ ਡਾਇੰਗ ਇੰਡਸਟਰੀ ਕਿਹਾ ਜਾਂਦਾ ਹੈ, ਉਹ ਦੂਸ਼ਿਤ ਕਰ ਰਹੀਆਂ ਹਨ। ਸਭ ਤੋਂ ਪਹਿਲਾਂ ਲੁਧਿਆਣਾ ਵਿੱਚ ਹੀ ਇਨ੍ਹਾਂ ਫੈਕਟਰੀਆਂ ਦਾ ਗੜ੍ਹ ਸੀ ਤੇ ਹੁਣ ਵੀ ਹੈ। ਅੱਜ ਤੋਂ ਕੋਈ ਤੀਹ ਚਾਲੀ ਸਾਲ ਪਹਿਲਾਂ ਜਦੋਂ ਲੁਧਿਆਣਾ ਦੇ ਪੀਣ ਵਾਲੇ ਪਾਣੀ ਵਿੱਚ ਖਰਾਬੀ ਆ ਰਹੀ ਸੀ ਉਸ ਵੇਲੇ ਖੇਤੀ ਯੂਨੀਵਰਸਿਟੀ ਲੁਧਿਆਣਾ ਤੇ ਹੋਰ ਸਰਕਾਰੀ ਤੰਤਰ ਨੇ ਜਦੋਂ ਲੁਧਿਆਣੇ ਦਾ ਪਾਣੀ ਫ਼ਿਕਰਮੰਦੀ ਨਾਲ ਚੈੱਕ ਕੀਤਾ ਤਾਂ ਉਸ ਵੇਲੇ ਵੀ ਇਹ ਸਭ ਕੁਝ ਪਾਣੀ ਵਿੱਚ ਮਿਲਿਆ ਹੋਇਆ ਆਇਆ। ਉਦਯੋਗਕ ਘਰਾਣਿਆਂ ਨੇ ਆਪਣੇ ਲਾਲਚ ਨੂੰ ਮੁੱਖ ਰੱਖਦਿਆਂ ਸਰਕਾਰੀ ਤੰਤਰ ਨਾਲ ਮਿਲ ਮਿਲਾ ਕੇ ਇਹੋ ਜਿਹੀਆਂ ਫੈਕਟਰੀਆਂ ਪੰਜਾਬ ਦੇ ਪੇਂਡੂ ਇਲਾਕੇ ਵਿੱਚ ਸਥਾਪਤ ਕਰ ਦਿੱਤੀਆਂ ਜੋ ਹੁਣ ਵੀ ਜਾਰੀ ਹਨ। ਇਨ੍ਹਾਂ ਉਦਯੋਗਿਕ ਇਕਾਈਆਂ ਦਾ ਪਾਣੀ ਜਦੋਂ ਬਾਹਰ ਕਿਤੇ ਪਾਇਆ ਜਾਂਦਾ ਸੀ ਤਾਂ ਤੇਜ਼ਾਬੀ ਪਾਣੀ ਸਭ ਕੁਝ ਤਹਿਸ ਨਹਿਸ ਕਰ ਦਿੰਦਾ ਸੀ ਤੇ ਲੋਕ ਵਿਰੋਧ ਕਰਨ ਲੱਗੇ। ਲੋਕਾਂ ਤੇ ਸਰਕਾਰਾਂ ਦੇ ਅੱਖੀਂ ਘੱਟਾ ਪਾਉਂਦਿਆਂ ਫੈਕਟਰੀ ਮਾਲਕਾਂ ਨੇ ਬਹੁਤ ਡੂੰਘੇ ਡੂੰਘੇ ਬੋਰ ਕਰਕੇ ਸਿੱਧਾ ਹੀ ਧਰਤੀ ਵਿਚ ਇਹ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਜੋ ਹੁਣ ਵੀ ਜਾਰੀ ਹੈ। ਪ੍ਰਮੁੱਖ ਤੌਰ ਉੱਤੇ ਇਹੀ ਕਾਰਨ ਹੈ ਕਿ ਧਰਤੀ ਹੇਠਲਾ ਪਾਣੀ ਅਨੇਕਾਂ ਥਾਂਵਾਂ ਉੱਤੋਂ ਬਹੁਤ ਹੀ ਬੁਰੀ ਤਰ੍ਹਾਂ ਦੂਸ਼ਿਤ ਹੋ ਕੇ ਜ਼ਹਿਰੀਲਾ ਹੋ ਗਿਆ। ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਤੋਂ ਇਲਾਵਾ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਜ਼ਹਿਰੀਲੇ ਖਾਦ ਰੇਹਾਂ ਸਪਰੇਆਂ ਆਦਿ ਨੇ ਵੀ ਧਰਤੀ ਦੇ ਹੇਠਾਂ ਜਾ ਕੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ। ਇਸ ਕੰਮ ਲਈ ਦੋਸ਼ੀ ਕੋਈ ਇੱਕ ਨਹੀਂ ਅਸੀਂ ਸਾਰੇ ਹੀ ਹਾਂ ਤੇ ਹੁਣ ਸਾਰੇ ਹੀ ਭੁਗਤਣ ਲਈ ਵੀ ਤਿਆਰ ਹਾਂ। ਇਨ੍ਹਾਂ ਕਾਰਨਾਂ ਕਰਕੇ ਹੀ ਮਨੁੱਖੀ ਸਰੀਰਾਂ ਦਾ ਨਵੀਂਆਂ ਤੋਂ ਨਵੀਆਂ ਗਲਤ ਤੋਂ ਗਲਤ ਬਿਮਾਰੀਆਂ ਨਾਲ ਵਾਹ ਵਾਸਤਾ ਪੈਂਦਾ ਹੈ ਜਿਨ੍ਹਾਂ ਦੇ ਇਲਾਜ ਲਈ ਡਾਕਟਰਾਂ ਦੇ ਘਰ ਭਰੇ ਜਾ ਰਹੇ ਹਨ। ਮਾਛੀਵਾੜਾ ਦੇ ਪੇਂਡੂ ਇਲਾਕੇ ਵਿਚ ਇੰਡਸਟਰੀ ਹੱਬ ਵਜੋਂ ਜਾਣੇ ਜਾਂਦੇ ਇਲਾਕੇ ਦੇ ਹੋਰਾਂ ਪਿੰਡਾਂ ਤੋਂ ਇਲਾਵਾ ਤੱਖਰਾਂ ਪਿੰਡ ਵਿਚ ਵੀ ਇਸ ਪਾਣੀ ਦੀ ਮਾਰ ਦੇਖੀ ਜਾ ਸਕਦੀ ਹੈ। ਜਲੰਧਰ ਦੇ ਕਾਲਾ ਸੰਘਿਆਂ ਵਾਲੀ ਡਰੇਨ ਲੁਧਿਆਣਾ ਦੇ ਬੁੱਢਾ ਨਾਲਾ ਤੋਂ ਇਲਾਵਾ ਅਨੇਕਾਂ ਹੋਰ ਥਾਵਾਂ ਉਤੇ ਪ੍ਰਦੂਸ਼ਤ ਪਾਣੀ ਨੇ ਸਭ ਕੁਝ ਹੀ ਖ਼ਰਾਬ ਕਰ ਦਿੱਤਾ ਹੈ। ਸਰਕਾਰੀ ਬਾਬੂ ਜੋ ਪੰਜਾਬ ਪ੍ਰਦੂਸ਼ਣ ਕੰਟਰੋਲ ਮਹਿਕਮਾ ਜਾਂ ਉਦਯੋਗਿਕ ਮਹਿਕਮਿਆਂ ਵਿੱਚ ਸਰਕਾਰੀ ਡਿਊਟੀਆਂ ਨਿਭਾਅ ਰਹੇ ਹਨ ਇਹ ਸਭ ਕੁਝ ਉਨ੍ਹਾਂ ਦੀ ਮਿਹਰਬਾਨੀ ਸਦਕਾ ਹੀ ਹੋਇਆ ਤੇ ਹੋ ਰਿਹਾ ਹੈ। ਪੇਂਡੂ ਇਲਾਕਿਆਂ ਦੇ ਲੋਕ ਜਦੋਂ ਇਨ੍ਹਾਂ ਫੈਕਟਰੀਆਂ ਦਾ ਵਿਰੋਧ ਆਦਿ ਕਰਕੇ ਧਰਨੇ ਪ੍ਰਦਰਸ਼ਨ ਕਰਦੇ ਹਨ ਤਾਂ ਅਖ਼ਬਾਰੀ ਖ਼ਬਰਾਂ ਆਦਿ ਛਪਦੀਆ ਹਨ। ਜਿਸ ਇਲਾਕੇ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਣ ਤਾਂ ਪ੍ਰਦੂਸ਼ਣ ਜਾਂ ਹੋਰ ਉਦਯੋਗ ਮਹਿਕਮੇ ਨਾਲ ਸਬੰਧਤ ਸਰਕਾਰੀ ਬਾਬੂ ਝੱਟ ਹੀ ਉਸ ਫੈਕਟਰੀ ਵਿੱਚੋਂ ਜਾ ਕੇ ਕਾਰਵਾਈ ਦੇ ਨਾਂ ਉੱਤੇ ਮੋਟੀ ਫੀਸ ਲੈ ਲੈਂਦੇ ਹਨ। ਬਿਲਕੁਲ ਸੱਚਾਈ ਹੈ।
