10.2 C
United Kingdom
Saturday, April 19, 2025

More

    ਬਾਪੂ ਦੀ ਬੰਦੂਕ ਨੇ ਕਢਾਈਆਂ ਲੇਲੜੀਆਂ……………?

    ( ਸੱਚੀ ਗਾਥਾ )

    ਗੁਰਿੰਦਰਜੀਤ ਸਿੰਘ ( ਨੀਟਾ ਮਾਛੀਕੇ )

    ਵਿਦੇਸ਼ਾ ਵਿੱਚ ਵਸੇ ਹਰ ਇੱਕ ਪੰਜਾਬੀ ਦੇ ਦਿਲ ਅੰਦਰ ਪੰਜਾਬ ਜਾਣ ਲਈ ਇੱਕ ਚਾਹਤ ਕੋਈ ਉਮੰਗ ਸਦਾ ਉਪਜਦੀ ਰਹਿੰਦੀ ਹੈ।ਕਿਉਕੇ ਹਰ ਇੱਕ ਪ੍ਰਵਾਸ਼ੀ ਪੰਜਾਬੀ ਦੀ ਤਾਰ ਕਿਸੇ ਨਾਂ ਕਿਸੇ ਪਾਸਿਓ ਜਰੂਰ ਪੰਜਾਬ ਦੀ ਮਿੱਟੀ ਨਾਲ ਜੁੜੀ ਹੁੰਦੀ ਹੈ।ਜਿਵੇ ਜਿਵੇ ਜਹਾਜ ਦਿੱਲੀ ਹਵਾਈ ਅੱਡੇ ਤੇ ਉਤਰਨ ਲਈ ਪਰ੍ਹ ਤੋਲਣ ਲਗਦਾ ਹੈ , ਤਾਂ ਜਿਥੇ ਆਪਣੇ ਪਿਆਰੇ ਵਤਨ ਦੀ ਸੁਗੰਧੀ ਮਾਨਣ ਲਈ ਮਨ ਵਿੱਚ ਵੱਖਰੀ ਤਰੰਗ ਉਪਜਦੀ ਹੈ, ਉਥੇ ਹੀ ਭਾਰਤੀ ਅਧਿਕਾਰੀਆਂ ਤੋ ਹੋਣ ਵਾਲੀ ਖੱਜਲ ਖੁਆਰੀ ਅਤੇ ਕਾਂਉਟਰਾ ਵਿੱਚ ਬੈਠੇ ਇੰਮੀਗਰੇਸਨ ਅਫਸ਼ਰਾ ਦੇ ਭ੍ਰਿਸਟ ਚਿਹਰਿਆਂ ਨੂੰ ਯਾਦ ਕਰਕੇ ਕੰਬਣੀ ਜਿਹੀ ਵੀ ਜਰੂਰ ਛਿੜਦੀ ਹੈ।ਕਈ ਵਾਰ ਕੁਤੇ ਖਾਣੀ ਹੋਣ ਤੋ ਬਾਅਦ, ਮਨ ਫਿਰ ਭੁਲ ਭੁਲਾ ਕਿ ਮੋਹ ਵੱਸ ਵਤਨੀ ਫੇਰਾ ਪਾਉਣ ਲਈ ਜਰੂਰ ਪਹੁੰਚ ਹੀ ਜਾਦਾਂ ਹੈ।

    ਬਾਪੂ ਹਰਦਿਆਲ ਸਿਓ ਦਾ ਸਮੂਹ ਪਰਿਵਾਰ ਸਰਦੀਆਂ ਦੀ ਰੁਤੇ ਛੁਟੀਆਂ ਬਿਤਾਉਣ ਲਈ ਅਮਰੀਕਾ ਤੋ ਪੰਜਾਬ ਆਪਣੇ ਨਗਰ ਧੂਹੜਕੋਟ ਪਹੁੰਚਦਾ ਹੈ ।ਬਾਪੂ ਦੇ ਨਾਲ ਪੋਤੇ ਪੋਤੀਆਂ , ਨੂਹਾਂ ਪੁਤਰ ਦਿੱਲੀ ਏਅਰ ਪੋਰਟ ਤੋ ਬਾਹਰ ਨਿਕਲਕੇ ਟੈਕਸੀ ਵਿੱਚ ਬੈਠ ਟਰੈਫਿਕ ਵਿੱਚ ਖੱਜਲ ਖੁਆਰ ਹੁੰਦੇ ਪਿੰਡ ਪਹੁੰਚਦੇ ਹਨ।ਬਾਪੂ ਆਪਣੇ ਪੋਤੇ ਨੂੰ ਹੌਸਲਾ ਦਿੰਦਾਂ ਹੋਇਆ ਆਪਣੀ ਦੁਨਾਲੀ ਰਾਇਫਲ ਦੇ ਕਿਸ੍ਹੇ ਸੁਣਾਉਦਾਂ , ਆਪਣੇ ਲਾਡਲੇ ਪੋਤੇ ਦੀ ਰਾਇਫਲ ਚਲਾਉਣ ਵਾਲੀ ਉਗਲੀ ਹਿਲਣ ਲਾ ਦਿੰਦਾਂ ਹੈ।ਪੋਤਾ ਪਿੰਡ ਪਹੁੰਚਣ ਸਾਰ ਬਾਪੂ ਨੂੰ ਕਹਿੰਦਾ ਕਿ ਬਾਪੂ ਲਿਆਂ ਤੇਰੀ ਰਾਇਫਲ ਚਲਾ ਕਿ ਵੇਖਿਏ..?  ਬਾਪੂ ਮੁਛਾਂ ਨੂੰ ਤਾਅ ਦਿੰਦਾਂ ਮੁਸ਼ਕਰਾ ਕਿ ਉਤਰ ਦਿੰਦਾ ਹੈ, ਮਾੜਾ ਜਿਹਾ ਥਕੇਵਾ ਦੂਰ ਕਰਲੀਏ ਫੇਰ ਮੈ ਜਾਨਾਂ ਮੁਡਿਆਂ ਨੂੰ ਨਾਲ ਲੈਕੇ ਅਸਲੇ ਵਾਲੀ ਦੁਕਾਨ ਤੋਂ ਕਢਵਾ ਕਿ ਲਿਆਉਨਾਂ ਨਾਗ ਦੀ ਬੱਚੀ।

    ਅਗਲੀ ਸਵੇਰ ਬਾਪੂ ਸਵੱਖਤੇ ਉਠਿਆ,ਪਿੰਡ ਦੇ ਨੰਬਰਦਾਰ ਅਤੇ ਸਰਪੰਚ ਨੂੰ ਨਾਲ ਲਿਆ ਅਤੇ ਪਹੁੰਚ ਗਿਆਂ ਥਾਣਾਂ ਨਿਹਾਲ ਸਿੰਘ ਵਾਲੇ ਅਸ਼ਲੇ ਦੀ ਤਫਤੀਸ਼ ਬਰਾਚ ਵਾਲੇ ਵੱਡੇ ਮੁਣਸ਼ੀ ਕੋਲੇ। ਬਾਪੂ ਦੀ ਰਾਇਫਲ ਦੇ ਲਾਇਸੈਸ਼ ਦੀ ਮਿਆਦ ਲੰਘੀ ਹੋਈ ਸੀ ਤੇ ਬਾਪੂ ਨੂੰ ਪਤਾ ਸੀ ਕਿ ਸਭ ਤੋ ਪਹਿਲਾ ਲਾਇਸੈਸ਼ ਬਣਾਉਣਾਂ ਜਰੂਰੀ ਹੈ।ਪਹਿਲਾ ਤਾਂ ਮੁਣਸ਼ੀ ਪੈਰਾਂ ਤੇ ਪਾਣੀ ਨਾਂ ਪੈਣ ਦੇਵੇ , ਅਖੇ ਤੁਸੀ ਬਿਨਾਂ ਲਾਇਸੈਸ਼ ਦੇ ਗੰਨ ਰੱਖੀ ਆ, ਆ ਲੈਣ ਦਿਓ ਵੱਡੇ ਸਾਹਿਬ ਨੂੰ ਬਣਾਉਣੇ ਆ ਨਜਾਇਜ ਅਸ਼ਲੇ ਦਾ ਕੇਸ ਤੁਹਾਡੇ ਤੇ। ਬਾਪੂ ਮੁਣਸ਼ੀ ਦੀ ਗੱਲ ਸੁਣਕੇ ਜਾਣੀ ਘੁੰਮਣ ਘੇਰੀ ਵਿੱਚ ਪੈ ਗਿਆ ।ਸਾਰੀ ਦਿਹਾੜੀ ਥਾਣੇ ਵਿੱਚ ਖੱਜਲ ਖੁਆਰ ਹੋਣ ਤੋ ਬਾਅਦ ਥੋੜੀ ਘਣੀ ਜੇਬ ਖਾਲੀ ਕਰਕੇ ਪੁਲਿਸ ਵਾਲਿਆਂ ਦਾ ਮੱਥਾ ਡੰਮਕੇ ਅਸਲੇ ਦੀ ਤਫਤੀਸ਼ ਦੀ ਅਰਜੀ ਮੁਣਸ਼ੀ ਨੂੰ ਸੌਪਕੇ ਘਰ ਵੜਿਆਂ ਤਾਂ ਬੁਢੇ ਬਾਪੂ ਨੂੰ ਪੋਤਾ ਕਹਿਦਾ ਬਾਪੂ ਰਾਇਫਲ ਕਿਥੇ ਆਹ..? ਬਾਪੂ ਕਹਿੰਦਾ ਲਗਦਾ ਰਫਲ ਦਾ ਮੁਣਸ਼ੀ ਦਾ ਤਾਂ ਜੀਅ ਕਰਦਾ ਸੀ ਕਿ ਮੈਨੂੰ ਥਾਣੇ ਵਿੱਚ ਬੰਨ ਲੈਦਾਂ, ਇਹ ਤਾਂ ਸੁਕਰ ਕਰੋ ਕਿ ਨੰਬਰਦਾਰ ਤੇ ਸਰਪੰਚ ਸਹਿਬ ਨਾਲ ਸੀਗੇ, ਲੈ-ਦੇਕੇ  ਮਸ਼ਾਂ ਮਾਸ ਬਚਾਕੇ ਆਏ ਹਾਂ।ਬਾਪੂ ਨੇ ਠੰਢਾ ਹੌਕਾਂ ਭਰਿਆ ਅਤੇ ਪੋਤੇ ਨੂੰ ਜੱਫੀ ਪਾਕੇ ਕਿਹਾ “ਪੁਤ ਸੌਅ ਜਾ ਰਾਮ ਨਾਲ ਕੱਲ ਨੂੰ ਵੇਖਦੇ ਹਾਂ ਕੀ ਬਣਦਾ”। ਸਵੇਰਿਓ ਫੇਰ ਬਾਪੂ ਤੇ ਨੰਬਰਦਾਰ ਥਾਣੇ ਪਹੁੰਚ ਗਏ । ਮੁਣਸ਼ੀ ਤੋ ਫਾਇਲ ਬਣਵਾਂ ਕਿ ਡਾਕ ਵਾਲੇ ਨੂੰ ਗੱਡੀ ਵਿੱਚ ਨਾਲ ਲਿਜਾ ਕਿ ਡੀ ਐਸ ਪੀ ਦਫਤਰ ਜਾ ਪੇਸ਼ ਹੋਏ , ਡਿਪਟੀ ਦਾ 6 ਫੁੱਟ ਉਚਾ ਰੀਡਰ ਅੱਖਾ ਪਾੜ ਪਾੜ ਇੰਜ ਵੈਖ ਰਿਹਾ ਸੀ ਜਿਵੇ ਬਾਪੂ ਨੇ ਰਾਇਫਲ ਨਾਲ ਕੋਈ ਘਿਨਾਂਉਣਾਂ ਜੁਰਮ ਕੀਤਾ ਹੋਵੇ।ਸੱਤ ਸ੍ਰੀ ਅਕਾਲ ਕਾਕਾ ਜੀ, ਬਾਪੂ ਹੱਥ ਜੋੜੀ ਖੜਾ ਸੀ। ਬੇਧਿਆਨੇ ਜਿਹੇ ਰੀਡਰ ਨੇ ਚੁਪ ਚਪੀਤੇ ਹੀ ਸੱਤ ਸ੍ਰੀ ਅਕਾਲ ਦਾ ਜੁਆਬ ਮਾੜਾ ਜਿਹਾ ਸਿਰ ਹਿਲਾ ਕਿ ਦਿੱਤਾ “ਕਹਿੰਦਾ ਬਜੁਰਗੋ  ਸਹਿਬ ਦਫਤਰ ਵਿੱਚ ਨਹੀ ਹਨ, ‘ਤੇ ਤੁਸੀ ਕੱਲ ਨੂੰ ਬਾਰਾਂ ਕੁ ਵਜੇ ਤੋ ਬਾਅਦ ਵਿੱਚ ਆਇਓ। ਬਾਪੂ ਨੇ ਕੁਝ ਕੁ ਗਾਧੀ ਵਾਲੇ ਨੋਟ ਰੀਡਰ ਦੀ ਮੁਠੀ ਵਿੱਚ ਦਿੱਤੇ ਅਤੇ ਕਿਹਾ “ਜੁਆਨਾਂ ਸਾਡੇ ਵਾਸਤੇ ਤਾਂ ਤੂੰ ਈ ਸਾਹਿਬ ਆ, ਨੋਟ ਵੇਖਣ ਸਾਰ ਪੁਲਿਸ ਵਾਲੇ ਦੀਆਂ ਬਰਾਸ਼ਾਂ ਖਿਲ ਗਈਆਂ । ਕਹਿੰਦਾਂ ਬਾਪੂ ਜੀ ਤੁਸੀ ਜਾਓ ਫਾਇਲ ਮੈ ਆਪੇ ਐਸ ਐਸ ਪੀ ਦਫਤਰ ਪਹੁੰਚਦੀ ਕਰ ਦੇਵਾਗਾਂ।

    ਦੂਸਰੇ ਦਿਨ ਬਾਪੂ ਦੇ ਅਮਰੀਕਾ ਤੋ ਗਏ ਮੁੰਡੇ ਨੇ ਆਪਣੇ ਅਬੋਹਰ ਵਾਲੇ ਕਰੀਬੀ ਦੋਸਤ ਨਾਲ ਸਾਰੀ ਰਾਇਫਲ ਵਾਲੀ ਦਾਸਤਾਨ ਸਾਝੀ ਕੀਤੀ ਤਾਂ ਦੋਸਤ ਨੇ ਕਿਹਾ ‘ਇਹ ਕਿਹੜੀ ਗੱਲ ਆ ਤੁਸੀ ਮੈਨੂੰ ਪਹਿਲਾਂ ਦੱਸਣਾਂ ਸੀ,ਆਪਣਾਂ ਬੰਦਾ ਐਸ ਐਸ ਪੀ ਦੇ ਦਫਤਰ ਦਾ ਰੀਡਰ ਹੈ ਯਾਰ’।ਦੂਸਰੇ ਦਿਨ ਸਵੇਰੋ ਸਵੇਰੀ ਦੋਸਤ ਦੇ ਕਹਿਣ ਤੇ ਦੋਵੇ ਮੁੰਡੇ ਅਤੇ ਬਾਪੂ ਮੋਗੇ ਸੁਵਿਧਾ ਸੈਟਰ ਦੇ ਗੇਟ ਮੂਹਰੇ ਜਾ ਵਰਾਜੇ ।ਦੋਸਤ ਦੀ ਨਿਸ਼ਾਨਦੇਹੀ ਮੁਤਾਬਿਕ ਸਿਫਾਰਸ਼ੀ ਰੀਡਰ ਆਇਆਂ ਤੇ ਕਹਿਣ ਲੱਗਾ ਕੋਈ ਖਾਸ ਗੱਲ ਨਹੀ ਅੰਕਲ ਜੀ ਆਪਾ ਸੁਵਿਧਾ ਸੈਟਰ ਵਿੱਚ ਡੀ ਸੀ ਸਹਿਬ ਦੇ ਅਸਲਾ ਕਲਰਕ ਨਾਲ ਸਿੱਧੀ ਗੱਲ ਕਰਦੇ ਹਾਂ। ਬਾਪੂ ਹਰਦਿਆਲ ਸਿਓ ਅਤੇ  ਦੋਵੇ ਮੁੰਡੇ ਰੀਡਰ ਦੇ ਮਗਰ ਮਗਰ ਅਸਲਾ ਕਲਰਕ ਦੇ ਕਮਰੇ ਅੰਦਰ ਜਾ ਪਹੁੰਚੇ,ਬਾਪੂ ਨੂੰ ਲੱਗਿਆ ਕਿ ਸ਼ਾਇਦ ਹੁਣ ਕੰਮ ਬਣ ਜਾਵੇਗਾ।ਅਸਲਾ ਕਲਰਕ ਦੇ ਕੰਨ ਵਿੱਚ ਰੀਡਰ ਨੇ ਕੋਈ ਘੁਸਰ ਮੁਸਰ ਕੀਤੀ ਅਤੇ ਅਸਲਾ ਕਲਰਕ ਨੇ ਚੁਪ ਤੋੜੀ ਤੇ ਕੁਸੈਲਾ ਜਿਹਾ ਮੂਹ ਕਰਕੇ ਬੋਲਿਆ ਕਿ , ਮੇਰੇ ਕੋਲ ਤਫਤੀਸ਼ ਰਿਪੋਰਟ ਪਹੁੰਚ ਗਈ ਹੈ, ਬਸ ਇੱਕ ਦੋ ਦਿਨ ਵਿੱਚ ਮੈ ਤੁਹਾਡਾ ਕੰਮ ਕਰਵਾ ਕਿ ਚੰਨਣ ਸਿੰਘ (ਰੀਡਰ) ਨੂੰ ਫੋਨ ਕਰ ਦੇਵਾਗਾ।ਮੁੰਡੇ ਅਤੇ ਬਾਪੂ ਖੁਸ਼ੀ ਖੁਸ਼ੀ ਘਰ ਵਾਪਸ ਆਏ,ਬਾਪੂ ਨੂੰ ਇੰਝ ਮਹਿਸੂਸ ਹੋਇਆ ਜਿਵੇ ਹੁਣ ਕੰਮ ਜਰੂਰ ਹੋ ਜਾਵੇਗਾ।

    ਦੋ ਤਿੰਨ ਦਿਨ ਬੀਤਣ ਦੋ ਬਾਅਦ ਬਾਪੂ ਆਪਣੇ ਛੋਟੇ ਮੁੰਡੇ ਨੂੰ ਨਿਰਾਸ਼ ਮਨ ਨਾਲ ਪੁਛਣ ਲੱਗਾ ‘ਕਾਕਾ ਰੀਡਰ ਦਾ ਕੋਈ ਸੁਖ ਸੁਨੇਹਾ ਅਇਆ ਕਿ ਨਹੀ..? ਮੁੰਡੇ ਨੇ ਨਾਂਹ ਵਿੱਚ ਸਿਰ ਹਿਲਾਇਆ ਅਤੇ ਕਿਹਾ ਬਾਪੂ ਜੀ ਤੁਸੀ ਬਹੁਤਾ ਫਿਕਰ ਨਾਂ ਕਰਿਆ ਕਰੋ ਮੈ ਕਰਦਾ ਵੱਡੇ ਦਿਨ ਉਹਨੂੰ ਫੋਨ ।ਘੰਟੇ ਕੁ ਪਿਛੋ ਬਾਪੂ ਦਾ ਮੁੰਡਾ ਰੀਡਰ ਨਾਲ ਗੱਲ ਕਰਨ ਉਪਰੰਤ ਢਿੱਲਾ ਜਿਹਾ ਮੂੰਹ ਕਰੀ ਬਾਪੂ ਨੂੰ ਕਹਿਣ ਲੱਗਾ ਕਿ ਬਾਪੂ ਜੀ ਰੀਡਰ ਕਹਿੰਦਾ  ਮੈ ਤਾਂ ਮੁਕਤਸਰ ਮਾਘੀ ਮੇਲੇ ਤੇ ਫੋਰਸ ਲੈਕੇ ਅਇਆ ਹੋਇਆ ਹਾਂ,ਮੈ ਡੀ ਸੀ ਸਹਿਬ ਦੇ ਅਸਲਾ ਤਫਤੀਸ਼ ਕਲਰਕ ਗੁਰਜੀਤ ਕੋਲ ਤੁਹਾਡੀ ਸਿਫਾਰਸ਼ ਲਗਾ ਦਿੱਤੀ ਹੈ,ਤੁਸੀ ਕੱਲ ਨੂੰ ਮੋਗੇ ਸੁਵਿਧਾ ਸੈਟਰ ਵਿੱਚ ਉਹਨੂੰ ਮਿਲ ਲਿਓ।ਸਵੇਰਿਓ ਫੇਰ ਮੁੰਡੇ ਬਾਪੂ ਸਮੇਤ ਮੋਗੇ ਪਹੁੰਚ ਗਏ,ਜਾਕੇ ਗੁਰਜੀਤ ਨੂੰ ਮਿਲੇ , ਗੁਰਜੀਤ ਦੇ ਟੁਟੇ ਜਿਹੇ ਮੇਜ ਤੇ ਜਿਵੇ ਚਾਰ ਪੰਡਾਂ ਕਾਗਜਾ ਦੀਆਂ ਖਿਲਰੀਆਂ ਵੇਖ ਕਿ ਬਾਪੂ ਦੇ ਫੇਰ ਸਾਹ ਸੁਕ ਗਏ।ਬਾਪੂ ਨੇ ਹੌਸਲਾ ਜਿਹਾ ਕਰਕੇ ਕਿਹਾ ‘ਕਾਕਾ ਅਸੀ ਧੂਹੜਕੋਟ ਤੋ ਆਏ ਹਾਂ , ਚੰਨਣ ਸਿੰਘ ਨੇ ਤੈਨੂੰ ਮਿਲਣ ਵਾਸਤੇ ਕਿਹਾ ਸੀ , ਮੇਰੀ ਰਫਲ ਦੇ ਮੁਤੱਲਿਕ। ਗੁਰਜੀਤ ਕਹਿਣ ਲੱਗਾ ਕੀ ਨਾਂ ਬਜੁਰਗੋ ..? ਬਾਪੂ ਕਹਿੰਦਾ ਹਰਦਿਆਲ ਸਿੰਘ ਸਪੁਤਰ ਕਿਹਰ ਸਿੰਘ,ਪਿੰਡ  ਧੂਹੜਕੋਟ। ਘੰਟਾ ਕੁ ਗੁਰਜੀਤ ਦੇ ਲੱਛਣ ਵੇਖ ਕਿ ਬਾਪੂ ਕਹਿੰਦਾ ਕਿਓ ਬਈ ਜੁਆਨਾਂ ਸਾਡਾ ਕੀ ਬਣਿਆ..? ਗੁਰਜੀਤ ਕਹਿੰਦਾਂ ਬਜੁਰਗੋ ਤੁਹਾਡੀ ਤਾਂ ਫਾਇਲ ਹੀ ਨਹੀ ਲੱਭ ਰਹੀ।