10.8 C
United Kingdom
Monday, May 20, 2024

More

    ਪੰਜਾਬ ਕਲਾ ਪਰਿਸ਼ਦ ਨੇ ਜਨਮ ਦਿਨ ਮੌਕੇ ਬਾਬੂ ਰਜਬ ਅਲੀ ਨੂੰ ਕੀਤਾ ਯਾਦ

    ਚੰਡੀਗੜ (ਪੰਜ ਦਰਿਆ ਬਿਊਰੋ) ਪੰਜਾਬੀ ਦੇ ਸਿਰਮੌਰ ਕਵੀਸ਼ਰ ਬਾਬੂ ਰਜਬ ਅਲੀ ਨੂੰ ਉਹਨਾਂ ਦੇ ਜਨਮ ਦਿਨ ਮੌਕੇ ਪੰਜਾਬ ਸਰਕਾਰ ਦੀ ਪੰਜਾਬ ਕਲਾ ਪਰਿਸ਼ਦ ਨੇ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਤੇ ਪੰਜਾਬ ਦੇ ਕਵੀਸ਼ਰੀ ਜਗਤ ਨੂੰ ਵਧਾਈ ਦਿੱਤੀ ਹੈ। ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਬਾਬੂ ਜੀ ਮਾਲਵੇ ਦੇ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਮੰਨੇ ਹੋਏ ਕਵੀਸ਼ਰ ਸਨ ਤੇ ਉਨਾ ਦੀ ਰਚੀ ਕਵੀਸ਼ਰੀ ਦੇ ਬੋਲ ਆਮ ਲੋਕਾਂ ਦੀ ਜੁਬਾਨ ਦਾ ਅੱਜ ਵੀ ਸ਼ੰਗਾਰ ਬਣੇ ਹੋਏ ਹਨ। ਡਾ ਪਾਤਰ ਨੇ ਕਿਹਾ ਕਿ ਬਾਬੂ ਜੀ ਨੇ ਪਾਕਿਸਤਾਨ ਜਾਕੇ ਵੀ ਆਪਣਾ ਏਧਰਲਾ ਪਿੰਡ ਨਾ ਭੁਲਾਇਆ ਤੇ ਉਹਨਾਂ ਨੂੰ ਵਤਨ ਦੀ ਯਾਦ ਕਵੀਸ਼ਰੀ ਰਚਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੀ। ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗ ਰਾਜ ਨੇ ਬਾਬੂ ਜੀ ਦੇ ਜੀਵਨ ਉਤੇ ਝਾਤ ਪਾਉਂਦਿਆਂ ਆਖਿਆ ਕਿ ਉਸ ਵੇਲੇ ਦੇ ਫਿਰੋਜ਼ਪੁਰ ਜਿਲੇ ਵਿਚ ਪੈਂਦੇ ਪਿੰਡ ਸਾਹੋ ਕੇ (ਹੁਣ ਜਿਲਾ ਮੋਗਾ) ਵਿਚ ਬਾਬੂ ਜੀ 10 ਅਗਸਤ ਸੰਨ 1894 ਵਿਚ ਪਿਤਾ ਧਮਾਲ ਖਾਂ ਦੇ ਘਰ ਮਾਂ ਜਿਊਣੀ ਦੀ ਕੁਖੋਂ ਪੈਦਾ ਹੋਏ ਤੇ ਬਾਬੂ ਜੀ ਨੇ ਮੁਢਲੀ ਪੜਾਈ ਨੇੜੇ ਪਿੰਡ ਬੰਬੀਹਾ ਤੋਂ ਕੀਤੀ ਤੇ ਫਿਰ ਬਰਜਿੰਦਰਾ ਹਾਈ ੲਕੂਲ ਫਰੀਦਕੋਟ ਤੋਂ 1912 ਵਿਚ ਦਸਵੀਂ ਪਾਸ ਕੀਤੀ ਤੇ ਸਿਵਲ ਇੰਜਨੀਅਰ ਬਣਕੇ ਨਹਿਰੀ ਵਿਭਾਗ ਵਿਚ ਓਵਰਸੀਅਰ ਲੱਗ ਗਏ। 