
ਸਿੰਘ ਹਰਪ੍ਰੀਤ ਦੀ ਫੇਕ ਆਈ.ਡੀ. ਖਿਲਾਫ ਸਾਈਬਰ ਕ੍ਰਾਈਮ ਸੈਲ ਨੂੰ ਦਿੱਤੀ ਸ਼ਿਕਾਇਤ।
ਮੋਗਾ 28 ਜੁਲਾਈ (ਵਰਿੰਦਰ ਸਿੰਘ ਖੁਰਮੀ) : ਲਵਪ੍ਰੀਤ ਧਨੌਲਾ ਅਤੇ ਬੇਅੰਤ ਕੌਰ ਬਾਜਵਾ ਕੇਸ ਵਿੱਚ ਬੇਅੰਤ ਕੌਰ ਬਾਜਵਾ ਨੂੰ ਸ਼ੋਸ਼ਲ ਮੀਡੀਆ ਤੇ ਬੇਲਕਮੇਲ ਕਰਨ ਅਤੇ ਐਨ.ਆਰ.ਆਈ ਲੋਕਾਂ ਵੱਲੋਂ ਲਵਪ੍ਰੀਤ ਦੇ ਪਰਿਵਾਰ ਨੂੰ ਭੇਜੀ ਰਾਸ਼ੀ ਹੜੱਪਣ ਦੇ ਦੋਸ਼ੀ ਅਤੇ ਹੁਣ ਮੋਗਾ ਜਿਲ੍ਹੇ ਦੇ ਸਮਾਜ ਸੇਵੀ ਲੋਕਾਂ ਦੇ ਚਰਿੱਤਰ ਤੇ ਚਿੱਕੜ ਉਛਾਲ ਕੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਗੁਰਦਰਸ਼ਨ ਧਾਲੀਵਾਲ ਉਰਫ ਦਰਸ਼ਨ ਧਾਲੀਵਾਲ ਉਰਫ ਕੁੱਕੂ ਧਾਲੀਵਾਲ ਉਰਫ ਸਿੰਘ ਹਰਪ੍ਰੀਤ ਖਿਲਾਫ ਮੋਗਾ ਜਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਇੱਕਜੁਟ ਹੋ ਗਈਆਂ ਹਨ ਤੇ ਦੋਸ਼ੀ ਖਿਲਾਫ ਕਾਰਵਾਈ ਨੂੰ ਲੈ ਅੱਜ ਸਮੂਹ ਸੰਸਥਾਵਾਂ ਵੱਲੋਂ ਐਸ.ਐਸ.ਪੀ. ਮੋਗਾ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੇ ਸਾਈਬਰ ਕ੍ਰਾਈਮ ਦੇ ਡੀ ਐਸ ਪੀ ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਨਾਲ ਚੱਲੀਆਂ ਲੰਬੀਆਂ ਮੀਟਿੰਗਾਂ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਹ ਆਦਮੀ ਮੁਲਾਂਪੁਰ ਦੇ ਨੇੜੇ ਪਿੰਡ ਸੁਧਾਰ ਦੇ ਰਹਿਣ ਵਾਲਾ ਹੈ ਤੇ ਇਸ ਤੇ ਥਾਣਾ ਸੁਧਾਰ, ਜਗਰਾਓਂ ਅਤੇ ਸਦਰ ਮੋਗਾ ਵਿੱਚ ਪਹਿਲਾਂ ਹੀ ਲੱਖਾਂ ਰੁਪਏ ਦੀ ਲੋਕਾਂ ਨਾਲ ਕੀਤੀ ਧੋਖਾਧੜੀ ਦੇ ਕੇਸ ਦਰਜ ਹਨ, ਜਿਨ੍ਹਾਂ ਵਿੱਚ ਇਸ ਨੂੰ ਭਗੌੜਾ ਘੋਸ਼ਿਤ ਕੀਤਾ ਹੋਇਆ ਹੈ। ਕੈਨੇਡੇ ਦੇ ਬਰੈਂਪਟਨ ਸੂਬੇ ਵਿੱਚ ਰਹਿ ਰਹੇ ਉਕਤ ਵਿਅਕਤੀ ਵੱਲੋਂ ਉਧਰ ਵੀ ਬਹੁਤ ਸਾਰੇ ਲੋਕਾਂ ਨਾਲ ਠੱਗੀਆਂ ਧੋਖੇ ਕੀਤੇ ਹਨ, ਜਿਸ ਕਾਰਨ ਇਹ ਕੈਨੇਡਾ ਵਿੱਚ ਦੋ ਵਾਰ ਜੇਲ੍ਹ ਜਾ ਚੁੱਕਾ ਹੈ ਤੇ ਅੱਜਕੱਲ ਜਮਾਨਤ ਤੇ ਹੈ। ਇਹ ਆਦਮੀ ਆਪਣੇ ਆਪ ਨੂੰ ਕਾਲੇ ਇਲਮ ਦਾ ਮਾਹਿਰ ਦੱਸ ਕੇ ਲੋਕਾਂ ਨੂੰ ਬੇਫਕੂਫ ਬਣਾ ਕੇ ਠੱਗਦਾ ਹੈ ਤੇ ਅੱਗੇ ਕੁੱਝ ਲੋਕਾਂ ਦੀ ਆਰਥਿਕ ਮੱਦਦ ਕਰਕੇ ਉਹਨਾਂ ਨੂੰ ਆਪਣੇ ਗਲਤ ਕੰਮਾਂ ਵਿੱਚ ਗਵਾਹ ਦੇ ਤੌਰ ਤੇ ਵਰਤਦਾ ਹੈ ਤੇ ਉਹਨਾਂ ਦਾ ਸ਼ੋਸ਼ਣ ਕਰਦਾ ਹੈ। ਉਹਨਾਂ ਆਮ ਲੋਕਾਂ ਨੂੰ ਉਕਤ ਆਦਮੀ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਜਾ ਦਿਵਾਉਣ ਵਿੱਚ ਸਾਡੀ ਮੱਦਦ ਕੀਤੀ ਜਾਵੇ । ਉਹਨਾਂ ਦੱਸਿਆ ਕਿ ਇਹ ਆਦਮੀ ਸਿੰਘ ਹਰਪ੍ਰੀਤ ਦੀ ਆਈ.ਡੀ. ਤੋਂ ਇਲਾਵਾ ਕੋਰਾ ਵਰਕਾ, ਕਾਲੇ ਅੱਖਰ ਨਾਮ ਦੇ ਪੇਜ਼ ਵੀ ਚਲਾ ਰਿਹਾ ਹੈ, ਜਿਨ੍ਹਾਂ ਤੋਂ ਸਾਵਧਾਨ ਰਹਿਣ ਅਤੇ ਬਿਨ੍ਹਾਂ ਵਜ੍ਹਾ ਕੁਮੈਂਟ ਕਰਨ ਤੋਂ ਬਚਣ ਦੀ ਜਰੂਰਤ ਹੈ ਤਾਂ ਜੋ ਕਨੂੰਨੀ ਉਲਝਣ ਤੋਂ ਬਚਿਆ ਜਾ ਸਕੇ । ਉਹਨਾਂ ਸਿੰਘ ਹਰਪ੍ਰੀਤ ਨੂੰ ਖੁੱਲ੍ਹਾ ਚੈਲੰਜ਼ ਕਰਦਿਆਂ ਕਿਹਾ ਕਿ ਜੇ ਸਾਡੇ ਦੋਸ਼ ਝੂਠੇ ਹਨ ਤਾਂ ਉਹ ਆਪਣੀ ਫੇਸਬੁੱਕ ਆਈ ਡੀ ਤੋਂ ਲਾਈਵ ਹੋ ਕੇ ਸਾਡੇ ਦੋਸ਼ਾਂ ਦਾ ਜਵਾਬ ਦੇਵੇ । ਇਸ ਮੌਕੇ ਸਮਾਜ ਸੇਵੀ ਬੇਅੰਤ ਕੌਰ ਗਿੱਲ ਨੇ ਦੱਸਿਆ ਕਿ ਇਸ ਆਦਮੀ ਨੇ ਮੇਰੀ ਨਿੱਜੀ ਜਿੰਦਗੀ ਬਾਰੇ ਝੂਠੇ ਅਤੇ ਨਿਰਾਧਾਰ ਦੋਸ਼ ਲਗਾ ਕੇ ਸਮਾਜ ਵਿੱਚ ਮੇਰੀ ਛਵੀ ਖਰਾਬ ਕੀਤੀ ਹੈ। ਭਾਵੇਂ ਕਿ ਮੇਰੇ ਪਰਿਵਾਰਕ ਮੈਂਬਰ ਮੇਰੇ ਨਾਲ ਚਟਾਨ ਵਾਂਗ ਖੜ੍ਹੇ ਹਨ ਪਰ ਫਿਰ ਵੀ ਜੇਕਰ ਇਸ ਕਾਰਨ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦਾ ਜਿੰਮੇਵਾਰ ਇਹ ਵਿਅਕਤੀ ਹੋਵੇਗਾ । ਅਸੀਂ ਇਸ ਘਟੀਆ ਇਨਸਾਨ ਨੂੰ ਸਜਾ ਦਿਵਾਉਣ ਲਈ ਹਰ ਕਨੂੰਨਣ ਚਾਰਾਜੋਈ ਕਰਾਂਗੇ । ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਨੇ ਦੱਸਿਆ ਕਿ ਇਸ ਆਦਮੀ ਨੇ ਮੇਰੇ ਬਾਰੇ ਵੀ ਸ਼ੋਸ਼ਲ ਮੀਡੀਆ ਤੇ ਘਟੀਆ ਸ਼ਬਦਾਵਲੀ ਵਰਤੀ ਹੈ ਤੇ ਭੈਣ ਬੇਅੰਤ ਕੌਰ ਗਿੱਲ ਨੂੰ ਬਦਨਾਮ ਕਰਨ ਲਈ ਬਹੁਤ ਨੀਵੇਂ ਪੱਧਰ ਤੱਕ ਗਿਰ ਰਿਹਾ ਹੈ। ਉਹਨਾਂ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਇਸ ਆਦਮੀ ਦੀ ਪਹਿਚਾਣ ਕਰਕੇ ਉਸਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਤੇ ਸਜਾ ਦਿਵਾਉਣ ਲਈ ਸਾਡਾ ਸਾਥ ਦਿੱਤਾ ਜਾਵੇ । ਉਹਨਾਂ ਇਸ ਆਦਮੀ ਤੋਂ ਵਿੱਤੀ ਸਹਾਇਤਾ ਮੰਗਣ ਵਾਲੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਹ ਆਦਮੀ ਇਮਾਨਦਾਰ ਲੋਕਾਂ ਨੂੰ ਬਲੈਕਮੇਲ ਕਰਕੇ ਤਹਾਨੂੰ ਪੈਸੇ ਭੇਜ ਰਿਹਾ ਹੈ। ਇਸ ਲਈ ਇਸ ਤੋਂ ਦੂਰੀ ਬਣਾ ਕੇ ਰੱਖੀ ਜਾਵੇ । ਇਸ ਮੌਕੇ ਉਹਨਾਂ ਦਰਸ਼ਨ ਧਾਲੀਵਾਲ ਉਰਫ ਕੁੱਕੂ ਧਾਲੀਵਾਲ ਖਿਲਾਫ ਦਰਜ ਮਾਮਲਿਆਂ ਦੀਆਂ ਕਾਪੀਆਂ ਅਤੇ ਉਸ ਵੱਲੋਂ ਸ਼ੋਸ਼ਲ ਮੀਡੀਆ ਤੇ ਪਾਈਆਂ ਪੋਸਟਾਂ ਦੀਆਂ ਕਾਪੀਆਂ ਪ੍ਰੈਸ ਦੇ ਸਾਹਮਣੇ ਪੇਸ਼ ਕੀਤੀਆਂ । ਇਸ ਮੌਕੇ ਉਕਤ ਤੋਂ ਇਲਾਵਾ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸਵੇਕ ਸਿੰਘ ਸੰਨਿਆਸੀ, ਦਵਿੰਦਰਜੀਤ ਸਿੰਘ ਗਿੱਲ, ਸੁਖਦੇਵ ਸਿੰਘ ਬਰਾੜ, ਬਲਜੀਤ ਸਿੰਘ ਚਾਨੀ, ਭਵਨਦੀਪ ਸਿੰਘ ਪੁਰਬਾ, ਹਰਭਿੰਦਰ ਸਿੰਘ ਜਾਨੀਆਂ, ਰਾਜਿੰਦਰ ਸਿੰਘ ਖੋਸਾ, ਬਸੰਤ ਸਿੰਘ ਝੰਡੇਆਣਾ ਆਦਿ ਤੋਂ ਇਲਾਵਾ ਸਮਾਜ ਸੇਵੀ ਵੱਡੀ ਗਿਣਤੀ ਵਿੱਚ ਹਾਜਰ ਸਨ ।