10.2 C
United Kingdom
Saturday, April 19, 2025

More

    ਚਣੌਤੀਆਂ ਵਿਚੋਂ ਲੰਘ ਕੇ ਆਖਰ ਹੋ ਹੀ ਗਈ ਸਿੱਧੂ ਦੀ ਪ੍ਰਧਾਨਗੀ ਤਾਜਪੋਸ਼ੀ

    ਲੇਖਕ: ਹਰਜਿੰਦਰ ਰਾਣਾ ਸੈਦੋਵਾਲੀਆ
    9855463477

    ਇੱਥੇ ਗੱਲ ਨਵਜੋਤ ਸਿੱਧੂ ਦੀ ਕਾਂਗਰਸ ਪ੍ਰਧਾਨ ਵਜੋਂ ਹੋਈ ਤਾਜ਼ਪੋਸ਼ੀ ਦੀ ਕਰਾਂਗੇ। ਪਰ ਚਾਰ ਕੁ ਸਾਲ ਪਹਿਲਾਂ ਜਦੋਂ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦਾ ਲੀਡਰ ਬਣਦਾ ਹੈ ਤਾਂ ਸ਼ੁਰੂ ਉਸ ਤੋਂ ਕਰਾਂਗੇ । ਕਿਉਂਕਿ ਕ‌ਈ ਵਾਰ ਰੁਤਬੇ ਨੂੰ ਵਿਅਕਤੀ ਹੋਰ ਵੱਡਾ ਵੱਡਾ ਦਿੱਸਣ ਲਾ ਦਿੰਦਾ। ਸੁਖਪਾਲ ਸਿੰਘ ਖਹਿਰਾ ਤੋਂ ਪਹਿਲਾਂ ਜਾਂ ਪਿੱਛੋਂ ਵਿਰੋਧੀ ਧਿਰ ਦੇ ਆਗੂ ਦੀ ਹੈਸੀਅਤ ਇਕ ਹਾਰੇ ਹੋਏ ਵਿਰੋਧੀ ਵਿਧਾਇਕ ਨਾਲੋਂ ਵਧਕੇ ਪ੍ਰਭਾਵ ਨਹੀਂ ਪਾ ਸਕੀ। ਜੇਕਰ ਸਿੱਧੂ ਦੀ ਤਾਜਪੋਸ਼ੀ ਦੀ ਗੱਲ਼ ਕਰੀਏ ਤਾਂ ਅੱਜ ਕਾਂਗਰਸ ਪ੍ਰਧਾਨ ਦੀ ਅਹਿਮੀਅਤ ਚੌਗੁਣੀ ਹੋ ਗਈ ਹੈ।ਕਿਉਂਕਿ ਆਪਣੇ ਤਾਜਪੋਸ਼ੀ ਭਾਸ਼ਣ ਵਿੱਚ ਸਿੱਧੂ ਦੀ ਜ਼ੁਬਾਨ ਤੇ ਪੰਜਾਬ ਦੇ ਮੁੱਦੇ ਹੀ ਭਾਰੂ ਰਹੇ ਉਹ ਸਿੱਧੇ ਤੌਰ ਤੇ ਈ ਟੀ ਟੀ ਅਧਿਆਪਕਾਂ, ਕੰਨਟੈਕਟਰਾਂ, ਡਰਾਈਵਰ, ਡਾਕਟਰਾਂ, ਮਹਿੰਗੀ ਬਿਜਲੀ ਅਤੇ ਬੇਅਦਬੀ ਮੁੱਦੇ ਤੇ ਆਪਣੀ ਹੀ ਸਰਕਾਰ ਨੂੰ ਘੇਰਦਾ ਨਜਰ ਆਇਆ ਹੈ। ਉਹ ਕਿਸਾਨਾਂ ਦੀ ਸੜਕਾਂ ਤੇ ਬੈਠਿਆਂ ਦੀ ਗੱਲ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਘੇਰਦਾ ਹੈ ਤੇ ਅਕਾਲੀ ਦਲ ਖਾਸ ਕਰਕੇ ਮਜੀਠੀਆ ਨੂੰ ਵੀ ਆਪਣੇ ਗੁੱਸੇ ਦਾ ਨਿਸ਼ਾਨਾ ਬਣਾਉਂਦਾ ਦੇਖਿਆ ਗਿਆ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸਿੱਧੂ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਇਆ ਸੀ ੳਸਦਾ ਇੱਕੋ ਇੱਕ ਕਾਰਨ ਸੀ ਅਕਾਲੀ ਦਲ। ਕਿਉਕਿ ਅਕਾਲੀ ਦਲ ਦੀਆਂ ਨੀਤੀਆਂ ਸਿੱਧੂ ਨੂੰ ਗੱਠਜੋੜ ਹੋਣ ਤੇ ਵੀ ਰਾਸ ਨਹੀਂ ਸਨ ਆਈਆਂ । ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਅਕਾਲੀ ਦਲ ਵਲੋਂ ਰਾਜਨੀਤਕ ਤੌਰ ਤੇ ਪਿਛਾਂਹ ਧੱਕਣ ਤੋਂ ਖਫਾ ਹੁੰਦਾ ਰਿਹਾ ਹੈ ਤੇ ਆਖਰ ਰਾਜ ਸਭਾ ਦੀ ਮੈਂਬਰੀ ਨੂੰ ਲੱਤ ਮਾਰ ਕੇ ਰਾਹੁਲ ਤੇ ਪ੍ਰਿਅੰਕਾ ਰਾਹੀਂ ਕਾਂਗਰਸ ਵਿੱਚ ਸ਼ਾਮਲ ਹੋ ਗਿਆ ਸੀ। ਆਖਰ ਖਿਡਾਰੀ ਰਿਹਾ ਹੈ ਨਵੀਆਂ ਚਾਲਾਂ ਤਾਂ ਚੱਲੇਗਾ ਈ। ਕੁੱਝ ਦਿਨ ਪਹਿਲਾਂ ਉਹ ਦਿੱਲੀ ਮਾਡਲ ਦੀ ਸਿਫ਼ਤ ਕਰਕੇ ਹਾਈਕਮਾਨ ਤੇ ਦਬਾਅ ਬਣਾ ਕੇ ਪ੍ਰਧਾਨਗੀ ਤੱਕ ਅਪੜਨ ਲਈ ਕਾਮਯਾਬ ਹੀ ਨਹੀਂ ਹੋਇਆ ਸਗੋਂ ਇੱਕ ਸਿਆਸੀ ਸ਼ਕਤੀ ਲੈ ਕੇ ਨਸ਼ਿਆਂ ਤੇ ਬੇਅਦਬੀ ਵਿੱਚ ਅਕਾਲੀ ਦਲ ਤੇ ਕੋਈ ਕਾਰਵਾਈ ਨਾ ਕਰਨ ਤੇ ਕੈਪਟਨ ਨਾਲ਼ ਹੀ ਘੋਲ਼ ਲੜਨ ਦੇ ਸਮਰਥ ਹੋਣ ਅਤੇ ਦੂਜੇ ਹੱਥ ਸਰਕਾਰ ਦੁਹਰਾਉਣ ਦੇ ਮਨੋਰਥ ਦਾ ਦਾਅ ਵੀ ਖੇਡ ਗਿਆ ਹੈ। ਇਹ ਘੋਲ ਬਹੁਤ ਹੱਦ ਤੱਕ ਸਿੱਧੂ ਵਾਸਤੇ ਘਾਟੇਵੰਦ ਵੀ ਹੋ ਸਕਦਾ ਸੀ, ਕਿਉਂਕਿ ਕੈਪਟਨ ਦਾ ਹਾਈਕਮਾਨ ਮਤਲਬ ਗਾਂਧੀ ਪਰਿਵਾਰ ਵਿੱਚ ਚੰਗਾ ਅਸਰ ਰਸੂਖ ਹੈ। ਪਰ ਆਪਣੀ ਇਮਾਨਦਾਰ ਦਿੱਖ ਅਤੇ ਕਰਤਾਰਪੁਰ ਲਾਂਘੇ ਕਰਕੇ ਸਿੱਧੂ ਲੋਕਾਂ ਵਿੱਚ ਜਗ੍ਹਾ ਬਣਾ ਚੁੱਕਿਆ ਸੀ। ਇਹ ਵੀ ਪਹਿਲੀ ਵਾਰੀ ਹੋਇਆ ਹੈ ਕਿ ਕੈਪਟਨ ਸਾਬ ਜੋ ਇੱਕ ਫੌਜੀ, ਦੂਜਾ ਜੱਟ ਤੇ ਤੀਸਰਾ ਰਾਜ ਘਰਾਣੇ ਦੇ ਬੇਜਿੱਦ ਤੇ ਅੜੀਅਲ ਸੁਭਾਅ ਵਾਲੇ ਸ਼ਕਤੀਸ਼ਾਲੀ ਵਿਅਕਤੀ ਨੂੰ ਵਿਚਾਰਾ ਜਿਹਾ ਬਣਕੇ ਸਿੱਧੂ ਦੀ ਤਾਜਪੋਸ਼ੀ ਵਿੱਚ ਸ਼ਾਮਲ ਹੋਣਾ ਹੀ ਨਹੀਂ ਪਿਆ ਸਗੋਂ ਹੇਜ ਜਿਤਾਉਣ ਵਿੱਚ ਵੀ ਪਹਿਲ ਕਰਨੀ ਪ‌ਈ । ਨਵਜੋਤ ਸਿੱਧੂ ਨਾਲ ਨੇੜਤਾ ਦੀਆਂ ਗੱਲਾਂ ਵੀ ਕਰਨੀਆਂ ਪਈਆਂ । ਇਸ ਦੇ ਉਲਟ ਸਿੱਧੂ ਇੱਕ ਵਾਰ ਵੀ ਆਪਣੇ ਭਾਸ਼ਣ ਵਿੱਚ ਕੈਪਟਨ ਨੂੰ ਪਲੋਸਦਾ ਨਹੀਂ ਦਿਸਿਆ ਸਗੋਂ ਆਪਣੇ ਭਾਸ਼ਣ ਵਿੱਚ ਰਜਿੰਦਰ ਕੌਰ ਭੱਠਲ ਦੀ ਗੋਦੀ ਖੇਡਦਾ ਰਿਹਾ ਤੇ ਮਾਇਕ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਕੋਲੋਂ ਅਸ਼ੀਰਵਾਦ ਲੈ ਕੇ ਭਾਸ਼ਣ ਸ਼ੁਰੂ ਕਰਦਾ ਹੈ।ਸਿਆਸਤ ਸਮਝੌਤਿਆਂ ਦੀ ਖੇਡ ਨਾ ਹੁੰਦੀ ਤਾਂ ਕੈਪਟਨ ਅਮਰਿੰਦਰ ਸਿੰਘ ਇਹ ਜ਼ਹਿਰ ਕਦੇ ਨਾ ਚੱਟਦੇ। ਕੁੱਝ ਸਿਆਸਤ ਨੂੰ ਸਮਝਣ ਵਾਲਿਆਂ ਦੀ ਆਪਣੀ ਸਮਝ ਹੈ ਕਿ ਸਿੱਧੂ ਤੇ ਕੈਪਟਨ ਵਾਲੀ ਦਰ‌ਅਸਲ ਸੋਚੀ ਸਮਝੀ ਖੇਡ ਹੈ ਤੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਹਾਂ ਸਿਆਸਤ ਵਿੱਚ ਕੁੱਝ ਵੀ ਸੰਭਵ ਹੈ ਪਰ ਪਿਛਲ ਝਾਤ ਮਾਰੀਏ ਤਾਂ 2017 ਵਿੱਚ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਹੀ ਸਿੱਧੂ ਮੁੱਖ ਮੰਤਰੀ ਅੱਗੇ ਝੋਲੀ ਅੱਡਦਾ ਦੇਖਿਆ ਗਿਆ ਹੈ। ਇਸ ਤੋਂ ਬਾਅਦ ਵੀ ਉਹ ਮੰਤਰੀ ਹੁੰਦੇ ਹੋਏ ਨਜਾਇਜ਼ ਕਲੋਨੀਆਂ ਤੇ ਹੋਰ ਜ਼ਰੂਰੀ ਮੁੱਦਿਆਂ ਤੇ ਕੈਪਟਨ ਦੇ ਸਾਹਮਣੇ ਖਲੋਂਦਾ ਤੇ ਆਖਰ ਬਿਜਲੀ ਮੰਤਰੀ ਦੇ ਅਹੁਦੇ ਨੂੰ ਨਾ ਸਵੀਕਾਰ ਕਰਨ ਤੋਂ ਬਾਅਦ ਨਵੀਟ ਬਾਏ ਟਵੀਟ ਕਰਕੇ ਆਪਣੀ ਸਰਕਾਰ ਨੂੰ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਬਾਦਲ ਪਰਿਵਾਰ ਨਾਲ਼ ਸਾਂਝ ਨਿਭਾਉਣ ਦੇ ਦੋਸ਼ ਲਾਉਣ ਤੱਕ ਬੋਲ ਚੁੱਕਿਆ ਹੈ। ਜਿਹੜੇ ਵਿਧਾਇਕ ਜਾਂ ਮੰਤਰੀ ਕੁੱਝ ਸਮਾਂ ਪਹਿਲਾਂ ਕੈਪਟਨ ਦੇ ਖੇਮੇਂ ਵਿੱਚ ਭੁਗਤਦੇ ਨਜ਼ਰ ਆਉਂਦੇ ਸਨ ਸਮੇਂ ਦੀ ਨਜ਼ਾਕਤ ਨੂੰ ਸਮਝ ਕੇ ਚੁੱਪ ਚੁਪੀਤੇ ਸਿੱਧੂ ਦੀ ਲਾਰੀ ਵਿੱਚ ਜਾ ਚੜ੍ਹੇ ਹਨ।ਕਿਉਂਕਿ ਉਨ੍ਹਾਂ ਨੂੰ ਹਾਈਕਮਾਨ ਦੇ ਫੈਂਸਲੇ ਨਾਲੋਂ ਕੈਪਟਨ ਪਾਸੇ ਹਾਰ ਨੇ ਜ਼ਿਆਦਾ ਮਜ਼ਬੂਰ ਕੀਤਾ ਹੈ। ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਜੋ ਕੁੱਝ ਦਿਨ ਪਹਿਲਾਂ ਸਿੱਧੂ ਦੀ ਪ੍ਰਧਾਨਗੀ ਦੀਆਂ ਕਿਆਸ ਅਰਾਈਆ ਤੇ ਪੱਤਰਕਾਰਾਂ ਕੋਲੋਂ ਪੁੱਛੇ ਸਵਾਲ ਤੇ ਕਹਿੰਦਾ ਸੀ ਸਿੱਧੂ ਪ੍ਰਧਾਨ ਕਿਵੇਂ ਬਣ ਸਕਦਾ ਉਸ ਦੀ ਉਮਰ ਕਾਂਗਰਸ ਵਿੱਚ ਸਿਰਫ ਚਾਰ ਸਾਲ ਹੈ। ਅਗਰ ਹਾਈਕਮਾਨ ਫੈਸਲਾ ਵੀ ਲਵੇ ਤਾਂ ਵਿਰੋਧ ਕਰਾਂਗਾ ਹੁਣ ਚੁੱਪ ਹੋ ਗਿਆ ਹੈ । ਕਿਉਂਕਿ ਮਜਬੂਰੀਆਂ ਸਾਰਿਆਂ ਦੀਆਂ ਹੁੰਦੀਆਂ ਹਨ । ਸਿੱਧੂ ਦੇ ਪ੍ਰਧਾਨ ਬਣਨ ਨਾਲ਼ ਫਿਲਹਾਲ ਦੂਜੀਆਂ ਪਾਰਟੀਆਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਗੁੱਗਲ ਹੋਈਆਂ ਜਾਂ ਪਿਛਾਂਹ ਹੱਟਕੇ ਪੈਂਤੜਾ ਤਿਆਰ ਕਰਕੇ ਵਾਰ ਕਰਨ ਦੀ ਤਿਆਰੀ ਵਿੱਚ ਲੱਗੀਆਂ ਹੋਣ ਪਰ ਅਜੇ ਤੱਕ ਹਾਸ਼ੀਏ ਤੇ ਜਾ ਡਿੱਗੀਆਂ ਹਨ। ਅਕਾਲੀ ਦਲ ਸਰਕਾਰ ਤੋਂ ਬਾਹਰ ਰਹਿ ਕੇ ਸਰਕਾਰ ਖ਼ਿਲਾਫ਼ ਮੁੱਦੇ ਉਠਾਉਣ ਵਿੱਚ ਅਸਫਲ ਰਿਹਾ ਹੈ ਸਗੋਂ ਬੇਅਦਬੀ ਤੇ ਕੋਟਕਪੂਰਾ ਕਾਂਡ ਵਿੱਚ ਨਿਤ ਜ਼ਲੀਲ ਹੋ ਕੇ ਉਠਦਾ ਡਿੱਗਦਾ ਤੇ ਆਖ਼ਰ ਡਿੱਗਿਆ ਹੋਇਆ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਜਿਹੜੀ ਮੁੱਖ ਵਿਰੋਧੀ ਧਿਰ ਹੈ ਆਪਣਾ ਰੋਲ਼ ਨਿਭਾ ਨਹੀਂ ਪਾ ਰਹੀ। ਸਗੋਂ ਬਿਨਾਂ ਕਸੂਰੋਂ ਪਾਰਟੀ ਚੋਂ ਕੱਢੇ ਆਗੂਆਂ ਕਰਕੇ ਤੇ ਮਜੀਠੀਆ ਕੋਲੋਂ ਮੁਆਫੀ ਮੰਗਣ ਕਾਰਨ ਅਜੇ ਪਹਿਲਾਂ ਵਾਲੀ ਸਥਿਤੀ ਤੱਕ ਨਹੀਂ ਪਹੁੰਚ ਸਕੀ । ਬੇਸ਼ੱਕ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਲੋਕ ਤੀਸਰਾ ਬਦਲ ਚਾਹੰਦੇ ਹਨ । ਪਰ ਆਪ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਵਿੱਚ ਨਾਕਾਮਯਾਬ ਸਿੱਧ ਹੋ ਰਹੀ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਜਿੱਸ ਗਰਮਜੋਸ਼ੀ ਨਾਲ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਨੂੰ ਚੁੱਕ ਰਿਹਾ ਹੈ ।ਇਹਨਾਂ ਨੂੰ ਹੱਲ ਕਰਨ ਵਿੱਚ ਕਿੰਨਾ ਕੁ ਕਾਮਯਾਬ ਹੁੰਦਾ ਹੈ । ਕਿਉਂਕਿ ਅੱਜ ਤੱਕ ਪੰਜਾਬ ਦੀ ਕੋਈ ਵੀ ਸਿਆਸੀ ਧਿਰ ਜਾਂ ਆਗੂ ਲੋਕਾਂ ਦੀਆਂ ਭਾਵਨਾਵਾਂ ਤੇ ਖਰਾ ਨਹੀਂ ਉਤਰਿਆ ਹੈ। ਇਹ ਗੱਲ ਆਉਣ ਵਾਲੇ ਸਮੇਂ ਵਿੱਚ ਸਾਫ਼ ਹੋ ਜਾਵੇਗੀ ਕਿ ਨਵਜੋਤ ਸਿੱਧੂ ਆਪਣੀਆਂ ਗੱਲਾਂ ਨਾਲ ਤਾੜੀ ਮਰਵਾਉਂਦਾ ਹੈ ਹਾਂ ਫਿਰ ਸੱਚ ਹੀ ਪੰਜਾਬੀਆਂ ਦਾ ਦਿਲ ਜਿੱਤ ਕੇ ਤਾੜੀ ਮਰਵਾਉਣ ਵਿੱਚ ਕਾਮਯਾਬੀ ਹਾਸਲ ਕਰਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!