1940 ਵਿਚ ਨੌਕਰੀ ਛੱਡ ਦਿਤੀ। ਉਹ ਅਥਲੀਟ ਵੀ ਸਨ ਤੇ ਕ੍ਰਿਕਟ ਦੇ ਖਿਲਾੜੀ ਵੀ ਸਨ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਬਾਬੂ ਜੀ ਦੇ ਘਰੋਗੀ ਜੀਵਨ ਬਾਰੇ ਦਸਿਆ ਕਿ ਉਹਨਾ ਦੇ ਚਾਰ ਵਿਆਹ ਹੋਏ ਸੀ ਤੇ ਚਾਰ ਪੁਤਰ ਤੇ ਦੋ ਧੀਆਂ ਸਨ। ਉਹਨਾ ਦੇ ਚਾਰ ਹੀ ਭੈਣਾਂ ਸਨ ਤੇ ਇਕ ਛੋਟਾ ਭਰਾ ਸੀ। ਉਹਨਾਂ ਦਾ ਚਾਚਾ ਹਾਜੀ ਰਤਨ ਵੀ ਕਵੀਸ਼ਰ ਸੀ। ਬਾਬੂ ਜੀ ਉਧਰਲੇ ਪੰਜਾਬ ਵਿਚ 84 ਸਾਲ ਦੀ ਉਮਰ ਭੋਗਸ਼ਕੇ ਪੂਰੇ ਹੋ ਗਏ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਬਾਬੂ ਰਜਬ ਅਲੀ ਦੇ ਅਣਗਿਣਤ ਚੇਲੇ ਉਹਨਾ ਦੀ ਕਵੀਸ਼ਰੀ ਗਾਕੇ ਉਨਾ ਦੀ ਯਾਦ ਨੂੰ ਅਜ ਵੀ ਤਾਜਾ ਰੱਖ ਰਹੇ ਹਨ। ਉਹਨਾ ਦੀ ਰਚੀ ਕਵੀਸ਼ਰੀ ਦੀਆਂ ਕਈ ਕਈ ਕਿਤਾਬਾਂ ਛਪੀਆਂ ਤੇ ਯੂਨੀਵਰਸਿਟੀਆਂ ਦੇ ਕਾਫੀ ਸਾਰੇ ਵਿਦਿਆਰਥੀਆਂ ਨੇ ਉਹਨਾ ਦੀ ਕਾਵ ਕਲਾ ਉਤੇ ਪੀ ਐਚ ਡੀਆਂ ਤੇ ਐਮ ਫਿਲਾਂ ਕੀਤੀਆਂ। ਉਹ ਨਾ ਚਾਹੁੰਦੇ ਹੋਏ ਵੀ ਦੇਸ਼ ਵੰਡ ਵੇਲੇ ਉਧਰ ਚਲੇ ਗਏ ਤੇ ਲਗਾਤਾਰ ਲਿਖਦੇ ਰਹੇ। ਉਨਾ ਦੇ ਪਿੰਡ ਵਿਖੇ ਨਗਰ ਨਿਵਾਸੀ ਅੱਜ ਵੀ ਉਹਨਾ ਦੀ ਯਾਦ ਵਿਚ ਸਲਾਨਾ ਮੇਲਾ ਲਾਉਂਦੇ ਹਨ। ਅੱਜ ਉਹਨਾ ਦੇ ਜਨਮ ਦਿਨ ਮੌਕੇ ਕਲਾ ਪਰਿਸ਼ਦ ਉਹਨਾ ਨੂੰ ਸਿਜਦਾ ਕਰ ਰਹੀ ਹੈ।

    Punj Darya

    Leave a Reply

    Latest Posts

    error: Content is protected !!