
ਮਨਜੀਤ ਸਿੰਘ ਸਰਾਂ (ਉਨਟਾਰੀਉ)
ਬਰਗਾੜੀ ਮੋਰਚੇ ਦੀ ਸ਼ੁਰੂਆਤ ਬੁਹਤ ਚੜ੍ਹਦੀ ਕਲਾ ‘ਚ ਹੋਈ ਸੀ। ਲੋਕਾਂ ਦੀਆਂ ਧਰਮ ਪ੍ਰਤੀ ਭਾਵਨਾਵਾਂ ਵਲੂੰਦਰੀਆਂ ਹੋਈਆਂ ਸਨ । ਅਸੀ ਇਸ ਦੇ ਸ਼ੁਰੂਆਤੀ ਦੌਰ ਚ ਦੇਖਿਆ ਸੀ ਕਿ ਕਿਵੇ ਸੰਗਤਾਂ ‘ਚ ਗੁਰੂ ਦੀ ਬੇਅਦਬੀ ਪ੍ਰਤੀ ਰੋਹ ਸੀ । ਦਿਨ ਰਾਤ ਵਾਹਿਗੁਰੂ ਦੇ ਜਾਪ ਨਾਲ ਹੁੰਦੇ ਆਪ ਮੁਹਾਰੇ ਸੰਗਤਾਂ ਦੇ ਇੱਕਠ ਨੂੰ ਦੇਖਕੇ ਸਿਆਸੀ ਲੋਕਾਂ ਤੇ ਸਰਕਾਰ ਦੇ ਤਖਤ ਡੋਲ ਗਏ ਸਨ । ਸਰਕਾਰ ਦੀਆਂ ਨੀਦਾਂ ਹਰਾਮ ਹੋ ਗਈਆਂ ਸਨ । ਆਉਦੀਆਂ ਵਿਧਾਨ ਸਭਾ ਚੋਣਾਂ ਨੂੰ ਤੱਕ ਕੇ ਅਕਾਲੀ ਸਰਕਾਰ ਨੇ ਹਰ ਗੰਦੀ ਚਾਲ ਚੱਲੀ । ਸਰਸੇ ਦੇ ਸਾਧ ਨੂੰ ਦੁੱਧ ਧੋਤਾ ਸਾਬਿਤ ਕਰਨ ਲਈ ਉਨਾਂ ਨੇ ਨਾਂ ਧਰਮ ਦੀ ਤੇ ਉਸ ਦੀ ਮਹੱਹਤਾ ਦੀ ਪ੍ਰਵਾਹ ਕੀਤੀ । ਬਾਦਲ ਸਾਹਿਬ ਨੂੰ ਕੀ ਡਰ ਸੀ ? ਸਰਕਾਰ ਉਨਾਂ ਦੀ ਸੀ । ਸ਼ਰੋਮਣੀ ਕਮੇਟੀ ਉਨਾਂ ਦੀ ਸੀ । ਜਿੰਨਾਂ ਕੋਲ ਸ਼੍ਰੋਮਣੀ ਕਮੇਟੀ ਹੋਵੇ ਤਾਂ ਉਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਕੀ ਪ੍ਰਵਾਹ ? ਤਖਤ ਦੇ ਜੱਥੇਦਾਰ ਸਾਹਿਬ ਉਨਾਂ ਦੇ ਜੀ ਹਜੂਰੀਏ ਸਨ । ਜੱਥੇਦਾਰਾਂ ਦੇ ਹੁਕਮਨਾਮੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਥਾਂ ਬਾਦਲ ਦੀ ਚੰਡੀਗੜ ਕੋਠੀ ਤੋ ਜਾਰੀ ਹੁੰਦੇ ਸਨ । ਮੁਆਫ ਕਰਨਾ ! ਕੁੱਝ ਸਖਤ ਲਫਜ ਹਨ ਪਰ ਸੱਚੇ ਹਨ ..