
ਸੁਖਚੈਨ ਚੋਟੀਆਂ ਠੋਬੇ ਵਾਲ਼ਾ
ਗੁੜ੍ਹਦੁੰਬਾ ਪਹਿਲਾਂ ਪਹਿਲਾਂ ਮੇਲਿਆਂ ਚ ਟਾਪੂ ਲਾਉਣ ਕਰਕੇ ਮਸ਼ਹੂਰ ਹੋਇਆ। ਭਾਰਾ ਜਿਆ ਕੋਟ ਉੱਤੋਂ ਦੀ ਦੋ ਤਿੰਨ ਕੰਬਲ ਲਏ ਹੋਣੇ ਤੇ ਹੱਥ ਮੋਟੀ ਡਾਂਗ ਹੋਣੀ। ਡਰੋਲੀ ਭਾਈ ਉਹ ਹਰ ਸਾਲ ਆਉੰਦਾ। ਮੈਚ ਦੇਖਦਿਆਂ ਉਦੋਂ ਈ ਪਤਾ ਲੱਗਣਾ ਜਦ ਡਾਂਗ ਤੇ ਕੰਬਲ ਪਾਸੇ ਰੱਖ ਗੁੜਦੁੰਬੇ ਨੇ ਲੇਰ ਜੀ ਮਾਰਕੇ ਟਾਪੂ ਲਾਅ ਦੇਣਾ, ਲੋਕ ਰੌਲਾ ਪਾਕੇ ਦੋ ਤਿੰਨ ਟਾਪੂ ਉਸਤੋਂ ਹੋਰ ਲਵਾ ਲੈਂਦੇ ਤੇ ਵਜਨ ਜਿਆਦਾ ਹੋਣ ਕਰਕੇ ਕੇਰਾਂ ਤਾਂ ਉਸਦਾ ਇੰਜਣ ਹੋਣ ਆਲਾ ਕਰ ਦਿੰਦੇ। 96-97 ਦੀ ਗੱਲ ਆ ਕਿ ਭਿੰਡਰੀਂ ਇੱਕ ਸਾਲ ਕਿਸੇ ਦੇ ਘਰੇ ਲੰਗਰ ਦਾ ਪ੍ਰਬੰਧ ਰੱਖਿਆ ਸੀ।

ਕਮੇਟੀ ਵਾਲੇ ਮੁੰਡਿਆਂ ਨੇ ਗੁੜ੍ਹਦੁੰਬਾ ਕਰਤਾ ਸਭ ਤੋਂ ਮੂਹਰੇ, ਹੋਰ ਕਿਸੇ ਨੂੰ ਲਵੇ ਨਾ ਲੱਗਣ ਦੇਵੇ ਨਾਲੇ ਕਰੀ ਜਾਵੇ “ਦੇਖਿਆ ਕਿੰਨੀਆਂ ਔਖੀਆਂ ਹੋਕੇ ਗਰਮੀ ‘ਚ ਰੋਟੀ ਲਹੁੰਦੀਆਂ ਆਪਣੇ ਲਈ ਵਿਚਾਰੀਆਂ ਭੈਣਾਂ?” ਓਧਰੋਂ ਲੰਗਰ ਦੀ ਮੂੰਗੀ ਦੀ ਦਾਲ ਦੀ ਵਾਸ਼ਨਾ ਤੇ ਇਕੱਠ ਬਹੁਤ ਜਿਆਦਾ ਸੀ ਪ੍ਰਸ਼ਾਦਾ ਛਕਣ ਵਾਲਿਆਂ ਦਾ। ਜਦ ਬਾਰਾਂ ਤੇਰਾਂ ਰੋਟੀਆਂ ਹੱਥ ‘ਚ ਆਗੀਆਂ ਤਾਂ ਗੁੜਦੁੰਬਾ ਡਾਂਗ ਖੜ੍ਹਕਾਉੰਦਾ ਕਰਦਾ ਜਾਵੇ “ਪਿਆਰ ਨਾ ਛਕਲੋ ਭੈਣਨੇ ਗਾਹ ਪਾਈ ਫਿਰਦੇ ਆ, ਜਿਵੇਂ ਜੰਨ ਆਏ ਹੁੰਦੇ ਆ” ਉਹ ਭੈਣਾਂ ਨਾਲੇ ਹੱਸਣ ਨਾਲੇ ਇੱਕ ਤੇ ਇੱਕ ਤੇਰਾਂ ਰੋਟੀਆਂ ਚਿਣੀ ਜਾਂਦੇ ਗੁੜਦੁੰਬੇ ਵੱਲ ਝਾਕਣ ਵੀ ਐਸ ਸਾਹਵ ਤਾਂ ਪੂਰੀਆਂ ਆਈਆਂ ਖੜ੍ਹੀਆਂ ਹੋਰ ਭਿਓਵੋਂ ਨੀਂ ਆਟਾ। ਅਸਲ ‘ਚ ਪਿੰਡ ਤਾਂ ਉਸਦਾ ਕੋਇਰ ਸਿੰਘ ਵਾਲਾ ਸੀ ਪਰ ਓਸ ਸਮੇਂ ਭੋਡੀਪੁਰੇ ਦੀ ਟੀਮ ਨਿੰਮੇ ਸੂਬੇ ਵਰਗਿਆਂ ਨਾਲ ਉਹ ਜਿੱਥੇ ਖੇਡਣ ਜਾਂਦੇ ਚਲਿਆ ਜਾਂਦਾ। ਆਲਮਵਾਲੀਏ ਜਮੇਰੀ ਨਾਲ ਉਸਦਾ ਬਹੁਤ ਪਿਆਰ ਸੀ। ਹਰ ਖਿਡਾਰੀ ਉਸ ਨਾਲ ਟਿੱਚਰ ਮਖੌਲ ਤੇ ਉਸਦਾ ਸਤਿਕਾਰ ਕਰਦਾ। ਤਕੜੇ ਤੋਂ ਤਕੜੇ ਖਿਡਾਰੀ ਨੂੰ ਪਹਿਲਾਂ ਬਿੱਲੀ ਜੀ ਬੁਲਾ ਕੇ ਪਿਆਰ ਨਾਲ ਚੋਰੀਓਂ ਜਹੇ ਕਹਿੰਦਾ “ਓਏ ਫਲਾਣਿਆ ਤੇਰੀ ਮਾਂ ਨੂੰ, ਪੰਜਾਹ ਰੁਪਈਏ ਦੇਦੇ।” ਜੇ ਕੋਈ ਖਿਡਾਰੀ ਹਾਸੇ ਪਿਆ ਪੈਸੇ ਨਾ ਦਿੰਦਾ ਤਾਂ ਝੱਟ ਕਹਿ ਦਿੰਦਾ “ਕੋਈ ਨੀਂ ਪੁੱਤ ਹਰੋਂਗੇ ਅੱਜ” ਫੇਰ ਉਹ ਜਿੱਤਣ ਵਾਲੀ ਟੀਮ ਤੋਂ ਸੌ ਸੌ ਰੁਪਏ ਲੈਣ ਲੱਗ ਗਿਆ। ਖਿਡਾਰੀ ਉਸ ਨਾਲ ਮਜਾਕ ਬਹੁਤ ਕਰਦੇ। ਇੱਕ ਵਾਰੀ 2007 ‘ਚ ਮੋਗੇ ਐਸ ਡੀ ਸਕੂਲ ‘ਚ ਸਾਡਾ ਬਲਵਾਨ ਤੇ ਮੈਂ ਟੂਰਨਾਮੈਂਟ ਵੇਖਣ ਚਲੇ ਗਏ। ਓਧਰ ਅਸੀਂ ਵੀ ਇੰਟਰ ਕਰ ਰਹੇ ਸਾਂ ਤੇ ਉਦੋਂ ਈ ਗੁੜਦੁੰਬਾ। ਫਿਰ ਇੱਕ ਸੀਨ ਅੱਖੀਂ ਵੇਖਿਆ ਕਿ ਇੱਕ ਨਵਾਂ ਜਿਆ ਪੁਲਿਸ ਵਾਲਾ ਮੁੰਡਾ ਉਸਨੂੰ ਅੰਦਰ ਨਾ ਜਾਣ ਦੇਵੇ ਤੇ ਗੁੜਦੁੰਬਾ ਅੰਦਰ ਜਾਣ ਲਈ ਪੁਲਿਸ ਵਾਲਿਆਂ ਨਾਲ ਜੱਦੋਜਹਿਦ ਕਰਦਾ ਭੂਸਰਿਆ ਖੜ੍ਹਾ ਭਾਈ ਓਥੇ ਤੇ ਪੁਲਿਸ ਆਲੇ ਵੀ ਕਹਿਣ ਤੂੰ ਹੈਂ ਕੌਣ ਜਾ ਕੇ ਵਿਖਾ। ਕੁਦਰਤੀ ਓਸ ਸਮੇਂ ਈ ਪ੍ਰਸਿੱਧ ਕਬੱਡੀ ਪ੍ਰਮੋਟਰ ਚੰਨਾ ਆਲਮਗੀਰ ਜੋ ਉਨ੍ਹਾਂ ਦਿਨਾਂ ਚ ਚੰਗੀਆਂ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਗੱਡੀਆਂ ਨਾਲ ਸਨਮਾਨਿਤ ਕਰਦਾ ਸੀ ਤੇ ਅੰਗਰੇਜ਼ ਅੜੈਚਾਂ ਆਲੇ ਦਾ ਭਰਾ ਲਾਲੀ ਅੰਦਰ ਨੂੰ ਤੁਰੇ ਆਉਣ। ਬੱਸ ਫਿਰ ਗੁੜਦੁੰਬਾ ਚੰਨੇ ਤੇ ਲਾਲੀ ਦੀ ਸ਼ਹਿ ਲੈਂਦਿਆਂ ਮੌਕਾ ਸਾਂਭਦਾ ਬੋਲਿਆ ਤੇ ਦੂਰੋਂ ਈ ਕਰਨ ਲੱਗਾ “ਆਗੇ ਮੇਰੇ ਪੁੱਤ, ਓਏ ਮੈਂ ਥੋਨੂੰ ਈ ਉਡੀਕੀ ਜਾਂਦਾ ਸੀ ਪਰ ਆਹ ਜਵਾਕ ਜੇ ਨੂੰ ਕੀ ਪਤਾ ਕੇ ਮੈਂ ਕੌਣ ਆਂ? ਚੰਨੇ ਚੰਨੇ ਦੱਸੋ ਇਹਨੂੰ ਪੁੱਤ ਓਏ।” ਬਿੱਲੀ ਜੀ ਬੁਲਾ ਕੇ ਪੁਲਿਸ ਵਾਲੇ ਮੁੰਡੇ ਨੂੰ ਕਹਿੰਦਾ “ਓਏ ਅੰਦਰ ਨੀਂ ਜਾਣ ਦਿੰਦਾ ਸੀ ? ਚੰਨੇ ਦਾ ਬੰਦਾਂ ਮੈਂ “ਕੱਛ ਚ ਲੈ ਕੇ ਮਾਰਦੂੰ”। ਉਹ ਨਵਾਂ ਜਿਆ ਮੁੰਡਾ ਭਰਾਵੋ ਹੱਕਾ ਬੱਕਾ ਈ ਰਹਿ ਗਿਆ ਤੇ ਓਧਰ ਇਹ ਕਹਿਕੇ ਗੁੜਦੁੰਬਾ ਚੰਨੇ ਹੁਣਾਂ ਨਾਲ ਹੀ ਅੰਦਰ ਲੰਘ ਗਿਆ ਤੇ ਜਾ ਬੈਠਾ ਪ੍ਰਾਹੁਣਿਆਂ ਵਾਂਗੂੰ ਮੂਹਰਲੀ ਕੁਰਸੀ ਤੇ। ਫਿਰ ਬਾਰਾਂ ‘ਚ ਆਖਰੀ ਵਾਰ ਵੱਡੇ ਘੋਲੀਏ ਮਿਲਿਆ। ਬਹੁਤ ਲਿੱਸਾ ਹੋਇਆ ਪਿਆ ਸੀ ਤੇ ਪੁੱਛਣ ‘ਤੇ ਪਤਾ ਲੱਗਾ ਕਿ ਬਿਮਾਰ ਆ। ਆਖਰੀ ਸਮਾਂ ਉਸਨੇਂ ਆਪਣੇ ਭਰਾ ਕੋਲ ਕੋਟਕਪੂਰੇ ਬਿਤਾਇਆ। ਥੋੜ੍ਹੇ ਸਮੇਂ ਬਾਅਦ ਹੀ ਤੇਰਾਂ ‘ਚ ਘੋਲੀਏ ਦੇ ਅਗਲੇ ਟੂਰਨਾਮੈਂਟ ‘ਤੇ ਹੀ ਭੋਡੀਪੁਰੇ ਵਾਲੇ ਨਿੰਮੇ ਨੇਂ ਦੱਸਿਆ ਕੇ ਪੱਪੂ ਪੰਡਿਤ ਉਰਫ ਗੁੜ੍ਹਦੁੰਬਾ ਚੜ੍ਹਾਈ ਕਰ ਗਿਆ। 1990 ਤੋਂ 2010 ਤੱਕ ਦੀ ਕਬੱਡੀ ਦਾ ਉਹ ਇੱਕ ਅਹਿਮ ਪਾਤਰ ਰਿਹਾ ਤੇ ਓਸ ਦੌਰ ਦੇ ਖਿਡਾਰੀ ਤੇ ਦਰਸ਼ਕਾਂ ਨੂੰ ਹਮੇਸ਼ਾਂ ਯਾਦ ਰਹੇਗਾ ਪੱਪੂ ਪੰਡਿਤ ਉਰਫ ਗੁੜ੍ਹਦੁੰਬਾ।