ਬਾਪੂ ਦਾ ਵੱਡਾ ਮੁੰਡਾ ਹਰਮੇਲ ਚੌਕ ਪਿਆ ਅਤੇ ਬੋਲਿਆ ਓਦਣ ਤਾਂ ਕਹਿੰਦਾ ਸੀ ਮੇਰੇ ਕੋਲ ਤੁਹਾਡੀ ਤਫਤੀਸ਼ ਵਾਲੀ ਫਾਇਲ ਪਹੁੰਚੀ ਹੋਈ ਆ… ਅੱਜ ਫਾਇਲ ਕੋਈ ਚੋਰੀ ਕਰਕੇ ਲੈ ਗਿਆ..? ਗੁਰਜੀਤ ਕਹਿੰਦਾ ਬਾਈ ਜੀ ਆ ਕੁਝ ਕੁ ਫਾਇਲਾਂ ਤੁਸੀ ਦੇਖਿਓ ਸ਼ਾਇਦ ਮੇਰੀ ਨਿਗਹਾ ਚੋ ਬਜੁਰਗਾਂ ਦਾ ਨਾਮ ਖੁੰਝ ਗਿਆ ਹੋਵੇ।ਹਰਮੇਲ ਦੇ ਮੂਹਰੇ ਗੁਰਜੀਤ ਨੇ ਪੰਡ ਪੇਪਰਾ ਦੀ ਖਿਲਾਰ ਦਿੱਤੀ ਅਤੇ ਆਪ ਬੇਧਿਆਨਾਂ ਜਿਹਾ ਹੋਕੇ ਹੋਰ ਕਲਰਕਾਂ ਨਾਲ ਗੱਲੀ ਰੁਝ ਗਿਆ। ਬਾਪੂ ਅਤੇ ਦੋਨੋ ਮੁੰਡੇ ਅੱਖਾ ਪਾੜ ਪਾੜ ਪੇਪਰ ਲੱਭਣ ਵਿੱਚ ਪੂਰਾ ਦਿਮਾਗ ਲਾ ਰਹੇ ਸਨ।ਜਦੋ   ਪੂਰੀ ਪੰਡ ਪੇਪਰਾ ਦੀ ਛਾਨਣ ਤੋ ਬਾਅਦ ਕੁਝ ਪੱਲੇ ਨਾਂ ਪਿਆ ਤਾਂ ਬਜੁਰਗ ਨੇ ਗੁਰਜੀਤ ਨੂੰ ਕਿਹਾ, ਜੁਆਨਾਂ ਇਹਦੇ ਵਿੱਚੋ ਸਾਨੂੰ ਕੁਝ ਨਹੀ ਲੱਭਾ, ਇਹਦਾ ਕੋਈ ਹੱਲ ਦੱਸ…? ਗੁਰਜੀਤ ਉਠਿਆ ਅਤੇ ਕਹਿੰਦਾ ਆਜੋ ਆਪਾ ਡੀ ਸੀ ਸਹਿਬ ਦੇ ਰੀਡਰ ਸਤਿਨਾਮ ਸਿੰਘ ਨਾਲ ਗੱਲ ਕਰਦੇ ਹਾਂ ਜੀ। ਲੰਮੀ ਦਾਹੜੀ ,ਸਿੱਖੀ ਸਰੂਪ ਵਾਲੇ ਡੀ ਸੀ ਦੇ ਰੀਡਰ ਸਤਿਨਾਮ ਸਿੰਘ ਨੂੰ ਬਾਪੂ ਸਮੇਤ ਮੁੰਡਿਆ ਨੇ ਜਾ ਫਤਿਹ ਬੁਲਾਈ।ਗੁਰਜੀਤ ਨੇ ਸੰਖੇਪ ਵਿੱਚ ਸਤਿਨਾਮ ਨੂੰ ਲਾਇਸੈਸ ਵਾਲੀ ਗੱਲ ਦੱਸੀ ਕਿ ‘ਯਾਰ ਵੇਖੀ ਕਿਤੇ ਇਹਨਾਂ ਬਜੁਰਗਾਂ ਦੀ ਅਸਲੇ ਵਾਲੀ ਫਾਇਲ ਤੇਰੇ ਦਫਤਰ ‘ਚ ਤਾਂ ਨਹੀ ਆਗੀ..? ਸਤਿਨਾਮ ਨੇ ਬਿਨਾਂ ਦੇਖੇ ਕਿਹਾ ਮੇਰੇ ਕੋਲ ਅੱਜ ਚਾਰ ਫਾਇਲਾਂ ਥੱਲਿਓ ਉੱਪਰ ਆਈਆ ਨੇ, ਪਰ ਧੂਹੜਕੋਟ ਵਾਲਿਆਂ ਦੀ ਕੋਈ ਫਾਇਲ ਨਹੀ ਆਈ।ਗੁਰਜੀਤ ਕਹਿਣ ਲੱਗਾ ਚਲੋ ਮੈ ਦੁਬਾਰਾ ਹੇਠਾਂ ਆਪਣੇ ਦਫਤਰ ‘ਚ ਚਿੱਕ ਕਰਦਾ ਹਾਂ, ਮੈਨੂੰ ਦਿਓ ਘੰਟਾ ਕੁ।

    ਬਾਪੂ ਅਤੇ ਮੁੰਡਿਆ ਦੀ ਹਾਲਤ ਵੇਖਕੇ ਡੀ ਸੀ ਸਹਿਬ ਦਾ ਰੀਡਰ ਕਹਿਣ ਲੱਗਾ ਬਾਪੂ ਜੀ ਕੀ ਗੱਲ ਹੋਈ ਬੜੇ ਦੁਖੀ ਪ੍ਰਤੀਤ ਹੁੰਦੇ ਹੋ..? ਬਾਪੂ ਨੇ ਸਾਰਾ ਮਾਜਰਾ ਰੀਡਰ ਸਤਿਨਾਮ ਸਿੰਘ ਨੂੰ ਦੱਸਿਆ । ਸਾਰੀ ਵਿਥਿਆਂ ਸੁਣਨ ਤੋ ਬਾਅਦ ਰੀਡਰ ਕਹਿਣ ਲੱਗਾ ਬਾਪੂ ਜੀ ਤੁਸੀ ਗੰਨ ਦਾ ਲਾਇਸ਼ੈਸ਼ ਕੈਂਸਲ ਕਰਵਾ ਦੇਵੋ ਕਿਉਕੇ ਤੁਹਾਡੇ ਕੋਲ ਸਮਾਂ ਘੱਟ ਹੈ ਅਤੇ ਇਥੇ ਪੰਜਾਬ ਦੇ ਮਾੜੇ ਸਿਸਟਮ ਵਿੱਚ ਐਨੀ ਜਲਦੀ ਇਹ ਕੰਮ ਨਹੀ ਹੋਣਾਂ, ਅਗਰ ਹੋ ਵੀ ਗਿਆ ਤਾਂ ਜਦੋ ਨੂੰ ਤੁਸੀ ਦੁਬਾਰਾ ਅਮਰੀਕਾ ਤੋ ਮੁੜਕੇ ਪੰਜਾਬ ਆਉਣਾਂ ‘ਤਾਂ ਇਹ ਲਾਇਸ਼ੈਸ ਦੀ ਮਿਆਦ ਫਿਰ ਲੰਘੀ ਹੋਵੇਗੀ ।ਬਾਪੂ ਦੇ ਕੁਝ ਕੁ ਗੱਲ ਖਾਨੇ ਪਈ, ਉਦੋ ਨੂੰ ਗੁਰਜੀਤ ਨੇ ਆਣ ਅਵਾਜ ਮਾਰੀ , ਹੁਣ ਤਾਂ ਕੁਵੇਲਾ ਹੋ ਗਿਆਂ ਜੀ, ਤੁਸੀ ਕੱਲ ਨੂੰ ਦੁਬਾਰਾ ਆਇਓ ਤੁਹਾਡਾ ਕੰਮ ਆਪਾਂ ਪਹਿਲ ਦੇ ਅਧਾਰ ਤੇ ਕਰਵਾ ਕਿ ਦੇਵਾਂਗੇ, ਕਿਉਕੇ ਮੈਨੂੰ ਅਬੋਹਰ ਤੋ ਵੀ ਕਈ ਵਾਰ ਤੁਹਾਡੇ ਕੰਮ ਸਬੰਧੀ ਫੋਨ ਆ ਚੁਕੇ ਨੇ।