ਉਸ ਸਮੇ ਬਾਦਲ ਦੀ ਕੋਠੀ ਹੀ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਫੁਰਮਾਨ ਜਾਰੀ ਕਰਦੀ ਸੀ । ਉਸ ਸਮੈ ਬਾਦਲ ਸਾਹਿਬ ਨੂੰ ਨਾਂ ਤਖਤ ਦਾ ਡਰ ਸੀ ਨਾਂ ਤਖਤ ਦੇ ਮਾਲਕ ਦਾ । ਉਹ ਖੁਦ ਨੂੰ ਤਖਤੋ ਤਾਜਾਂ ਦੇ ਮਾਲਕ ਸਮਝਦੇ ਸਨ । ਸੱਤਾ ਦੇ ਨਸ਼ੇ ‘ਚ ਉਹ ਆਉਣ ਵਾਲੇ ਸਮੇ ਨੂੰ ਭੁੱਲ ਚੁੱਕੇ ਸਨ । ਸ਼ਾਇਦ ਉਨਾਂ ਦੀ ਭੁੱਲ ਹੀ ਸੀ । ਜਿਸ ਕਰਕੇ ਉਹ ਅੱਜ ਆਪਣੇ ਪ੍ਰੀਵਾਰ ਤੇ ਆਪਣੀ ਪਾਰਟੀ ਨੂੰ ਲੈ ਡੁੱਬੇ ਤੇ ਉਪਰੋ ਰਹਿੰਦੀ ਦੁਨੀਆਂ ਤੱਕ ਕਲੰਕ ਵੱਖਰਾ ।
ਅਦਾਲਤੀ ਹੁਕਮਾਂ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕਾਇਮ ਕਰ ਦਿੱਤਾ । ਉਸ ਦੀ ਜਾਂਚ ਤੋ ਡਰੇ ਬਾਦਲ ਪ੍ਰੀਵਾਰ ਨੇ ਰਣਜੀਤ ਸਿੰਘ ਕਮਿਸ਼ਨ ਦੀਆਂ ਧੱਜੀਆਂ ਉਡਾ ਦਿੱਤੀਆਂ । ਵਾਰ ਵਾਰ ਉਨਾਂ ਦੇ ਬੁਲਾਉਣ ਤੇ ਵੀ ਨਾਂ ਮਿਲੇ । ਸੁਖਬੀਰ ਬਾਦਲ ਨੇ ਇਹ ਜਾਂਚ ਪੂਰੀ ਹੋਣ ਤੇ ਉਸ ਨੂੰ ਨਕਾਰਨਾ ਤਾਂ ਇੱਕ ਪਾਸੇ ਰਿਹਾ .. ਜਾਂਚ ਰਿਪੋਟ ਲੈਣ ਲਈ ਜਸਟਿਸ ਰਣਜੀਤ ਸਿੰਘ ਨੂੰ ਨਹੀ ਮਿਲੇ । ਕਈ ਦਿਨ ਘੰਟਿਆਂ ਬੰਧੀ ਰਣਜੀਤ ਸਿੰਘ ਨੂੰ ਇੰਤਜਾਰ ਕਰਵਾਇਆ ਤੇ ਆਖੀਰ ਉਹ ਰਿਪੋਟ ਸੁਖਬੀਰ ਬਾਦਲ ਦੇ ਟੇਬਲ ਤੇ ਰੱਖ ਕੇ ਚਲੇ ਗਏ । ਚੋਣਾਂ ਆ ਗਈਆਂ ਤਾਂ ਕੈਪਟਨ ਸਾਹਿਬ ਨੇ ਗੁੱਟਕਾ ਸਾਹਿਬ ਹੱਥਾਂ ‘ਚ ਲੈ ਕੇ ਸੌਹੁ ਖਾਧੀ ਕਿ ਮੈ ਸਰਕਾਰ ਬਣਨ ਸਾਰ ਬਾਦਲ ਪਿਉ ਪੁੱਤਾਂ ਨੂੰ ਜੇਲ ‘ਚ ਤੁੰਨ ਦੇਵਾਂਗਾ । ਲੋਕਾਂ ਨੇ ਉਨਾਂ ਤੇ ਧਰਮ ਦੇ ਨਾਂ ਤੇ ਵਿਸ਼ਵਾਸ ਕੀਤਾ । ਸਰਕਾਰ ਬਣ ਗਈ ਤੇ ਲੱਗਭੱਗ ਪੂਰੀ ਵੀ ਹੋ ਚੱਲੀ ਹੈ ਪਰ ਬਾਦਲ ਪ੍ਰੀਵਾਰ ਅੱਜ ਵੀ ਬਾਹਰ ਘੁੰਮ ਰਿਹਾ ਹੈ । ਕੈਪਟਨ ਸਾਹਿਬ ਨੇ ਸਰਕਾਰ ਬਣਦਿਆਂ ਹਾਈ ਕੋਰਟ ਦੇ ਹੁਕਮਾਂ ਤੇ ਨਵੀ ਸਿੱਟ ਕੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ‘ਚ ਬਣਾਈ ਪਰ ਬਾਦਲ ਪ੍ਰੀਵਾਰ ਨੂੰ ਇਹ ਵੀ ਪਸੰਦ ਨਾਂ ਆਈ ਆਈ । ਉਹ ਕਹਿੰਦੇ ਰਹੇ ਕਿ ਇਹ ਕੈਪਟਨ ਦੇ ਕਹਿਣ ਤੇ ਕੰਮ ਕਰ ਰਿਹਾ । ਪਰ ਅਫਸੋਸ ਕਿ ਜਾਂਚ ਪੂਰੀ ਹੋਣ ਤੇ ਹਾਈਕੋਰਟ ਚ ਜਮਾਂ ਹੋਣ ਤੋ ਬਾਆਦ ਵੀ ਕੈਪਟਨ ਸਰਕਾਰ ਨੇ ਉਸ ਨੂੰ ਅੱਖੋ ਪਰੇਖੇ ਕਰੀ ਰੱਖਿਆ । ਨਤੀਜਾ ਤੁਹਾਡੇ ਸਾਹਮਣੇ ਹੈ । ਹਾਈਕੋਰਟ ਨੇ ਸਰਕਾਰ ਦੀ ਯੋਗ ਅਗਵਾਈ ਨਾਂ ਹੋਣ ਕਰ ਕੇ ਇੱਕੋ ਝਟਕੇ ਨਾਲ ਉਸ ਨੂੰ ਖਾਰਜ ਕਰਕੇ ਉਹ ਮਾਰਿਆਂ ਤੇ ਨਵੀ ਸਿੱਟ ਬਣਾਉਣ ਦੇ ਹੁਕਮ ਜਾਰੀ ਕਰ ਦਿੱਤੇ ।
ਇੱਕ ਸਮਾ ਸੀ ਕਿ ਜਦੋ ਮੋਰਚਾ ਸਿੱਖਰਾਂ ਤੇ ਸੀ । ਅਸੀ ਮੋਰਚੇ ਦੇ ਹਰ ਕਰਤਾ ਧਰਤਾ ਨੂੰ ਮਿਲੇ । ਜਿੰਨਾਂ ਤੱਕ ਸਰਕਾਰ ਨੇ ਆਪਣੇ ਸਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਸਨ । ਕਿਸੇ ਨੂੰ ਸਰਕਾਰ ਨੇ ਚੰਡੀਗੜ ਕੋਠੀ ਬੁਲਾਇਆ ਤੇ ਕਿਸੇ ਨੂੰ ਹੋਰ ਥਾਂ ਮਿਲੇ । ਕਈ ਆਫਰਾਂ ਪੇਸ਼ ਹੋਈਆਂ । ਕਈ ਸਹਿਮਤ ਹੋਏ ਤੇ ਕਈ ਡਟੇ ਰਹੇ । ਕਈਆਂ ਦੇ ਖਾਤਿਆਂ ‘ਚ ਕਰੋੜਾਂ ਰੁਪਏ ਜਮਾਂ ਹੋਣ ਦੀਆਂ ਅਫਵਾਹਾਂ ਉੱਡੀਆਂ ? ਉਨੀ ਦਿਨੀ ਧਿਆਨ ਸਿੰਘ ਮੰਡ ਤੇ ਸੰਤ ਬਲਜੀਤ ਸਿੰਘ ਦਾਦੂਵਾਲ ਸਰਗਰਮ ਰਹੇ । ਇਸ ਮੋਰਚੇ ਢੌਰਾਨ ਸਿਮਰਨਜੀਤ ਸਿੰਘ ਮਾਨ ਵੀ ਆਪਣੀ ਹਾਜਰੀ ਲੁਆਉਦੇ ਰਹੇ ਪਰ ਉਹ ਸਰਕਾਰੀ ਮੇਲ ਜੋਲ ਦੇ ਵਿਵਾਦ ਤੋ ਕੋਹਾਂ ਦੂਰ ਰਹੇ । ਕਦੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋ ਦਿੱਤੇ ਕਰੋੜਾਂ ਦੇ ਦਾਨ ਤੇ ਵੀ ਸੁਆਲ ਉੱਠਦੇ ਰਹੇ ਪਰ ਉਸ ਸਮੇ ਸੰਗਤਾਂ ਦੀ ਸ਼ਰਧਾ ‘ਚ ਸਭ ਦੱਬਿਆ ਰਿਹਾ । ਸਾਡੀ ਅਕਸਰ ਜੱਥੇਦਾਰ ਧਿਆਨ ਸਿੰਘ ਮੰਡ ਨਾਲ ਗੱਲ ਹੁੰਦੀ ਰਹੀ ਪਰ ਉਹ ਹਮੇਸ਼ਾਂ ਇਹੀ ਕਹਿੰਦੇ ਰਹੇ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੋ ਬਿਨਾਂ ਮੋਰਚਾ ਸਮਾਪਿਤ ਨਹੀ ਹੋਵੇਗਾ ਪਰ ਹੌਲੌ ਹੌਲੀ ਮੋਰਚੇ ਦੇ ਪ੍ਰਬੰਧਿਕਾਂ ਚ ਵਿੱਥਾਂ ਵੱਧਦੀਆਂ ਗਈਆਂ । ਪਰ ਗੱਲ ਹਮੇਸ਼ਾਂ ਚੜਦੀ ਕਲਾ ਦੀ ਹੁੰਦੀ ਰਹੀ । ਸਾਡੇ ਕੋਲ ਨਿੱਤ ਨਵੀ ਗੱਲ ਆਉਦੀ ਰਹੀ ਪਰ ਅਫਵਾਹ ਸਮਝ ਕੇ ਅਸੀ ਵੀ ਅੱਖੋ ਪਰੋਖੇ ਕਰਦੇ ਰਹੇ । ਅਚਾਨਿਕ ਸਰਕਾਰ ਦੀ ਜੁਬਾਨ ਤੇ ਪ੍ਰਬੰਧਿਕਾਂ ਨੇ ਇੰਨਾ ਵੱਡਾ ਵਿਸ਼ਵਾਸ ਕਿਵੇ ਕਰ ਲਿਆ ? ਇਹ ਅੱਜ ਤੱਕ ਸਾਡੀ ਸਮਝ ਤੋ ਬਾਹਰ ਹੈ । ਜਿਸ ਦਿਨ ਮੋਰਚੇ ਦੀ ਸਮਾਪਤੀ ਦਾ ਐਲਾਨ ਹੋਇਆਂ ਤਾਂ ਸਾਨੂੰ ਜੋਰਦਾਰ ਝਟਕਾ ਲੱਗਿਆਂ ਪਰ ਸੰਪਰਕ ਕਰਨ ਤੇ ਵੀ ਮੁੱਖ ਪ੍ਰਬੰਧਕਾਂ ਨਾਲ ਮੇਲ ਨਾਂ ਹੋ ਸਕਿਆ । ਸ਼ਰਧਾਵਾਨ ਲੋਕ ਅੱਜ ਤੱਕ ਦੋਚਿੱਤੀ ‘ਚ ਹਨ ਕਿ ਸਫਲਤਾ ਪੂਰਵਿਕ ਆਪਣੀ ਮੰਜਿਲ ਦੇ ਨੇੜੇ ਪੁਹੰਚ ਰਹੇ ਇਸ ਮੋਰਚੇ ਨੂੰ ਸਮਾਪਿਤ ਕਰਨ ਦੀ ਆਖਰ ਕੀ ਨੌਬਤ ਆ ਗਈ ਸੀ ?
