ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਵੱਡੀ ਗਿਣਤੀ ‘ਚ ਭਾਰਤੀ ਲੋਕ ਵਧੀਆ ਜਿੰਦਗੀ ਬਤੀਤ ਕਰਨ ਲਈ ਮਿਹਨਤ ਕਰਦੇ ਹਨ। ਜਿਆਦਾਤਰ ਭਾਰਤੀ ਖਾਸ ਕਰਕੇ ਪੰਜਾਬ ,ਹਰਿਆਣਾ ਆਦਿ ਸੂਬਿਆਂ ਨਾਲ ਸਬੰਧਿਤ ਲੋਕ ਅਮਰੀਕਾ ਵਿੱਚ ਟਰੱਕ ਕਾਰੋਬਾਰ ਨਾਲ ਜੁੜੇ ਹੋਏ ਹਨ। ਆਪਣੀ ਮਿਹਨਤ ਦੇ ਸਿਰ ‘ਤੇ ਭਾਰਤੀ ਲੋਕਾਂ ਨੇ ਆਪਣੀਆਂ ਟਰਾਂਸਪੋਰਟਾਂ ਵੀ ਖੋਲ੍ਹ ਲਈਆਂ ਹਨ। ਮੀਲਾਂ ਦੂਰ ਦੇ ਸਫਰਾਂ ‘ਤੇ ਟਰੱਕ ਚਲਾਉਂਦੇ ਸਮੇਂ ਕਈ ਡਰਾਈਵਰ ਵੀਰ ਖਰਾਬ ਮੌਸਮ ਅਤੇ ਹੋਰ ਕਾਰਨਾਂ ਕਰਕੇ ਜਾਨਲੇਵਾ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਅਜਿਹਾ ਹੀ ਇੱਕ ਹਾਦਸਾ ਅਮਰੀਕਾ ਦੇ ਐਰੀਜ਼ੋਨਾ ਰਾਜ ਵਿੱਚ ਇੱਕ 37 ਸਾਲਾਂ ਭਾਰਤੀ ਟਰੱਕ ਡਰਾਈਵਰ ਨਾਲ ਹੋਇਆ, ਜਿਸਦੀ ਟਰੱਕ ਚਲਾਉਣ ਵੇਲੇ ਸੜਕ ਤੋਂ ਇੱਕ ਪਾਸੇ ਪਲਟਣ ਕਾਰਨ ਹੋਏ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਮ੍ਰਿਤਕ ਡਰਾਈਵਰ ਦਾ ਨਾਮ ਨਿਰਮਲ ਸਿੰਘ ਹੈ ਜੋ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਸਬੰਧਿਤ ਹੈ। ਉਹ ਕਾਫੀ ਸਮੇਂ ਤੋਂ ਇੰਡੀਆਨਾ ਵਿੱਚ ਰਹਿੰਦਾ ਸੀ। ਪੁਲਿਸ ਅਧਿਕਾਰੀਆਂ ਦੁਆਰਾ ਇਹ ਦੁਰਘਟਨਾ ਐਰੀਜ਼ੋਨਾ ਦੇ ਫਲੈਗਸਟਾਫ ਨੇੜੇ ਹਾਈਵੇਅ 40 ‘ਤੇ ਸੋਮਵਾਰ ਰਾਤ ਕਰੀਬ 11 ਵਜੇ ਵਾਪਰੀ ਦੱਸੀ ਜਾ ਰਹੀ ਹੈ ਅਤੇ ਮ੍ਰਿਤਕ ਜਾਰਜੀਆ ਤੋਂ ਕੈਲੀਫੋਰਨੀਆ ਜਾ ਰਿਹਾ ਸੀ। ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਨਿਰਮਲ ਸਿੰਘ ਦੀ ਹਾਦਸੇ ਦੌਰਾਨ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦਾ ਸਾਥੀ ਰਾਹੁਲ ਇੱਕ ਸਥਾਨਕ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ। ਨਿਰਮਲ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ 11 ਸਾਲ ਦੀ ਧੀ ਨੂੰ ਛੱਡ ਗਿਆ ਹੈ ਜੋ ਕਿ ਕਰਨਾਲ ਵਿੱਚ ਰਹਿੰਦੇ ਹਨ। ਉਹਨਾਂ ਦੱਸਿਆ ਕਿ ਪਿਛਲੇ ਸਾਲ, ਉਸਦੇ ਪੁੱਤਰ (14) ਦੀ ਭਾਰਤ ਵਿੱਚ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ ਅਤੇ ਨਿਰਮਲ ਸਿੰਘ ਕੋਰੋਨਾ ਪਾਬੰਦੀਆਂ ਕਾਰਨ ਘਰ ਨਹੀਂ ਜਾ ਸਕਿਆ ਸੀ। ਉਹ ਇਸ ਸਾਲ ਦੇ ਅਖੀਰ ਵਿੱਚ ਭਾਰਤ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਅਮਰੀਕਾ ਵਿੱਚ ਉਸਦੇ ਦੋਸਤਾਂ ਨੇ ਉਸਦੇ ਪਰਿਵਾਰ ਦੀ ਸਹਾਇਤਾ ਕਰਨ ਅਤੇ ਉਸਦੀਆਂ ਅੰਤਿਮ ਰਸਮਾਂ ਲਈ ਇੱਕ ਗੋ ਫੰਡ ਪੇਜ ‘ਤੇ ਸਹਾਇਤਾ ਮੁਹਿੰਮ ਚਲਾਈ ਹੈ।