ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਪੁਲਿਸ ਦੁਆਰਾ ਦੋਸ਼ੀ ਠਹਿਰਾਏ ਜਾਂਦੇ ਹਿੰਸਕ ਅਪਰਾਧੀਆਂ ਦੀ ਗਿਣਤੀ ਵਿੱਚ ਪਿਛਲੇ ਸਾਲ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਬੰਧੀ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ 100 ਹਿੰਸਕ ਅਪਰਾਧੀਆਂ ਵਿੱਚੋਂ ਸੱਤ ਤੋਂ ਘੱਟ ਨੂੰ ਕਿਸੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ। ਗ੍ਰਹਿ ਦਫਤਰ ਅਨੁਸਾਰ ਮਹਾਂਮਾਰੀ ਨੇ ਪੁਲਿਸ ਦੁਆਰਾ ਦਰਜ ਕੀਤੇ ਗਏ ਕੁੱਲ ਅਪਰਾਧਾਂ ਵਿੱਚ 13 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ ਅਪਰਾਧ ਦੇ ਅੰਕੜਿਆਂ ਨੂੰ ਬਹੁਤ ਪ੍ਰਭਾਵਤ ਕੀਤਾ ਹੈ। ਮਾਰਚ 2021 ਤੱਕ ਦੇ ਸਾਲ ਵਿੱਚ ਤਕਰੀਬਨ 1.67 ਮਿਲੀਅਨ ਹਿੰਸਕ ਅਪਰਾਧ ਹੋਏ ਸਨ, ਪਰ ਸਿਰਫ 139,805 ਅਪਰਾਧੀਆਂ ਨੇ ਹੀ ਦੋਸ਼ਾਂ ਦਾ ਸਾਹਮਣਾ ਕੀਤਾ ਅਤੇ ਪੁਲਿਸ ਦੁਆਰਾ ਜਾਂਚ ਕੀਤੇ ਗਏ 238,000 ਅਪਰਾਧਾਂ ਵਿੱਚ, ਕਿਸੇ ਵੀ ਸ਼ੱਕੀ ਦੀ ਪਛਾਣ ਨਹੀਂ ਹੋਈ। ਇਸਦੇ ਇਲਾਵਾ ਅੰਕੜਿਆਂ ਅਨੁਸਾਰ 55,227 ਚੋਰੀਆਂ ਦੀ ਰਿਪੋਰਟ ਕੀਤੀ ਗਈ, ਜਿਹਨਾਂ ਵਿੱਚੋਂ ਸਿਰਫ 6,800 ਦੋਸ਼ ਲਗਾਏ ਗਏ ਅਤੇ ਦੋ ਤਿਹਾਈ ਤੋਂ ਵੱਧ ਮਾਮਲਿਆਂ ਵਿੱਚ ਕਿਸੇ ਵੀ ਸ਼ੱਕੀ ਦੀ ਪਛਾਣ ਨਹੀਂ ਹੋਈ। ਪਿਛਲੇ ਹਫਤੇ ਹੋਮ ਆਫਿਸ ਦੁਆਰਾ ਜਾਰੀ ਇੰਗਲੈਂਡ ਅਤੇ ਵੇਲਜ਼ ਦੇ ਅੰਕੜਿਆਂ ਅਨੁਸਾਰ ਹਿੰਸਕ ਅਪਰਾਧਾਂ ਲਈ ਚਾਰਜ ਦਰਾਂ 2014/15 ਵਿਚਲੀਆਂ 22 ਪ੍ਰਤੀਸ਼ਤ ਤੋਂ 2020/21 ਵਿੱਚ ਸਿਰਫ 6.8 ਪ੍ਰਤੀਸ਼ਤ ਦਰਜ਼ ਕੀਤੀਆਂ ਗਈਆਂ ਹਨ। ਗ੍ਰਹਿ ਦਫਤਰ ਅਨੁਸਾਰ ਮਹਾਂਮਾਰੀ ਦੌਰਾਨ ਧੋਖਾਧੜੀ ਨੂੰ ਛੱਡ ਕੇ ਪੁਲਿਸ ਦੁਆਰਾ ਦਰਜ ਕੀਤੇ ਗਏ ਕੁੱਲ ਅਪਰਾਧਾਂ ਵਿੱਚ 13 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ ਅਪਰਾਧ ਸਬੰਧੀ ਅੰਕੜੇ ਪ੍ਰਭਾਵਿਤ ਹੋਏ ਹਨ।