ਪਿੰਡ ਝੰਡੇਆਣਾ ਸ਼ਰਕੀ ਦੀ ਫਿਰਨੀ ਤੇ 125 ਫਾਈਕਸ ਦੇ ਪੌਦੇ ਅਤੇ ਗਾਰਡ ਲਗਾਏ
ਮੋਗਾ (ਪੰਜ ਦਰਿਆ ਬਿਊਰੋ) ਨੈਸਲੇ ਇੰਡੀਆ ਲਿਮਟਿਡ ਦੇ ਮੁਲਾਜ਼ਮ ਅਤੇ ਪਿੰਡ ਦੁਸਾਂਝ ਦੇ ਨਿਵਾਸੀ ਉਘੇ ਵਾਤਾਵਰਣ ਪ੍ਰੇਮੀ ਬਲਵਿੰਦਰ ਸਿੰਘ ਸੰਘਾ ਨੇ ਪਿੰਡ ਝੰਡੇਆਣਾ ਸ਼ਰਕੀ ਦੀ ਫਿਰਨੀ ਤੇ 7 ਫੁੱਟੇ ਫਾਈਕਸ ਦੇ 125 ਪੌਦੇ ਟ੍ਰੀ ਗਾਰਡਾਂ ਸਮੇਤ ਲਗਾ ਕੇ ਜਿੱਥੇ ਪਿੰਡ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਏ ਹਨ, ਉਥੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ, ਜਿਸ ਲਈ ਪਿੰਡ ਝੰਡੇਆਣਾ ਸ਼ਰਕੀ ਦੀ ਪੰਚਾਇਤ ਅਤੇ ਸਮੂਹ ਨਿਵਾਸੀ ਉਨ੍ਹਾਂ ਦੇ ਧੰਨਵਾਦੀ ਹਨ। ਇਹ ਜਾਣਕਾਰੀ ਦਿੰਦਿਆਂ ਪਿੰਡ ਝੰਡੇਆਣਾ ਸ਼ਰਕੀ ਦੇ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਸੰਘਾ ਨੇ ਇਹ ਸਾਰਾ ਖਰਚਾ ਆਪਣੀ ਜੇਬ ਵਿੱਚੋਂ ਕੀਤਾ ਹੈ ਤੇ ਉਨ੍ਹਾਂ ਵੱਲੋਂ ਸਾਰੇ ਪੌਦਿਆਂ ਨੂੰ ਟ੍ਰੀ ਗਾਰਡ ਲਗਾ ਕੇ ਅਵਾਰਾ ਪਸ਼ੂਆਂ ਤੋਂ ਸੁਰੱਖਿਅਤ ਵੀ ਕੀਤਾ ਹੈ। ਉਹਨਾਂ ਦੱਸਿਆ ਕਿ ਬਲਵਿੰਦਰ ਸਿੰਘ ਸੰਘਾ ਦਾ ਆਪਣਾ ਪਿੰਡ ਦੁਸਾਂਝ ਹੈ ਤੇ ਉਹ ਨੈਸਲੇ ਇੰਡੀਆ ਲਿਮਟਿਡ ਵਿੱਚ ਮੁਲਾਜ਼ਮ ਹਨ। ਉਹ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਹੋਣ ਨਾਤੇ ਸਾਡੇ ਪਿੰਡ ਵਿੱਚ ਅਕਸਰ ਸਮਾਜ ਸੇਵੀ ਗਤੀਵਿਧੀਆਂ ਕਰਦੇ ਰਹਿੰਦੇ ਹਨ। ਉਹਨਾਂ ਵੱਲੋਂ ਪਿੰਡ ਵਿੱਚ ਅੱਖਾਂ ਦੇ ਕੈਂਪ ਵੀ ਲਗਾਏ ਗਏ ਹਨ ਤੇ ਇੱਕ ਗਰੀਬ ਪਰਿਵਾਰਾਂ ਨੂੰ ਮਕਾਨ ਵੀ ਬਣਾ ਕੇ ਦਿੱਤਾ ਹੈ। ਉਨ੍ਹਾਂ ਬਲਵਿੰਦਰ ਸੰਘਾ ਦੇ ਕੰਮਾਂ ਦੀ ਤਾਰੀਫ ਕਰਦਿਆਂ ਕਿਹਾ ਸਾਨੂੰ ਸਭ ਨੂੰ ਅਜਿਹੇ ਸਮਾਜ ਸੇਵੀ ਜਜਬੇ ਦੇ ਨਾਲ ਕੰਮ ਕਰਨਾ ਚਾਹੀਦਾ ਹੈ।