ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਅਮਰੀਕਾ ਵਿੱਚ ਭਾਰਤੀ ਮੂਲ ਦੇ ਡਾਕਟਰਾਂ ਨੇ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੇ ਸੰਕਟ ਵਿੱਚ ਸਹਾਇਤਾ ਲਈ 5 ਮਿਲੀਅਨ ਡਾਲਰ ਇਕੱਠੇ ਕੀਤੇ । ਅਮੈਰੀਕਨ ਐਸੋਸੀਏਸ਼ਨ ਆਫ਼ ਫਿਜ਼ੀਸ਼ੀਅਨਜ਼ ਆਫ਼ ਇੰਡੀਅਨ-ਓਰੀਜਨ (AAPI), ਜੋ ਕਿ ਅਮਰੀਕਾ ਵਿੱਚ ਭਾਰਤੀ ਮੂਲ ਦੇ ਹਜ਼ਾਰਾਂ ਡਾਕਟਰਾਂ ਦੀ ਨੁਮਾਇੰਦਗੀ ਕਰਦੀ ਹੈ, ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਮੂਲ ਦੇ ਅਮਰੀਕੀ ਡਾਕਟਰਾਂ ਦੁਆਰਾ ਇਕੱਠੇ ਕੀਤੇ ਗਏ ਫੰਡਾਂ ਦੀ ਵਰਤੋਂ ਭਾਰਤ ਦੇ 45 ਹਸਪਤਾਲਾਂ ਨੂੰ 2,300 ਆਕਸੀਜਨ ਕੰਸਨਟਰੇਟਰ, 100 ਵੈਂਟੀਲੇਟਰ ਅਤੇ 100 ਹਾਈ-ਫਲੋ ਨੱਕ ਕੈਨੁਲਾ ਮਸ਼ੀਨਾਂ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਇਸ ਸੰਸਥਾ ਦੀ ਪ੍ਰਧਾਨ ਡਾ: ਅਨੁਪਮਾ ਗੋਟੀਮੁਕੁਲਾ ਅਨੁਸਾਰ ਅਗਸਤ ਦੇ ਅਖੀਰ ਤੱਕ ਤੀਜੀ ਲਹਿਰ ਦੇ ਭਾਰਤ ਵਿੱਚ ਆਉਣ ਦੀ ਸੰਭਾਵਨਾ ਦੀਆਂ ਰਿਪੋਰਟਾਂ ਤਹਿਤ ਸੰਸਥਾ ਦੁਆਰਾ ਕਈ ਏਜੰਸੀਆਂ ਅਤੇ ਭਾਰਤ ਸਰਕਾਰ ਨਾਲ ਮਿਲ ਕੇ ਭਾਰਤ ਦੇ ਦੂਰ -ਦੁਰਾਡੇ ਸਥਾਨਾਂ ਦੀ ਕੋਰੋਨਾ ਸਬੰਧੀ ਦੇਖਭਾਲ ਅਤੇ ਸਪਲਾਈ ਵਿੱਚ ਸਹਾਇਤਾ ਕਰ ਰਹੀ ਹੈ। ਇਸਦੇ ਇਲਾਵਾ ਉਪ-ਪ੍ਰਧਾਨ ਡਾ: ਅੰਜਨਾ ਸਮਾਦਰ ਨੇ ਦੱਸਿਆ ਕਿ ਇਹ ਐਸੋਸੀਏਸ਼ਨ ਕੋਰੋਨਾ ਦੀ ਆਉਣ ਵਾਲੀ ਤੀਜੀ ਲਹਿਰ ਦੀ ਤਿਆਰੀ ਵਿੱਚ ਬਾਕੀ ਬਚੇ ਫੰਡਾਂ ਦੀ ਵਰਤੋਂ ਜਾਰੀ ਰੱਖੇਗੀ।