ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਸਕਾਟਲੈਂਡ ਦੀ ਸਰਕਾਰ ਦੁਆਰਾ ਪ੍ਰੀ-ਸਕੂਲ ਦੇ ਬੱਚਿਆਂ ਨੂੰ ਦੁੱਧ ਅਤੇ ਸਿਹਤਮੰਦ ਸਨੈਕ ਮੁਹੱਈਆ ਕਰਵਾਉਣ ਦੀ ਇੱਕ ਯੋਜਨਾ ਦੀ ਸ਼ੁਰੂਆਤ ਐਤਵਾਰ ਤੋਂ ਕੀਤੀ ਗਈ ਹੈ। ਇਸ ਤਹਿਤ ਉਹ ਸਾਰੇ ਪ੍ਰੀ-ਸਕੂਲ ਬੱਚੇ ਜੋ ਇਸ ਸਕੀਮ ਨਾਲ ਰਜਿਸਟਰਡ ਨਰਸਰੀ ਜਾਂ ਹੋਰ ਚਾਈਲਡ ਕੇਅਰ ਸੰਸਥਾ ਵਿੱਚ ਇੱਕ ਦਿਨ ਦੌਰਾਨ ਦੋ ਜਾਂ ਵਧੇਰੇ ਘੰਟੇ ਬਿਤਾਉਂਦੇ ਹਨ, ਉਹ ਦੁੱਧ ਅਤੇ ਫਲਾਂ ਜਾਂ ਸਬਜ਼ੀਆਂ ਆਦਿ ਪ੍ਰਾਪਤ ਕਰਨਗੇ। ਇਸ ਯੋਜਨਾ ਤਹਿਤ ਬੱਚਿਆਂ ਨੂੰ ਗਾਵਾਂ ਦੇ ਦੁੱਧ ਨੂੰ ਮਿਆਰੀ ਖੁਰਾਕ ਵਜੋਂ ਪੇਸ਼ ਕੀਤਾ ਜਾਵੇਗਾ ਪਰ ਜਿਹੜੇ ਬੱਚੇ ਇਸ ਨੂੰ ਡਾਕਟਰੀ, ਨੈਤਿਕ ਜਾਂ ਧਾਰਮਿਕ ਕਾਰਨਾਂ ਕਰਕੇ ਨਹੀਂ ਪੀ ਸਕਦੇ ਉਨ੍ਹਾਂ ਨੂੰ ਖਾਸ ਗੈਰ-ਡੇਅਰੀ ਬਦਲ ਪੇਸ਼ ਕੀਤਾ ਜਾਵੇਗਾ। ਸਰਕਾਰ ਨੇ ਜਾਣਕਾਰੀ ਦਿੱਤੀ ਕਿ 3000 ਤੋਂ ਵੱਧ ਬਾਲ ਦੇਖਭਾਲ ਸੰਸਥਾਵਾਂ ਅਤੇ 116,000 ਤੋਂ ਵੱਧ ਬੱਚੇ ਪਹਿਲਾਂ ਹੀ ਇਸ ਲਈ ਸਾਈਨਅਪ ਕਰ ਚੁੱਕੇ ਹਨ ਅਤੇ ਹੋਰਾਂ ਦੇ ਰਜਿਸਟਰ ਹੋਣ ਦੀ ਉਮੀਦ ਹੈ। ਪਹਿਲੇ ਸਾਲ ਵਿੱਚ ਇਸ ਯੋਜਨਾ ਦੇ ਪ੍ਰਬੰਧ ਲਈ ਸਥਾਨਕ ਅਧਿਕਾਰੀਆਂ ਨੂੰ 9 ਮਿਲੀਅਨ ਅਤੇ 12 ਮਿਲੀਅਨ ਪੌਂਡ ਦੇ ਵਿਚਕਾਰ ਫੰਡ ਦੇਣ ਦੀ ਉਮੀਦ ਹੈ ਅਤੇ ਰਜਿਸਟਰਡ ਚਾਈਲਡ ਕੇਅਰ ਸੰਸਥਾਵਾਂ ਆਪਣੀ ਕੌਂਸਲ ਦੁਆਰਾ ਰਾਸ਼ੀ ਪ੍ਰਾਪਤ ਕਰਨਗੀਆਂ। ਸਰਕਾਰ ਅਨੁਸਾਰ ਇਹ ਸਕੀਮ ਨਾ ਸਿਰਫ ਸਕਾਟਲੈਂਡ ਦੇ ਪ੍ਰੀ-ਸਕੂਲ ਬੱਚਿਆਂ ਨੂੰ ਪੋਸ਼ਣ ਪ੍ਰਦਾਨ ਕਰੇਗੀ ਹੈ ਬਲਕਿ ਉਹਨਾਂ ਵਿੱਚ ਸਿਹਤਮੰਦ ਖਾਣ ਦੀਆਂ ਆਦਤਾਂ ਵੀ ਪੈਦਾ ਕਰੇਗੀ।