ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਬਸ ਨਿੰਦਾ ਕਰਕੇ ਸਾਰ ਗਈ

ਬਲਬੀਰ ਸਿੰਘ ਬੱਬੀ
ਜੇ ਮਗਰਲੇ ਕੁਝ ਸਮੇਂ ਵਿਚ ਦੇਖਿਆ ਜਾਵੇ ਤਾਂ ਸਿੱਖ ਧਰਮ ਸਿੱਖ ਕੌਮ ਉੱਤੇ ਅਨੇਕਾਂ ਤਰ੍ਹਾਂ ਦੇ ਹਮਲੇ ਬੜੇ ਤਰੀਕੇ ਨਾਲ ਕੀਤੇ ਜਾ ਰਹੇ ਹਨ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹ ਵੀ ਪੰਜਾਬ ਵਿੱਚ ।ਇਸ ਤੋਂ ਇਲਾਵਾ ਸਿੱਖ ਵਿਰੋਧੀ ਟੀਮਾਂ ਬੜੀਆਂ ਸੰਗਠਿਤ ਹੋ ਕੇ ਹੱਥ ਧੋ ਕੇ ਸਿੱਖ ਧਰਮ ਪਿੱਛੇ ਪਈਆਂ ਹੋਈਆਂ ਹਨ। ਪਿਛਲੇ ਜਿਹੇ ਪਿਛਲੇ ਕੁਝ ਸਮੇਂ ਵਿੱਚ ਜਦੋਂ ਕੋਈ ਅਜਿਹੀ ਘਟਨਾ ਜੋ ਸਿੱਖ ਧਰਮ ਦੇ ਵਿਰੁੱਧ ਜਾਂਦੀ ਹੋਵੇ ਤਾਂ ਉਸ ਦਾ ਸੰਬੰਧ ਜਾ ਕੇ ਆਰਐੱਸਐੱਸ ਨਾਲ ਜੁੜਦਾ ਸੀ। ਜਦੋਂ ਦੇ ਮੋਦੀ ਸਰਕਾਰ ਸੱਤਾ ਉੱਤੇ ਕਾਬਜ਼ ਹੋਈ ਹੈ ਉਸ ਵੇਲੇ ਤੋਂ ਹੀ ਆਰ ਐੱਸ ਐੱਸ ਨੇ ਆਪਣੇ ਪੈਰ ਸ਼ਰ੍ਹੇਆਮ ਨਿਡਰ ਹੋ ਕੇ ਅਨੇਕਾਂ ਧਰਮਾਂ ਤੇ ਘੱਟਗਿਣਤੀਆਂ ਦੇ ਵਿਰੁੱਧ ਪਸਾਰ ਲਏ ਹਨ। ਸਿੱਖ ਵਿਰੋਧੀ ਜੋ ਵੀ ਲਾਣਾ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਪਾਉਂਦਾ ਹੈ ਉਹ ਤਾਂ ਆਪਣਾ ਕੰਮ ਕਰ ਰਿਹਾ ਹੈ ਪਰ ਇੱਥੇ ਇਹ ਸੋਚਣਾ ਬਣਦਾ ਹੈ ਕਿ ਸਿੱਖ ਕੌਮ ਦੇ ਵਿਦਵਾਨ ਆਗੂ ਜਥੇਦਾਰ ਰਾਜਨੀਤਕ ਧਾਰਮਿਕ ਲੀਡਰ ਜਾਂ ਹੋਰ ਲਾਣਾ ਇਨ੍ਹਾਂ ਹਮਲਿਆਂ ਦਾ ਜਵਾਬ ਦੇਣ ਲਈ ਕਿੰਨਾ ਕੁ ਇਕਮੁੱਠ ਤੇ ਇਕਜੁੱਟ ਹੈ ਬਿਲਕੁਲ ਵੀ ਨਹੀਂ । ਇਹੋ ਜਿਹੇ ਸਵਾਲ ਵੀ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਵਾਲਿਆਂ ਲਈ ਲਾਹੇਵੰਦ ਹਨ । ਇਹੀ ਕਾਰਨ ਹੈ ਕਿ ਸਿੱਖਾਂ ਵਿੱਚ ਸਿੱਖ ਧਰਮ ਸਿੱਖ ਕੌਮ ਨੂੰ ਬਚਾਉਣ ਲਈ ਹੀ ਏਕਤਾ ਨਹੀਂ ਤਾਹੀਂ ਵਿਰੋਧੀ ਦਿਨੋਂ ਦਿਨ ਉੱਪਰ ਚੜ੍ਹਦੇ ਹਨ। ਬੀਤੇ ਦਿਨੀਂ ਹਰਿਆਣਾ ਦੇ ਕੁਰੂਕਸ਼ੇਤਰ ਵਿਚ ਇਕ ਕਿਸਾਨ ਮਹਾਂ ਪੰਚਾਇਤ ਦੇ ਵਿੱਚ ਕਿਵੇਂ ਡੁਪਲੀਕੇਟ ਸਿੱਖ ਜੋ ਕਲੀਨ ਸ਼ੇਵ ਤੇ ਟੋਪੀਆਂ ਪਹਿਨ ਕੇ ਉੱਪਰੋਂ ਦੀ ਗਾਤਰੇ ਕਿਰਪਾਨ ਪਾ ਕੇ ਇਸ ਪੰਚਾਇਤ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਨੇ ਉੱਥੇ ਹਾਜ਼ਰ ਸਿੱਖਾਂ ਨੂੰ ਬੁਰੀ ਤਰ੍ਹਾਂ ਜ਼ਲੀਲ ਕੀਤਾ। ਜਾਗਦੀ ਜ਼ਮੀਰ ਵਾਲੇ ਸੱਜਣਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਇਸ ਨੇ ਘਟਨਾ ਦੇ ਸਬੰਧ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਕਿਹੋ ਜਿਹੀ ਕੋਈ ਕਾਨੂੰਨੀ ਜਾਂ ਕਿਸੇ ਕਿਸਮ ਦੀ ਕੋਈ ਕਾਰਵਾਈ ਕੀਤੀ ਸ਼ਾਇਦ ਜਵਾਬ ਨਾਂਹ ਪੱਖੀ ਹੋਵੇਗਾ। ਉਲਟਾ ਜਿਨ੍ਹਾਂ ਸਿੱਖਾਂ ਨੇ ਕੁਰੂਕਸ਼ੇਤਰ ਵਿਚ ਨਕਲੀ ਸਿੱਖਾਂ ਦਾ ਵਿਰੋਧ ਕੀਤਾ ਸੀ ਉਨ੍ਹਾਂ ਉੱਤੇ ਹੀ ਪਰਚੇ ਦਰਜ ਹੋ ਗਏ ਅਸਲ ਦੋਸ਼ੀ ਜਿਨ੍ਹਾਂ ਉੱਪਰ ਵੱਡੀ ਕਾਰਵਾਈ ਹੋਣੀ ਸੀ ਉਹ ਬਚਾ ਦਿੱਤੇ ਗਏ। ਇਨ੍ਹਾਂ ਘਟਨਾਵਾਂ ਦੇ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ੍ਹ ਇਕ ਪ੍ਰੈੱਸ ਕਾਨਫਰੰਸ ਵਿੱਚ ਢਿੱਲੇ ਜਿਹੇ ਬਿਆਨ ਦੇ ਕੇ ਸਭ ਨੂੰ ਨਿਰਾਸ਼ ਕਰ ਦਿੱਤਾ । ਜਥੇਦਾਰ ਨੇ ਸਾਰੀਆਂ ਗੱਲਾਂ ਨੂੰ ਸਾਜ਼ਿਸ਼ ਦਾ ਰੂਪ ਦੇ ਕੇ ਇਹੀ ਕਿਹਾ ਕਿ ਹਰਿਆਣਾ ਪੁਲਸ ਪ੍ਰਸ਼ਾਸਨ ਤੇ ਹਰਿਆਣਾ ਸਰਕਾਰ ਉਨ੍ਹਾਂ ਵਿਰੁੱਧ ਕਾਰਵਾਈ ਕਰੇ। ਇਹ ਤਾਂ ਆਪਾਂ ਨੂੰ ਪਤਾ ਹੈ ਕਿ ਕਿਸੇ ਤੇ ਬਿਆਨਬਾਜ਼ੀ ਕਰਨ ਨਾਲ ਹਰਿਆਣਾ ਸਰਕਾਰ ਕਿਸੇ ਨੂੰ ਕੋਈ ਸਜ਼ਾ ਨਹੀਂ ਦੇ ਸਕਦੀ। ਜਥੇਦਾਰ ਨੂੰ ਹੰਭਲਾ ਮਾਰਨਾ ਪੈਣਾ ਹੈ ਆਪ ਇਕੱਤਰ ਹੋ ਕੇ ਧਾਰਮਿਕ ਵਫਦ ਲੈ ਕੇ ਕੁਰੂਕਸ਼ੇਤਰ ਵਿਚ ਜਾ ਕੇ ਪੜਚੋਲ ਕਰਨ ਤੋਂ ਬਾਅਦ ਥਾਣੇ ਵਿੱਚ ਪਰਚਾ ਦਰਜ ਕਰਾਉਣ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਥੇਦਾਰ ਵਿੱਚ ਕਿੱਡੀ ਪਾਵਰ ਹੈ। ਸਿੱਖ ਧਰਮ ਨਾਲ਼ ਜੋ ਵਧੀਕੀਆਂ ਹੋ ਰਹੀਆਂ ਹਨ ਉਨ੍ਹਾਂ ਨੂੰ ਵੀ ਠੱਲ੍ਹ ਪੈ ਜਾਵੇਗੀ। ਪੰਜਾਬ ਵਾਸੀ ਸਿਆਸੀ ਰਾਹੀਂ ਲੋਕਾਂ ਦੀ ਬਿਆਨਬਾਜ਼ੀ ਸੁਣ ਸੁਣ ਕੇ ਗਏ ਸਨ ਜਥੇਦਾਰ ਜੀ ਤੁਸੀਂ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰੋ।ਇਨ੍ਹਾਂ ਅਤੇ ਹੋਰ ਜਿੱਥੇ ਸਿੱਖ ਕੌਮ ਨਾਲ ਕਾਨੂੰਨੀ ਧੱਕਾ ਹੋਇਆ ਹੈ ਉੱਥੇ ਜਾ ਕੇ ਆਪ ਪੇਸ਼ ਹੋਵੋ। ਇਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਵਿਚ ਸਿੱਖਾਂ ਨਾਲ ਧੱਕਾ ਹੁੰਦਾ ਦੇਖ ਕੋਈ ਸਿੱਖ ਹੀ ਅੱਗੇ ਨਾ ਆਵੇ ਫਿਰ ਜਥੇਦਾਰੀਆਂ ਕਿਸ ਕੰਮ..!