ਪੰਜ ਆਬਾਂ ਦੀ ਪਵਿੱਤਰ ਧਰਤੀ ਪੰਜਾਬ ਦਾ ਅੰਮ੍ਰਿਤ ਮੰਨਿਆ ਜਾਣ ਵਾਲਾ ਪਾਣੀ ਇਕਦਮ ਹੀ ਇਸ ਸਥਿਤੀ ਵਿੱਚ ਨਹੀਂ ਆਇਆ। ਅਸੀਂ ਸਭ ਨੇ ਆਪੋ ਆਪਣਾ ਬਣਦਾ ਯੋਗਦਾਨ ਪਾਇਆ ਹੈ ਸਰਕਾਰਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਉਦਯੋਗਿਕ ਘਰਾਣਿਆਂ ਦੇ ਮਾਲਕਾਂ ਨੇ ਲਾਲਚ ਵਿੱਚ ਤੇ ਸਰਕਾਰੀ ਧਿਰਾਂ ਨੇ ਆਪਣੇ ਲਾਲਚ ਵਿੱਚ ਪੰਜਾਬ ਦੇ ਪੌਣ ਪਾਣੀ ਨੂੰ ਬਹੁਤ ਬੁਰੀ ਤਰ੍ਹਾਂ ਜ਼ਹਿਰੀਲਾ ਕਰ ਦਿੱਤਾ ਹੈ। ਇਹ ਪਾਣੀ ਲੋਕਾਂ ਦੇ ਪੀਣ ਤਾਂ ਕਿ ਡੰਗਰਾਂ ਦੇ ਪੀਣ ਲਾਇਕ ਵੀ ਨਹੀਂ ਰਿਹਾ। ਕੀ ਕੀਤਾ ਜਾਵੇ ਗ਼ਰੀਬੀ ਮਜਬੂਰੀ ਵੱਸ ਲੋਕਾਂ ਨੂੰ ਇਹ ਪਾਣੀ ਪੀਣਾ ਹੀ ਪੈਂਦਾ ਹੈ। ਜਿਥੇ ਜ਼ਹਿਰੀਲੇ ਪਾਣੀ ਦੀ ਬਹੁਤੀ ਮਾਰ ਹੈ ਉਥੋਂ ਨਵ ਜਨਮੇ ਬੱਚੇ ਕੁੱਖਾਂ ਵਿੱਚੋਂ ਹੀ ਅਪੰਗ ਤੇ ਹੋਰ ਬੀਮਾਰੀਆਂ ਨਾਲ ਜੂਝਦੇ ਹੋਏ ਪੈਦਾ ਹੁੰਦੇ ਹਨ ਤੇ ਸਾਰੀ ਉਮਰ ਲਈ ਭਿਆਨਕ ਰੋਗਾਂ ਨਾਲ ਲੜਦੇ ਹੋਏ ਡਾਕਟਰਾਂ ਦੇ ਵੱਸ ਪੈ ਜਾਂਦੇ ਹਨ। ਜਿਸ ਤਰ੍ਹਾਂ ਪੰਜਾਬ ਦੀਆਂ ਹੋਰ ਅਨੇਕਾਂ ਸਮੱਸਿਆਵਾਂ ਬੁਰੀ ਤਰ੍ਹਾਂ ਉਲਝੀਆਂ ਪਈਆਂ ਹਨ ਉਥੇ ਸਾਡੇ ਲਈ ਬਹੁਤ ਹੀ ਜ਼ਰੂਰੀ ਪਾਣੀ ਦੀ ਸਮੱਸਿਆ ਵੀ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਜੇ ਅਸੀਂ ਤੇ ਸਰਕਾਰਾਂ ਨਾ ਜਾਗੇ ਤਾਂ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ ਸੰਭਲੋ ਭਾਈ ਸੰਭਲੋ …!
ਬਲਬੀਰ ਸਿੰਘ ਬੱਬੀ
7009107300