ਸੋ ਇਹ ਮੋਰਚਾ ਹੁਣ ਸਿਆਸੀ ਪਾਰਟੀਆਂ ਲਈ 1984 ਦੀ ਤਰਾਂ ਦਿੱਲੀ ਸਿੱਖ ਨਸਲਕੁਸ਼ੀ ਕਾਂਡ ਵਾਂਗ ਸਿਰਫ ਇੱਕ ਚੁਣਾਵੀ ਮੁੱਦਾ ਬਣਕੇ ਰਹਿ ਗਿਆਂ ਹੈ । ਹੁਣ ਹਰ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ‘ਚ ਇਸ ਮੁੱਦੇ ਨਾਲ ਸਿੱਖ ਧਰਮ ਦੇ ਜਖਮ ਕੁਰੇਦੇ ਜਾਇਆ ਕਰਣਗੇ । ਜਿਸ ਤੇ ਅਸੀ ਹਰ ਮੂਰਖ ਬਣ ਕੇ ਗੁੰਮਰਾਹ ਹੁੰਦੇ ਰਹਾਂਗੇ । ਹਮੇਸ਼ਾਂ ਸਾਨੂੰ ਇਹ ਅਹਿਸਾਸ ਵੀ ਹੁੰਦਾ ਰਹੇਗਾ ਕਿ ਅਸੀ ਜਿੱਤ ਕੇ ਵੀ ਆਖਰ ਹਾਰ ਕਿਉ ਜਾਂਦੇ ਹਾਂ ? ਹਾਂ ਵਾਹਿਗੁਰੂ ਦੇਰ ਨਾਲ ਹੀ ਸਹੀ ਪਰ ਇਨਸਾਫ ਜਰੂਰ ਕਰਦਾ ਹੈ ਤੇ ਕਰੇਗਾ । ਤੁਸੀ ਇਤਿਹਾਸ ਦੇ ਪੰਨੇ ਫਰੋਲ ਕੇ ਦੇਖ ਲਉ ਕਿ ਸਿੱਖ ਧਰਮ ਨਾਲ ਖਿਲਵਾੜ ਕਰਨ ਵਾਲੇ ਅੱਜ ਹੱਥਾਂ ‘ਚ ਤਖਤੀਆਂ ਲੈ ਕੇ ਸੜਕਾਂ ਦੀ ਖਾਕ ਛਾਣ ਰਹੇ ਹਨ । ਅਰਸ਼ਾਂ ਤੋ ਫਰਸ਼ਾਂ ਤੇ ਆ ਚੁੱਕੇ ਹਨ । ਪਿੰਡਾਂ ‘ਚ ਵੜਣਾ ਤੱਕ ਬੰਦ ਹੋ ਗਿਆ ਹੈ । ਚਾਹੇ ਉਹ ਦਿੱਲੀ ਹਕੂਮਤ ਰਹੀ ਹੋਵੇ ਜਾਂ ਪੰਜਾਬ ਦੀ । ਕਰਨੀ ਦਾ ਫਲ ਇੱਥੇ ਹੀ ਨਸੀਬ ਹੋ ਜਾਂਦਾ ਹੈ ।

