ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਐਤਵਾਰ 8 ਅਗਸਤ ਨੂੰ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਹੈ। ਫਰਿਜ਼ਨੋ ਪੁਲਿਸ ਨੇ ਇਸ ਕਤਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ 20 ਸਾਲਾਂ ਦੇ ਵਿਅਕਤੀ ਨੂੰ ਐਤਵਾਰ ਸਵੇਰੇ ਫਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਨਜ਼ਦੀਕ ਟੋਪਾਂਗਾ ਰਿਜ ਅਪਾਰਟਮੈਂਟਸ ਦੇ ਬਾਹਰ ਕਈ ਵਾਰ ਗੋਲੀ ਮਾਰੀ ਗਈ , ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਿਸ ਅਨੁਸਾਰ ਫਰਿਜ਼ਨੋ ਵਿੱਚ ਇਹ ਕਤਲ ਇਸ ਸਾਲ ਦਾ 46 ਵਾਂ ਕਤਲ ਹੈ। ਇਸ ਘਟਨਾ ਦੇ ਸਬੰਧ ਵਿੱਚ ਫਰਿਜ਼ਨੋ ਪੁਲਿਸ ਨੇ ਸੂਚਨਾ ਮਿਲਣ ਉਪਰੰਤ ਮੈਪਲ ਅਤੇ ਸੈਨ ਗੈਬਰੀਅਲ ਐਵੇਨਿਊਜ਼ ਦੇ ਚੌਰਾਹੇ ‘ਤੇ ਸਵੇਰੇ 12:30 ਵਜੇ ਦੇ ਕਰੀਬ ਕਾਰਵਾਈ ਕੀਤੀ ਅਤੇ ਪੀੜਤ ਦੇ ਸਰੀਰ ਦੇ ਉਪਰਲੇ ਹਿੱਸੇ ‘ਤੇ ਕਈ ਗੋਲੀਆਂ ਲੱਗੀਆਂ ਸਨ। ਇਸ ਵਿਅਕਤੀ ਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਉਸਨੂੰ ਦੁਪਹਿਰ 1 ਵਜੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਦੁਆਰਾ ਮ੍ਰਿਤਕ ਦੀ ਪਛਾਣ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਅਤੇ ਪੁਲਿਸ ਦੁਆਰਾ ਇਸ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।