ਬਾਪੂ ਦੇ ਕੰਨਾਂ ਵਿੱਚ ਸਤਿਨਾਮ ਦੇ ਬੋਲ ਗੂੰਜ ਰਹੇ ਸਨ। ਬਾਪੂ ਤੇ ਮੁੰਡੇ ਭੁੱਖੇ ਤਿਹਾਏ ਅੱਕਲਕਾਣ ਹੋਏ ਬਿਨਾਂ ਇੱਕ ਦੂਜੇ ਨਾਲ ਬੋਲੇ ,ਪਰ ਮਨ ਵਿੱਚ ਤਿੰਨਾਂ ਪਿਓ ਪੁਤਾਂ ਦੇ ਇਹੀ ਵਿਚਾਰ ਚੱਲ ਰਹੇ ਸਨ ਕਿ ਪੰਜਾਬ ਦੇ ਹਾਕਮਾਂ  ਨੇ ਤਰੱਕੀ ਦੇ ਨਾਅਰੇ ਤਾਂ ਬਹੁਤ ਲਾਏ ਨੇ ਪਰ ਇੱਕ ਛੋਟੇ ਜਿਹੇ ਕੰਮ ਨੇ ਸਾਡੀਆਂ ਨੱਕ ਨਾਲ ਲਕੀਰਾਂ ਕਢਵਾ ਦਿੱਤੀਆ, ਅਗਰ ਕੋਈ ਫੌਜਦਾਰੀ ਵਗੈਰਾ ਦਾ ਮੁਕੱਦਮਾਂ ਪੈ ਜਾਵੇ ਫੇਰ ਤਾਂ ਰੱਬ ਹੀ ਰਾਖਾ।ਤਿੰਨੇ ਜਾਣੇ ਸਾਂਮ ਨੂੰ ਹਨੇਰੇ ਹੋਏ ਘਰੇ ਵੜੇ , ਬਿਨਾਂ ਕੋਈ ਬਹੁਤੀ ਗੱਲਬਾਤ ਕੀਤਿਆਂ ਸਾਰਾ ਟੱਬਰ ਆਪੋ ਆਪਣੇ ਕਮਰਿਆਂ ਵਿੱਚ ਜਾ ਵੜਿਆ।ਔਰਤਾਂ ਵੀ ਹਰਰੋਜ ਦੇ ਮੋਗੇ ਦੇ ਗੇੜਿਆਂ ਤੋ ਅੱਕ ਚੁਕੀਆਂ ਸਨ ਕਿਉਕੇ ਛੁੱਟੀਆਂ ਘਟਦੀਆਂ ਜਾਦੀਆਂ ਸਨ ਤੇ ਰਾਇਫਲ ਦੇ ਚੱਕਰ ਵਿੱਚ ਕਿਤੇ ਘੁੰਮਣ ਫਿਰਨ ਵੀ ਨਹੀ ਜਾ ਸਕੇ ਸੀ।ਪੋਤੇ ਨੇ ਵੀ ਅੱਜ ਬਾਪੂ ਦੀ ਰਾਇਫਲ ਵਿੱਚ ਦਿਲਚਸਪੀ ਲੈਣੀ ਛੱਡ ਦਿੱਤੀ ਸੀ।
    ਅਗਲੀ ਸਵੇਰ ਤਿੰਨੇ ਪਿਓ ਪੁੱਤ ਫੇਰ ਮੋਗੇ ਜਾਣ ਲਈ ਤਿਆਰ ਖੜੇ ਸਨ।ਵੱਡੇ ਮੁੰਡੇ ਨੇ ਗੱਡੀ ਦੀ ਸਿਲਫ ਮਾਰੀ ਤਾਂ ਬਾਪੂ ਨੂੰਹਾਂ ਨੂੰ ਮੁਖਾਫਿਤ ਹੋਕੇ  ਕਹਿਣ ਲੱਗਾ, ਬੱਸ ਪੁੱਤ ਅੱਜ ਰਫਲ ਦਾ ਨਿਬੇੜਾ ਕਰਕੇ ਹੀ ਮੁੜਾਗੇ ।ਗੱਡੀ ਮੋਗੇ ਸੁਵਿਧਾ ਸੈਟਰ ਪੁਹੰਚ ਗਈ, ਮੂਹਰੇ ਗੇਟ ਤੇ ਸੁਵਿਧਾ ਸੈਟਰ ਦਾ ਸਾਈਨ ਲੱਗਿਆ ਵੇਖ ਬਾਪੂ ਦਾ ਛੋਟਾ ਮੁੰਡਾ ਆਪ ਮੁਹਾਰੇ ਬੋਲਿਆ “ਲੱਗਦੇ ਸੁਵਿਧਾ ਸੈਟਰ ਦੇ, ਇਹਦਾ ਨਾਂਮ ਤਾ ਅਸੁਵਿਧਾ ਸੈਟਰ ਹੋਣਾਂ ਚਾਹਿੰਦਾ ਹੈ…. ਤਿੰਨੇ ਜਾਣੇ ਬੁੜ ਬੁੜ ਕਰਦੇ ਅਸਲਾ ਕਲਰਕ ਗੁਰਜੀਤ ਦੇ ਦਫਤਰ ਵਿੱਚ ਜਾ ਵੜੇ।ਗੁਰਜੀਤ ਵੇਖਣ ਸਾਰ ਕਹਿੰਦਾ, ਮੈਨੂੰ ਅੰਕਲ ਜੀ ਤੁਹਾਡੀ ਫਾਇਲ ਨਹੀ ਲੱਭੀ ਤੁਸੀ ਐਸ ਐਸ ਪੀ ਸਹਿਬ ਦੇ ਅਸਲਾ ਕਲੱਰਕ ਜਸਵੀਰ ਤੋ ਫਾਇਲ ਨੰਬਰ ਪਤਾ ਕਰਕੇ ਆਓ, ਮੈ ਉਹਨੂੰ ਫੋਨ ਕਰ ਦਿੰਦਾ ਹਾਂ ।ਦੰਦ ਕਰੀਚਦੇ ਬਾਪੂ ਦੇ ਮਗਰ ਮਗਰ ਮੁੰਡੇ ਐਸ ਐਸ ਪੀ ਦਫਤਰ ਦੇ ਅਸਲਾ ਕਲਰਕ ਜਸਵੀਰ ਕੋਲ ਪਹੁੰਚ ਗਏ ਅਤੇ ਜਾ ਫਤਿਹ ਬੁਲਾਈ। ਜਸਵੀਰ ਨੇ ਬਿਨਾਂ ਫਤਿਹ ਦਾ ਜੁਆਬ ਦਿੱਤਿਆਂ ਭ੍ਰਿਸ਼ਟ ਅੱਖਾਂ ਨਾਲ ਪੁਲਿਸ ਵਾਲਿਆਂ ਵਾਲੀ ਬੋਲੀ ਵਿੱਚ ਰੋਹਬ ਭਰੀ ਅਵਾਜ ਨਾਲ ਕਿਹਾ “ਦੱਸੋ” ਬਾਪੂ ਨੇ ਬੜੀ ਹਲੀਮੀ ਨਾਲ ਸਾਰੀ ਗੱਲ ਦੱਸਣ ਦੀ ਕੋਸਿਸ ਕੀਤੀ।