ਉਨ੍ਹਾਂ ਪਿੰਡ ਦੀ ਪੰਚਾਇਤ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਬਲਵਿੰਦਰ ਸੰਘਾ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਾਤਾਵਰਣ ਪ੍ਰੇਮੀ ਬਲਵਿੰਦਰ ਸੰਘਾ ਨੇ ਦੱਸਿਆ ਕਿ ਉਨ੍ਹਾਂ ਨੇ ਤਿੰਨ ਲੱਖ ਰੁਪਏ ਦੀ ਲਾਗਤ ਨਾਲ 7-7 ਫੁੱਟੇ ਫਾਈਕਸ ਦੇ 400 ਪੌਦੇ ਅਤੇ 400 ਟ੍ਰੀ ਗਾਰਡ ਤਿਆਰ ਕੀਤੇ ਹਨ, ਜਿਸ ਨਾਲ ਤਿੰਨ ਪਿੰਡਾਂ ਦੀਆਂ ਫਿਰਨੀਆਂ ਨੂੰ ਸੁੰਦਰ ਬਨਾਉਣ ਦੇ ਪ੍ਰੋਜੈਕਟ ਤੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਝੰਡੇਆਣਾ ਸ਼ਰਕੀ ਦੀ ਫਿਰਨੀ ਤੇ ਪੌਦੇ ਲਗਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ ਹੁਣ ਪਿੰਡ ਨੱਥੂਵਾਲਾ ਜਦੀਦ ਅਤੇ ਮਟਵਾਣੀ ਵਿੱਚ ਵੀ ਪੌਦੇ ਲਗਾਏ ਜਾਣਗੇ। ਬਲਵਿੰਦਰ ਸੰਘਾ ਦੇ ਇਸ ਮਹਾਨ ਕਾਰਜ ਦੀ ਪ੍ਰਸੰਸ਼ਾ ਕਰਦਿਆਂ ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਬਲਵਿੰਦਰ ਸੰਘਾ ਸਾਡੇ ਪਿੰਡ ਦੁਸਾਂਝ ਦੇ ਵਸਨੀਕ ਹਨ ਤੇ ਉਨ੍ਹਾਂ ਆਪਣੇ ਕੰਮਾਂ ਨਾਲ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਯੂਥ ਕਲੱਬ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਵੀ ਬਲਵਿੰਦਰ ਸੰਘਾ ਦੇ ਇਸ ਉਦਮ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉਕਤ ਤੋਂ ਇਲਾਵਾ ਸੰਦੀਪ ਸਿੰਘ, ਰਣਦੀਪ ਸਿੰਘ, ਹਰਜਿੰਦਰ ਸਿੰਘ, ਲਵਪ੍ਰੀਤ ਸਿੰਘ, ਸੋਨੀ ਸਿੰਘ, ਪਰਮੇਸਰ ਸਿੰਘ, ਸੁਖਪਾਲ ਸਿੰਘ, ਅਰਸਦੀਪ ਸਿੰਘ, ਸਤਿਨਾਮ ਸਿੰਘ, ਮਨਮੋਹਨ ਸਿੰਘ, ਸੁਖਦੀਪ ਸਿੰਘ, ਹਰਜੀਤ ਸਿੰਘ ਸੰਘਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਿੰਡ ਦੁਸਾਂਝ ਦੇ ਪ੍ਰਧਾਨ ਨਿਰਮਲ ਸਿੰਘ ਸੰਘਾ ਆਦਿ ਹਾਜ਼ਰ ਸਨ।
