ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਅਕਸਰ ਭਾਰਤੀ ਵਪਾਰਕ ਅਦਾਰਿਆਂ ਦੇ ਲਈ ਲੰਬੀ ਜੱਦੋ-ਜ਼ਹਿਦ ਕਰਨ ਵਾਲੇ ਸੰਨੀ ਕੌਸ਼ਿਲ ਹੋਰਾਂ ਦਾ ਆਪਣਾ ਬਿਜ਼ਨਸ ਐਕਲੈਂਡ ਵਿਖੇ ਰੈਸਟੋਰੈਂਟ (ਸੈਕਸ਼ਪੀਅਰ ਟੈਵਰਨ) ਐਂਡ ਪੱਬ ਹੈ। ਕਰੋਨਾ ਦੇ ਬਾਅਦ ਜਦੋਂ ਸਟਾਫ ਦੀ ਸਮੱਸਿਆ ਆ ਰਹੀ ਸੀ ਤਾਂ ਉਨ੍ਹਾਂ ਵਰਕ ਐਂਡ ਇਨਕਮ ਵਿਭਾਗ ਰਾਹੀਂ ਇਕ 57 ਸਾਲਾ ਨਿਊਜ਼ੀਲੈਂਡ ਬਾਸ਼ਿੰਦਾ ਸ਼ੈਫ ਰੱਖ ਲਿਆ। ਉਸਨੂੰ ਕੰਮ ਦੇ ਨਾਲ ਰਹਿਣ ਲਈ ਥਾਂ ਅਤੇ ਅੱਧ ਮੁੱਲ ਉਤੇ ਖਾਣਾ ਆਦਿ ਵੀ ਮੁਹੱਈਆ ਕੀਤਾ। ਉਮਰ ਦੇ ਹਿਸਾਬ ਨਾਲ ਬਹੁਤ ਸਤਿਕਾਰ ਵੀ ਦਿੱਤਾ। ਪਰ ਇਹ ਵਿਅਕਤੀ 6 ਕੁ ਹਫਤਿਆਂ ਦੇ ਵਿਚ ਹੀ ਬੀਤੇ ਮੰਗਲਵਾਰ ਨੂੰ ਕਾਰਾ ਕਰ ਗਿਆ। ਉਸਨੇ ਰੈਸਟੋਰੈਂਟ ਦੀ ਸੇਫ ਵਿਚੋਂ 12,000 ਡਾਲਰ ਚੋਰੀ ਕਰ ਲਏ। ਉਸਨੂੰ ਸ਼ਾਇਦ ਪਤਾ ਸੀ ਕਿ ਹੁਣ ਸੇਫ ਵਿਚ ਕੁਝ ਰਕਮ ਜਮ੍ਹਾ ਹੋ ਗਈ ਹੈ। ਉਹ ਸਵੇਰੇ 7.30 ਵਜੇ ਆਇਆ ਅਤੇ ਸਫਾਇਆ ਕਰ ਗਿਆ। ਉਸਨੇ ਮਾਸਟਰ ਚਾਬੀ ਅਤੇ ਪਾਸਵਰਡ ਕਿਸੀ ਤਰ੍ਹਾਂ ਚੋਰੀ ਕਰ ਲਿਆ ਸੀ। ਸਟਾਫ ਦੀ ਘਾਟ ਕਾਰਨ ਸੰਨੀ ਕੌਸ਼ਲ ਹੋਰੀਂ ਕਾਫੀ ਲੰਬੇ ਸਮੇਂ ਬਾਅਦ ਇਕ ਦਿਨ ਦੀ ਛੁੱਟੀ ਹੀ ਕੀਤੀ ਸੀ ਕਿ ਇਹ ਸਟਾਫ ਮੈਂਬਰ ਕਾਰਾ ਕਰ ਗਿਆ। ਸੀ.ਸੀ. ਟੀ.ਵੀ. ਦੇ ਵਿਚ ਸਾਰਾ ਕੁਝ ਆ ਗਿਆ ਅਤੇ ਇਹ ਫੁਟੇਜ ਪੁਲਿਸ ਨੂੰ ਦੇ ਦਿੱਤੀ ਗਈ ਹੈ। ਸੰਨੀ ਕੌਸ਼ਿਲ ਨੇ ਕਿਹਾ ਹੈ ਕਿ ਕਿਸ ਤਰ੍ਹਾਂ ਸਰਕਾਰੀ ਅਦਾਰਿਆਂ ਤੋਂ ਸਟਾਫ ਲਿਆ ਜਾ ਸਕਦਾ ਹੈ? ਜੇਕਰ ਅਜਿਹੇ ਲੋਕ ਮਾੜੀਆਂ ਉਦਾਹਰਣਾ ਪੇਸ਼ ਕਰਨਗੇ ਤਾਂ ਕੋਈ ਵੀ ਅਜਿਹਾ ਸਟਾਫ ਲੈਣਾ ਪਸੰਦ ਨਹੀਂ ਕਰੇਗਾ। ਗੱਲ ਵਿਚਾਰਨ ਦੀ ਹੈ ਕਿ ਕਿ ਮਾੜੀਆਂ ਆਦਤਾਂ ਵਾਲਿਆਂ ਨੂੰ ਕੌਣ ਕੰਮ ’ਤੇ ਰੱਖੇਗਾ। ਸਰਕਾਰੀ ਬੰਦਿਸ਼ਾਂ ਦੇ ਕਾਰਨ ਸਟਾਫ ਦੀ ਵੱਡੀ ਘਾਟ ਪੈਦਾ ਹੋ ਗਈ ਹੈ ਅਤੇ ਬਿਜ਼ਨਸ ਅਦਾਰ ਬੰਦ ਹੋ ਰਹੇ ਹਨ।