
ਇਹ ਦਿਲ ਵਿੱਚ ਬੇਚੈਨੀ ਕਿਉਂ ਹੈ,
ਅੱਖਾਂ ਵਿੱਚ ਨੀਰ ਕਿਉਂ ਲਰਜ਼ਦੇ।
ਜੋ ਦੂਜਿਆਂ ਦਾ ਢਿੱਡ ਭਰਦੇ,
ਕਿਉਂ ਆਪਣੇ ਹੱਕਾਂ ਲਈ ਤਰਸਦੇ?
ਕਿਉਂ ਓਹਨਾਂ ਦੇ ਘਰ ਵਿੱਚ ਹਨੇਰਾ,
ਜੋ ਦਿਨ- ਰਾਤ ਕੰਮ ਨੇ ਕਰਦੇ?
ਪਰ ਜੋ ਲੁੱਟਣ ਵਿੱਚ ਮਗਨ ਨੇ,
ਕਿਉਂ ਓਹਨਾਂ ਦੇ ਦੀਵੇ ਜਗਦੇ?
ਮਿਹਨਤਕਸ਼ ਹੀ ਦੁੱਖ ਨੇ ਜਰਦੇ,
ਤਪਦੀਆਂ ਧੁੱਪਾਂ ਵਿੱਚ ਨੇ ਸੜਦੇ,
ਠਰਦੀਆਂ ਰਾਤਾਂ ਵਿੱਚ ਨੇ ਠਰਦੇ,
ਫਿਰ ਵੀ ਹੌਂਸਲਾ ਨਾ ਹਰਦੇ।
ਇਹ ਕਿਰਤੀ ਦਿਲ ਦੇ ਪਾਕ ਹੁੰਦੇ,
ਕਦੇ ਮਿਹਨਤ ਤੋਂ ਨਾ ਮੁਕਰਦੇ।
ਪਰ ਚਾਨਣ ਖੁਸ਼ੀਆਂ, ਖੇੜਿਆਂ ਦੇ,
ਕਿਉਂ ਕਿਰਤੀ ਦੇ ਘਰੀਂ ਨਾ ਚੜ੍ਹਦੇ?
ਉਹ ਜੋ ਅਮੀਰ ਤੇ ਬਖ਼ਤਾਵਰ,
ਰਹਿੰਦੇ ਜ਼ੋਰ ਜਬਰ ਕਰਦੇ।
ਰੱਤ ਨਿਚੋੜ ਕੇ ਕਿਸੇ ਦੀ,
ਜਾਣ ਆਪਣਾ ਢਿੱਡ ਭਰਦੇ।
ਤਾਕਤਵਰ ਨੇ ਕਿਉਂ ਕਸਾਈ,
ਕਿਉਂ ਇਹ ਰੱਬ ਤੋਂ ਨਾ ਡਰਦੇ?
ਕਿਉਂ ਇਹ ਸਭ ਨੂੰ ਜਾਂਦੇ ਠਗਦੇ,
ਇਹ ਸ਼ਰਮ ਭੋਰਾ ਵੀ ਨਾ ਕਰਦੇ।
ਇਹ ਬਦ-ਅਖ਼ਲਾਕ,ਕਾਫ਼ਿਰ ਹਾਕਮ,
ਗੁਰੂ ਨਾਨਕ ਨੂੰ ਕਿਉਂ ਨਾ ਪੜ੍ਹਦੇ?
ਕਿਉਂ ਕਿਰਤੀ ਨੇ ਬਸ ਤੜਪਦੇ,
ਕਿਉਂ ਕਿਰਤੀ ਨੇ ਰੋਜ਼ ਮਰਦੇ?
ਕੀ ਰੱਬ ਵੀ ਵੇਖਦਾ ਹੋਵੇਗਾ,
ਕੀ ਜ਼ੁਲਮ ਹੋ ਰਿਹਾ ਏ ਜਗ ਤੇ?
ਗੁਹਾਰ ਕਿਰਤੀ ਦੀ ਕਦੇ ਵੀ,
ਕਿਉਂ ਨਾ ਕੰਨੀ ਪੈਂਦੀ ਰੱਬ ਦੇ?
ਕਿਉਂ ਨਾ ਕੰਨੀ ਪੈਂਦੀ ਰੱਬ ਦੇ?
ਕਿਉਂ ਨਾ ਕੰਨੀ ਪੈਂਦੀ ਰੱਬ ਦੇ?
ਅਮਨਜੀਤ ਜੌਹਲ