ਜਸਵੀਰ ਨੇ ਕੁਰੱਖਤ ਅਤੇ ਪੁਲਿਸ ਵਾਲੀ ਹਵਸ ਭਰੀ ਅਵਾਜ ਨਾਲ ਗੱਲ ਅਰੰਭੀ “ਜੇ ਲੈਣੀ ਹੋਵੇ ਦਵਾਈ,ਤੇ ਬੰਦਾ ਤੁਰਿਆਂ ਪਨਸਾਰੀ ਦੀ ਦੁਕਾਨ ‘ਤੇ, ਫਿਰ ਕਸੂਰ ਕੀਹਦਾ…? ਬਾਪੂ ਗੱਲ ਸੁਣ ਕਿ ਭੰਬਲ ਭੁਸੇ ਵਿੱਚ ਪੈ ਗਿਆ ਅਤੇ ਬੋਲਿਆ ‘ਪੁਤਰਾ ਸਾਨੂੰ ਹੁਣ ਕੀ ਪਤਾ ਕੀਹਦੇ ਕੋਲ ਜਾਣਾ ਤੇ ਕੀਹਦੇ ਕੋਲ ਨਹੀ…? ਜਿਥੇ ਸਾਨੂੰ ਕੋਈ ਭੇਜੀ ਜਾਦਾ , ਅਸੀ ਉਥੇ ਜਾਈ ਜਾਨੇ ਆ…! ਕਲਰਕ ਗੱਲ ਸੁਣ ਕਿ ਹੋਰ ਭੂਸਰ ਗਿਆਂ ਤੇ ਕਹਿੰਦਾ ਤੁਹਾਡਾ ਏ ਐਲ ਆਰ ਨੰਬਰ ਕੀ ਆ..? ਬਾਪੂ ਦਾ ਛੋਟਾ ਮੁੰਡਾ ਕਹਿੰਦਾ ਉਹ ਕੀ ਹੁੰਦਾ..? ਕਲਰਕ ਜਸਵੀਰ ਸਿੰਘ ਕਹਿੰਦਾ, ਆਪਣੇ ਹਲਕੇ ਦੇ ਥਾਣੇ ਦੇ ਮੁਣਸੀ ਨੂੰ ਫੋਨ ਕਰੋ ਉਹ ਦੱਸ ਦੇਵੇਗਾ।ਮੁੰਡੇ ਨੇ ਆਪਣੇ ਪਿੰਡ ਦੇ ਸਰਪੰਚ ਨੂੰ ਫੋਨ ਕਰਕੇ ਮੁਣਸੀ ਦਾ ਨੰਬਰ ਲੈਕੇ ਫੋਨ ਮੁਣਸੀ ਨੂੰ  ਘੁੰਮਾਂ ਦਿੱਤਾ, ਮੂਹਰਿਓ ਮੁਣਸੀ ਕਹਿੰਦਾ ‘ਫਾਇਲਾ ਦੇ ਨੰਬਰ ਇਓ ਫੋਨਾਂ ਤੇ ਨਹੀ ਮਿਲਦੇ ਹੁੰਦੇ, ਕੱਲ ਨੂੰ ਥਾਣੇ ਆਕੇ ਲੈ ਜਾਇਓ’ ਅਤੇ ਪਟੱਕ ਕਰਕੇ ਫੋਨ ਕੱਟ ਦਿੱਤਾ।ਤਿੰਨੇ ਪਿਓ ਪੁੱਤ ਢਿੱਲੇ ਜਿਹੇ ਮੂੰਹ ਕਰਕੇ ਗੁਰਜੀਤ ਕੋਲ ਫੇਰ ਪੁਹੰਚ ਗਏ ।ਗੁਰਜੀਤ ਵੇਖਣ ਸਾਰ ਕਹਿੰਦਾ ਮਿਲ ਗਿਆ ਜੀ ਫਾਇਲ ਨੰਬਰ ।ਬਾਪੂ ਦਾ ਵੱਡਾ ਮੁੰਡਾ ਕਹਿੰਦਾ ਤੂੰ ਫਾਇਲ ਨੰਬਰ ਦੀ ਗੱਲ ਕਰਦਾ, ਉਹਦਾ ਤਾਂ ਜੀ ਕਰਦਾ ਸੀ ਜਿਵੇਂ ਸਾਨੂੰ ਦਫਤਰ ਵਿੱਚ ਬੰਨ ਕਿ ਕੁੱਟਦਾ, ਇਨੇ ਨੂੰ ਬਾਪੂ ਦਾ ਛੋਟਾ ਮੁੰਡਾ ਗੁਰਜੀਤ ਦੇ ਮੋਢੇ ਤੇ ਹੱਥ ਰੱਖ ਸਾਇਡ ਤੇ ਲੈ ਗਿਆਂ, ਤੇ ਕਹਿੰਦਾ ‘ਵੇਖ ਲੈਅ ਯਾਰ ਜੇ ਕੁਝ ਲੈ ਦੇਕੇ ਕੰਮ ਚਲਦਾ ਤਾਂ…ਇਹਨਾਂ ਸੁਣਦੇ ਸਾਰ ਗੁਰਜੀਤ ਵੀ ਫੁਲ ਵਾਂਗੂ ਖਿਲ ਗਿਆ।ਸਾਰਾ ਪੇਪਰਾ ਦਾ ਰੱਫੜ ਵਿੱਚੇ ਛੱਡ ਗੁਰਜੀਤ ਕਾਹਲੀ ਕਾਹਲੀ ਬਾਪੂ ਤੇ ਮੁੰਡਿਆ ਨੂੰ ਨਾਲ ਲੈਕੇ ਜਸਵੀਰ ਦੇ ਦਫਤਰ ਪਹੁੰਚ ਗਿਆ ਅਤੇ ਕਹਿੰਦਾ ‘ਯਾਰ ਜਸਵੀਰ ਇਹ ਆਪਣੇ ਆਵਦੇ ਬੰਦੇ ਨੇ ਯਾਰ, ਇਹਨਾਂ ਦਾ ਕੰਮ ਆਪਾ ਜਰੂਰ ਕਰਕੇ ਦੇਣਾ । ਪਹਿਲਾ ਤਾਂ ਜਸਵੀਰ ਪੈਰਾ ਤੇ ਪਾਣੀ ਨਾਂਹ ਪੈਣ ਦੇਵੇ ਕਹੇ ‘ਮੈ ਕਿਥੋ ਲੱਭਾ ਫਾਇਲਾ , ਅਸੀ ਇਥੇ ਫਾਇਲਾ ਲੱਭਣ ਵਾਸਤੇ ਵਿਹਲੇ ਬੈਠੇ ਆ…. ਸਾਨੂੰ ਹੋਰ ਵੀ ਬਥੇਰੇ ਕੰਮ ਨੇ,ਗਰਦ ਪਤਾ ਕਿੰਨ੍ਹੀ ਜਿਆਦਾ ਪਈ ਆ ਫਾਇਲਾ ਵਾਲੇ ਕਮਰੇ ਵਿੱਚ। ਗੁਰਜੀਤ ਨੇ ਖਚਰਾ ਹਾਸਾ ਹਸਦੇ ਹੋਏ ਜਸਵੀਰ ਦੀ ਕੰਡ ਤੇ ਹੱਥ ਫੇਰਦਿਆਂ ਕਿਹਾ  “ਯਾਰ ਫਿਕਰ ਕਿਓ ਕਰਦਾ ਸਰਦਾਰ ਹੋਰੀ ਤੇਰੀ ਸਾਰੀ ਗਰਦ ਝਾੜਕੇ ਜਾਣਗੇ ।ਗੱਲ ਸੁਣਦੇ ਸੁਣਦੇ ਜਸਵੀਰ ਦੇ ਭ੍ਰਿਸ਼ਟ ਚਿਹਰੇ ਤੇ ਡਰਾਉਣੀ ਜਿਹੀ ਮੁਸਕਰਾਹਟ ਆ ਗਈ।ਸ਼ਰਾਬੀ ਚਿਹਰਾ ਰਿਸ਼ਵਤ ਦੇ ਪੈਸਿਆਂ ਲਈ ਹੋਰ ਲਾਲ ਹੋ ਗਿਆ। ਉਸ ਦੀਆਂ  ਅੱਖਾਂ ਵਿੱਚੋ ਪੁਲਿਸ ਦੀ ਲਾਲਚੀ ਹਵਸ਼ ਠਾਠਾਂ ਮਾਰ ਉਠੀ ਅਤੇ ਬੋਲਿਆ ‘ਅੱਧੇ  ਕੁ ਘੰਟੇ ਨੂੰ ਲੈ ਜਿਓ ਫਾਇਲ ।