ਚੰਡੀਗੜ੍ਹ: ਪੰਜਾਬ ਸਾਹਿਤ ਅਕਾਦਮੀ ਵੱਲੋਂ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਸਕੱਤਰ ਡਾ. ਸਤੀਸ਼ ਕੁਮਾਰ ਵਰਮਾ ਦੀ ਅਗਵਾਈ ਵਿਚ ਸਾਵਣ ਮਹੀਨੇ ਨੂੰ ਸਮਰਪਿਤ ‘ਸਾਵਣ ਕਵੀ ਦਰਬਾਰ’ ਕਰਵਾਇਆ ਗਿਆ। ਡਾ. ਕੁਲਦੀਪ ਸਿੰਘ ਦੀਪ ਦੀ ਕਨਵੀਨਰਸ਼ਿਪ ਵਿਚ ਕਰਵਾਏ ਇਸ ਪ੍ਰੋਗਰਾਮ ਵਿਚ ਸਤਿੰਦਰ ਕਾਹਲੋਂ, ਰਾਜਵਿੰਦਰ ਜਟਾਣਾ, ਕੁਲਵਿੰਦਰ ਕੰਵਲ, ਕਰਮਜੀਤ ਕਿਸ਼ਾਂਵਲ, ਜਸਵਿੰਦਰ ਕੌਰ ਅੰਮ੍ਰਿਤਸਰ, ਰਮਿੰਦਰ ਵਾਲੀਆ, ਅਮਰਜੀਤ ਕੌਰ ਮੋਰਿੰਡਾ, ਰੁਪਿੰਦਰ ਸੰਧੂ, ਸੁਖਵਿੰਦਰ ਕੌਰ, ਗੁਰਪ੍ਰੀਤ ਕੌਰ ਅਤੇ ਸਰਬਜੀਤ ਕੌਰ ਹਾਜ਼ੀਪੁਰ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਵਾਗਟ ਕਰਦਿਆਂ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਸਾਵਣ ਦਾ ਮਹੀਨਾ ਇਸਤਰੀ ਦੇ ਜਜ਼ਬਿਆਂ ਦੇ ਪ੍ਰਗਟਾਵੇ ਦਾ ਮਹੀਨਾ ਹੈ। ਇਸ ਮਹੀਨੇ ਵਿਚ ਔਰਤਾਂ ਇੱਕਠੀਆਂ ਹੋ ਕੇ ਆਪਣੇ ਜਜ਼ਬਾਤ ਇਕ ਦੂਜੇ ਨਾਲ ਸਾਂਝੇ ਕਰਦੀਆਂ ਹਨ। ਸ਼ਾਇਰਾਂ ਵਿੱਚੋਂ ਗੁਰਪ੍ਰੀਤ ਕੌਰ, ਸੁਖਵਿੰਦਰ ਕੌਰ ਅਤੇ ਰੁਪਿੰਦਰ ਕੌਰ ਨੇ ਸਾਉਣ ਦੇ ਬਦਲੇ ਹੋਏ ਰੰਗਾਂ ਦੀਆਂ ਬੋਲੀਆਂ ਪਾਈਆਂ। ਇਹਨਾਂ ਦੀਆਂ ਬੋਲੀਆਂ ਵਿਚ ਕਰੋਨਾ ਕਾਰਨ ਤੀਆਂ ਦਾ ਜ਼ੂਮ ਤੱਕ ਸੀਮਤ ਹੋ ਜਾਣਾ, ਆਧੁਨਿਕਤਾ ਦੀ ਦੌੜ ਵਿਚ ਵਿਰਸੇ ਦਾ ਵਿਸਰਦੇ ਜਾਣਾ ਅਤੇ ਪ੍ਰਵਾਸ ਕਾਰਨ ਵੀਰਾਂ ਦਾ ਪ੍ਰਦੇਸ਼ ਚਲੇ ਜਾਣ ਵਰਗੇ ਮਸਲੇ ਵੀ ਪ੍ਰਗਟ ਹੋਏ।

‘ਬਾਪੂ ਰਹਿ ਗਏ ਕੱਲੇ, ਵੀਰੇ ਚੜ੍ਹ ਗਏ ਜਹਾਜ਼ ਵੇ, ਪੱਟਤੀ ਮੋਬਾਈਲਾਂ ਨੇ, ਕੌਣ ਕੱਢੇ ਫੁਲਕਾਰੀ ਅਤੇ ਰਾਈਆਂ, ਰਾਈਆਂ, ਰਾਈਆਂ, ਖੀਰ ਪੂੜੇ ਖਾਣਾ ਭੁੱਲ ਗਈ, ਪੀਵੇ ਕਾੜ੍ਹੇ, ਲਵੇ ਦਵਾਈਆਂ, ਵਰਗੇ ਟੱਪਿਆਂ ਨੇ ਵਿਰਾਸਤ ਵਿਚ ਆਧੁਨਿਕਤਾ ਦਾ ਰੰਗ ਭਰਿਆ। ਇਸ ਵਿਚ ਸ਼ਾਮਿਲ ਕਵਿੱਤਰੀਆਂ ਨੇ ਸਾਵਣ ਦੇ ਨਾਲ ਨਾਲ ਨਾਰੀ ਦੀ ਵੇਦਨਾ ਅਤੇ ਸੰਵੇਦਨਾ ਨੂੰ ਆਪਣੀਆਂ ਕਵਿਤਾਵਾਂ ਵਿਚ ਪੇਸ਼ ਕੀਤਾ।ਪ੍ਰਧਾਨਗੀ ਭਾਸ਼ਣ ਵਿਚ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਸਾਡੀ ਅਖੌਤੀ ਆਧੁਨਿਕ ਕਵਿਤਾ ਬਹੁਤ ਔਖਾ ਹੋ ਕੇ ਆਪਣੀ ਗੱਲ ਕਹਿੰਦੀ ਹੈ, ਪਰ ਲੋਕਧਾਰਾ ਵਿਚ ਗੁੰਨ ਕੇ ਸਿਰਜੇ ਬੋਲ ਬਹੁਤ ਸਹਿਜ ਨਾਲ ਆਪਣੀ ਗੱਲ ਕਹਿ ਦਿੰਦੇ ਹਨ।

ਉਹਨਾਂ ਕਿਹਾ ਕਿ ਬਹੁਤ ਜਲਦੀ ਆਫਲਾਈਨ ਵੀ ਪੰਜਾਬ ਸਾਹਿਤ ਅਕਾਦਮੀ ਦੇ ਵਿਹੜੇ ਵਿਚ ਰੋਣਕਾਂ ਲਗਾਈਆਂ ਜਾਣਗੀਆਂ। ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਇਸ ਕਵੀ ਦਰਬਾਰ ਵਿਚ ਜਿੱਥੇ ਕੁਝ ਸਥਾਪਤ ਕਵਿੱਤਰੀਆਂ ਨੇ ਹਿੱਸਾ ਲਿਆ, ਉਥੇ ਕੁਝ ਅਜਿਹੀਆਂ ਕਵਿੱਤਰੀਆਂ ਵੀ ਹਨ, ਜੋ ਸੋਸ਼ਲ ਮੀਡੀਆ ਤੇ ਤਾਂ ਕਵਿਤਾ ਲਿਖਦੀਆਂ ਸਨ, ਪਰ ਅਕਾਦਮੀ ਵਰਗੇ ਵੱਡੇ ਪਲੇਟਫਾਰਮ ਤੇ ਪਹਿਲੀ ਵਾਰ ਆਈਆਂ ਹਨ। ਇਹੀ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਾਪਤੀ ਹੈ।
ਨਿੰਦਰ ਘੁਗਿਆਣਵੀ ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।