ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਲੰਡਨ ਦੇ ਟਾਵਰ ਬ੍ਰਿਜ ‘ਚ ਸੋਮਵਾਰ ਦੁਪਹਿਰ ਨੂੰ ਤਕਨੀਕੀ ਨੁਕਸ ਪੈਣ ਕਰਕੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਇਹ ਪੁਲ ਇੱਕ ਵਾਰ ਖੋਲ੍ਹਣ ਦੇ ਬਾਅਦ ਫਿਰ ਵਾਪਸ ਬੰਦ ਨਾ ਹੋਇਆ। ਤਕਨੀਕੀ ਨੁਕਸ ਪੈਣ ਕਰਕੇ ਇਹ ਖੁੱਲ੍ਹੀ ਸਥਿਤੀ ਵਿੱਚ ਅਟਕ ਗਿਆ, ਜਿਸ ਕਰਕੇ ਥੇਮਜ਼ ਨਦੀ ਦੇ ਦੋਵੇਂ ਪਾਸੇ ਆਵਾਜਾਈ ਪ੍ਰਭਾਵਿਤ ਹੋਈ। 127 ਸਾਲ ਪੁਰਾਣਾ ਇਹ ਪੁਲ ਬ੍ਰਿਟਿਸ਼ ਰਾਜਧਾਨੀ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਨੂੰ ਜੋੜਦਾ ਹੈ। ਵੱਡੇ ਸਮੁੰਦਰੀ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਦੇਣ ਲਈ ਇਹ ਪੁਲ ਸਾਲ ਵਿੱਚ ਲਗਭਗ 800 ਵਾਰ ਖੁੱਲ੍ਹਦਾ ਹੈ, ਜਿਸਦੇ ਖੁੱਲ੍ਹਣ ਲਈ ਪ੍ਰਬੰਧ ਘੱਟੋ ਘੱਟ 24 ਘੰਟੇ ਪਹਿਲਾਂ ਕੀਤਾ ਜਾਂਦਾ ਹੈ। ਟਾਵਰ ਬ੍ਰਿਜ ਦੀ ਮੁਰੰਮਤ 2006 ਵਿੱਚ ਕੀਤੀ ਗਈ ਸੀ। ਇਸਦੇ ਖਰਾਬ ਹੋਣ ਦੀ ਆਖਰੀ ਘਟਨਾ 22 ਅਗਸਤ, 2020 ਨੂੰ ਵਾਪਰੀ ਸੀ, ਜਦੋਂ ਇਹ ਇੱਕ ਘੰਟੇ ਤੋਂ ਵੱਧ ਸਮੇਂ ਲਈ ਫਸ ਗਿਆ ਸੀ।