ਜਿਵੇਂ ਹੀ ਬਾਪੂ ਹੋਰੀ ਜਸਵੀਰ ਦੇ ਦਫਤਰ ਵਿੱਚੋ ਬਾਹਰ ਨਿਲਕੇ ਬਾਪੂ ਖਿਝ ਕੇ ਬੋਲਿਆ ‘ਜਾਹ ਯਾਰ ਗੁਰਜੀਤ ਤੂੰ ਵੀ ਤੇ ਤੇਰਾ ਜਸਵੀਰ ਵੀ ਚਾਹ ਪੂਰਾ ਕਰ ਲਵੋ ਮੈ ਲਾਈਸੈਂਸ ਬਣਵਾਉਣਾ ਹੀ ਨਹੀ। ਬਾਪੂ ਦੀ ਸ਼ਪੱਸ਼ਟ ਗੱਲ ਸੁਣਕੇ ਗੁਰਜੀਤ ਦੇ ਚਿਹਰੇ ਦਾ ਰੰਗ ਉੱਡ ਗਿਆ ।ਉਹਨੂੰ ਮਹਿਸੂਸ ਹੋਇਆ ਜਿਵੇਂ ਜਾਲ ਵਿੱਚ ਫਸਿਆ ਤਿੱਤਰ ਉਡਾਰੀ ਮਾਰ ਗਿਆ ਹੋਵੇ।ਲੜਖੜਾਉਦੀ ਜਵਾਨ ਨਾਲ ਕਹਿੰਦਾ ‘ਅੰਕਲ ਜੀ ਹੁਣ ਤਾਂ ਕੰਮ ਆਪਣਾ ਸਿਰੇ ਲੱਗਣ ਵਾਲਾ ਸੀ ‘ਤੇ ਇਹ ਤੁਸੀ ਕੀ ਕਹਿ ਰਹੇ ਹੋ…? ਬਾਪੂ ਨੇ ਭਰੇ ਮਨ ਨਾਲ ਕਿਹਾ ਹੁਣ ਮੈਨੂੰ ਪਤਾ ਲੱਗਾ ਕਿ ਪੰਜਾਬ ਦਾ ਹਰ ਇੱਕ ਨੌਜੁਆਨ ਮੁੰਡਾ ਜਾ ਕੁੜੀ ਅਮਰੀਕਾ ਜਾਣ ਲਈ ਕਿਉ ਤੱਤਪਰ ਹੈ।ਜਿਹੜੇ ਕੰਮ ਅਮਰੀਕਾ ਫੋਨ ਤੇ ਹੁੰਦੇ ਨੇ , ਉਹਨਾਂ ਕੰਮਾ ਲਈ ਇੱਥੇ ਸਾਡੀਆਂ ਜੁਤੀਆਂ ਘਸ ਗਈਆਂ।ਪਹਿਲੋ ਪਹਿਲ ਮੈਨੂੰ ਲਗਦਾ ਹੁੰਦਾਂ ਸੀ ਸਾਇਦ ਅਮਰੀਕਾ ਜਾ ਕਿ ਅਸੀ ਗਲਤ ਫੈਸਲਾ ਕੀਤਾ, ਪਰ ਹੁਣ ਮਹਿਸੂਸ ਹੁੰਦਾ ਕਿ ਐਵੇ ਨਹੀ ਪੂਜਦੀ ਦੁਨੀਆਂ ਨੀਲੇ ਦੇ ਸ਼ਾਹ ਅਸ਼ਵਾਰ ਨੂੰ , ਬੁੜ ਬੁੜ ਕਰਦਾ ਬਾਪੂ ਨਾਲੇ ਸਤਿਨਾਮ ਸਿੰਘ ਦੇ ਦਫਤਰ ਵੱਲ ਨੂੰ ਤੁਰਿਆ ਜਾਵੇ ਨਾਲੇ ਕਹਿੰਦਾ ” ਬਾਦਲ ਸਹਿਬ ਕਹਿੰਦੇ ਸੀ ਕਿ ਅਸੀ ਪੰਜਾਬ ਨੂੰ ਕੈਲੇਫੋਰਨੀਆਂ ਬਣਾਂ ਦੇਣਾ ਹੈ , ਰੱਬ ਦਾ ਵਾਸਤਾ ਪੰਜਾਬ ਨੂੰ ਪੰਜਾਬ ਹੀ ਰਹਿਣ ਦਿਓ…ਐਨਾਂ ਵਿਸ਼ਵਾਸ਼ਘਾਤ ਪੰਜਾਬੀਆਂ ਨਾਲ ‘ਕਹਿੰਦੇ ਐਨ ਆਰ ਆਈ ਵੀਰਾ ਲਈ ਸਪੈਸਲ ਥਾਣੇ , ਰਿਸ਼ਵਤਖੋਰੀ ਬੰਦ , ਅੱਜ ਵੀ ਪੰਜਾਬ ਦਾ ਪੁਲਿਸ ਅਤੇ ਨਿਆਂ ਪਾਲਕਾ ਪੂਰੇ ਦਾ ਪੂਰਾ ਸਿਸਟਮ ਸੰਨ 47 ਨਾਲੋ ਕੋਈ ਬਹੁਤਾ ਬਿਹਤਰ ਨਹੀਂ ।

    ਸਤਿਨਾਮ ਸਿੰਘ ਦੇ ਦਫਤਰ ਪਹੁੰਚਕੇ ਬਾਪੂ ਕਹਿੰਦਾ ਲੈ ਬਈ ਜੁਆਨਾਂ ਕਰਦੇ ਲਾਈਸੈਂਸ  ਕੈਂਸਲ। ਸਾਮ ਦੇ 3 ਵੱਜ ਚੁੱਕੇ ਸਨ, ਸਤਿਨਾਮ ਨੇ ਅਰਜੀ ਅਤੇ ਕੁਝ ਹੋਰ ਪੇਪਰ ਭਰਨ ਲਈ ਬਾਪੂ ਨੂੰ ਫੜਾਏ ਅਤੇ ਕਹਿੰਦਾ ਕਿ ਥੱਲੇ ਜਾ ਕਿ ਆਰਜੀ ਨਸੀਬ ਤੋ ਪੇਪਰ ਭਰਵਾ ਕਿ ਵਕੀਲ ਤੋ ਅਟੈਸਟਿਡ ਕਰਵਾ ਕਿ ਲਿਆਓ। ਮੁੰਡਿਆ ਨੇ ਮਸਾ ਭੱਜ ਨੱਠ ਕਰਕੇ ਕਾਗਜ ਪੱਤਰ ਤਿਆਰ ਕੀਤੇ, ਜਦੋ ਸਤਿਨਾਮ ਕੋਲ ਪਹੁੰਚੇ ਤਾਂ ਉਹ ਕਹਿੰਦਾ ਬਜੁਰਗੋ ਏ ਡੀ ਸੀ ਸਹਿਬ ਉਠ ਖੜੇ ਹੁਣ ਤਾਂ ਤੁਸੀ ਕੱਲ ਨੂੰ 12 ਕੁ ਵਜੇ ਆਇਓ ਮੈ ਤੁਹਾਡੀ ਫਾਇਲ ਤੇ ਸਾਈਨ ਕਰਵਾਕੇ ਰੱਖਾਗਾ।ਫੇਰ ਮੰਦੜੇ ਹਾਲੀ ਤਿੰਨੇ ਪਿੰਡ ਪਹੁੰਚ ਗਏ।ਸਵੇਰਿਓ ਫੇਰ ਉਹੀ ਕਹੀ ਤੇ ਓਹੀ ਘੁਹਾੜਾ, ਮੁੜ ਘੁੜ ਬੋਤੀ ਬੋਹੜ ਥੱਲੇ।ਫੇਰ ਤਿਕੜੀ ਮੋਗੇ ਪਹੁੰਚ ਗਈ ਦੁਪਿਹਰ ਕੁ ਜੀ ਨੂੰ ਸਤਿਨਾਮ ਸਿੰਘ ਤਿੰਨਾਂ ਨੂੰ ਵੇਖ ਬੜੇ ਅਦਬ ਸਤਿਕਾਰ ਨਾਲ ਮਿਲਿਆ ਪਰ ਉਦਾਸ ਮਨ ਨਾਲ ਕਹਿੰਦਾ ਕਿ ਏ ਡੀ ਸੀ ਸਹਿਬ ਅਜੇ ਦਫਤਰ ਵਿੱਚ ਪਹੁੰਚੇ ਨਹੀ , ਪਰ ਤੁਸੀ ਬੈਠੋ ਮੈ ਚਾਹ ਮੰਗਵਾਉਦਾ ਹਾਂ,ਜਦੋ ਹੀ ਸਹਿਬ ਆਉਦੇ ਨੇ ਮੈ ਸਭ ਤੋ ਪਹਿਲਾਂ ਤੁਹਾਡਾ ਹੀ ਕੰਮ ਕਰਵਾ ਕਿ ਦੇਵਾਂਗਾ।ਤਿੰਨਾਂ ਪਿਓ ਪੁਤਾ ਕੋਲ ਸਹਿਬ ਦੀ ਉਡੀਕ ਕਰਨ ਤੋ ਬਿਨਾਂ ਹੋਰ ਕੋਈ ਚਾਰਾ ਨਹੀ ਸੀ।ਦੁਪਿਹਰ 12 ਵਜੇ ਤੋ ਲੈਕੇ ਸਾਮ ਦੇ 6 ਵੱਜ ਚੁਕੇ ਸਨ ,ਪਰ ਹਾਲੇ ਤੱਕ ਸਹਿਬ ਨਹੀ ਸੀ ਪਹੁੰਚਿਆ।ਭੁੱਖਣ ਭਾਣੇ ਤਿੰਨੇ ਜਾਣੇ ਬਾਪੂ ਹੋਰੀ ਵੀ ਕੁਰਸੀਆਂ ਤੇ ਸੌਅ ਸੌਅ ਅੱਕ ਚੁਕੇ ਸਨ , ਪਰ ਬੇਯਕੀਨੀ ਉਡੀਕ ਕਰਨ ਤੋ ਬਿਨਾਂ ਉਹਨਾਂ ਕੋਲ ਹੋਰ ਕੋਈ ਰਾਹ ਨਹੀ ਸੀ।ਅਖੀਰ ਸਾਮ ਨੂੰ 7 ਵਜੇ ਏ ਡੀ ਸੀ ਸਹਿਬ ਦਫਤਰ ਵਿੱਚ ਪਹੁੰਚੇ। ਬੜੇ ਕੁਰੱਖਤ ਸੁਭਾਅ ਵਾਲੇ ਹਿੰਦੂ ਸਹਿਬ ਅੱਗੇ ਬਜੁਰਗ ਅਤੇ ਉਹਦੇ ਮੁੰਡੇ ਹੱਥ ਜੋੜੀ ਖੜੇ ਲਾਈਸੈਂਸ  ਕੈਸ਼ਲ ਕਰਵਾਉਣ ਲਈ ਰਹਿਮ ਦੀ ਭੀਖ ਮੰਗ ਰਹੇ ਸਨ।ਪਰ ਸਹਿਬ ਬਿਨਾਂ ਕਿਸੇ ਦੀ ਸੱਤ ਸ੍ਰੀ ਅਕਾਲ ਦਾ ਜੁਆਬ ਦਿੱਤਿਆ ਬਸ ਕਾਗਜਾ ਤੇ ਯਰੀਟਾਂ ਮਾਰੀ ਜਾ ਰਿਹਾ ਸੀ।ਅਖੀਰ  ਕੈਸਲ ਕਰਵਾ ਕਿ , ਰਾਇਫਲ ਵੇਚਣ ਦਾ ਸਰਟੀਫਿਕੇਟ ਲੈਕੇ ਤਿੰਨੇ ਪਿਓ ਪੁੱਤ ਅਸਲੇ ਵਾਲੀ ਦੁਕਾਨ ਤੇ ਪਹੁੰਚੇ । ਜਦੋ ਦੁਕਾਨ ਵਾਲੇ ਨੇ ਸਰਟੀਫਿਕੇਟ ਵੇਖਿਆਂ ਤਾਂ ਉਹ ਮੱਥੇ ਤੇ ਹੱਥ ਮਾਰ ਕਿ ਕਹਿਣ ਲੱਗਾ ‘ਅੰਕਲ ਜੀ ਇਹ ਤਾਂ ਕੈਹਰੀ ਨਾਲੀ ਵੇਚਣ ਦਾ ਸਰਟੀਫਿਕੇਟ ਤੁਸੀ ਚੱਕੀ ਫਿਰਦੇ ਹੋ , ਆਪਣੀ ਗੰਨ ਤਾਂ ਦੋਨਾਲੀ ਹੈ…? ਬਾਪੂ ਨੂੰ ਸੁਣਦੇ ਸਾਰ ਪਸੀਨਾਂ ਆ ਗਿਆਂ ਤੇ ਕਹਿੰਦਾ ਯਾਰ ਸਾਥੋ ਹੁਣ ਹੋਰ ਪੰਗੇ ਨਹੀ ਕੀਤੇ ਜਾਦੇ… ਸਾਡੀਆਂ ਤਾਂ ਰਾਇਫਲ ਨੇ “ਲੇਲੜੀਆਂ ਕਢਵਾ ਦਿਤੀਆਂ ਨੇ”  ਸਾਰਾ ਟੱਬਰ ਕੰਮ ਕਾਰ ਛੱਡੀ ਇਸੇ ਕੰਜਰਖਾਨੇ ‘ਚ ਤੁਰੇ ਫਿਰਦੇ ਹਾਂ ਮਹੀਨਾ ਹੋ ਗਿਆ।ਤੂੰ ਪੁੱਤਰਾ ਜਿਨੇ ਦੀ ਮਰਜੀ ਰਾਇਫਲ ਰੱਖ ਲੈ ਸਾਡਾ ਖਹਿੜਾ ਛੁਡਵਾ ਦੇ ਇੱਕ ਵਾਰੀ।ਅਖੀਰ ਕੌਡੀਆਂ ਦੇ ਭਾਅ ਦੁਨਾਲੀ ਰਾਇਫਲ ਵੇਚ ਕਿ ਤਿੰਨੇ ਪਿਓ ਪੁੱਤ ਸਿਸਟਮ ਨੂੰ ਕੋਸਦੇ ਆਪਣੇ ਘਰ ਵਾਪਸ ਆਏ ਅਤੇ ਰੱਜ ਕਿ ਆਪਣੀ ਨੀਂਦ ਸੁੱਤੇ । ਸਾਰਾ ਟੱਬਰ ਅੱਜ ਇੰਝ ਮਹਿਸੂਸ ਕਰ ਰਿਹਾ ਸੀ ਜਿਵੇਂ ਸਿਰ ਤੋਂ ਬਹੁਤ ਵੱਡਾ ਬੋਝ ਹਲਕਾ ਹੋ ਗਿਆ ਹੋਵੇ।

    ਗੁਰਿੰਦਰਜੀਤ ਸਿੰਘ ( ਨੀਟਾ ਮਾਛੀਕੇ )
    ਫਰਿਜਨੋ 559-333-5776

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!