8.9 C
United Kingdom
Saturday, April 19, 2025

More

    ਪੰਜਾਬੀ ਜ਼ੁਬਾਨ ਦਾ ‘ਮਹਿਬੂਬ ਸ਼ਾਇਰ’ ਸ਼ਿਵ ਕੁਮਾਰ ਬਟਾਲਵੀ !

    23 ਜੁਲਾਈ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ‘ਤੇ ਵਿਸ਼ੇਸ਼ …… 
    ਮਾਂ, ਹੇ ਮੇਰੀ ਮਾਂ !ਤੇਰੇ ਆਪਣੇ ਦੁੱਧ ਵਰਗਾ ਹੀ, ਤੇਰਾ ਸੁੱਚਾ ਹੈ ਨਾਂਜੀਭ ਹੋ ਜਾਏ ਮਾਖਿਓਂ, ਹਾਏ ਨੀ ਤੇਰਾ ਨਾਂ ਲਿਆਂਜੇ ਇਜਾਜ਼ਤ ਦਏਂ ਤਾਂ ਮੈਂ ਇਕ ਵਾਰੀ ਲੈ ਲਵਾਂਮਾਘੀ ਦੀ ਹਾਏ ਸੁੱਚੜੀ, ਸੰਗਰਾਂਦ ਵਰਗਾ ਤੇਰਾ ਨਾਂਮਾਂ ਤਾਂ ਹੁੰਦੀ ਹੈ ਛਾਂ, ਛਾਂ ਕਦੇ ਘਸਦੀ ਤੇ ਨਾਮਾਂ, ਹੇ ਮੇਰੀ ਮਾਂ !ਇਕ ਮਾਂ ਲਈ  ਇੰਨੇ ਕੋਮਲ, ਮਿੱਠੇ ਤੇ ਸੁੱਚੇ ਸ਼ਬਦ ! ਇਹ ਸ਼ਿਵ ਹੀ ਲਿਖ ਸਕਦਾ ਸੀ, ਇਹ ਸ਼ਿਵ ਹੀ ਆਖ ਸਕਦਾ ਸੀ। ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਜੰਮੇ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਪਿਤਾ  ਕਿਸ਼ਨ ਗੋਪਾਲ ਦੇ ਘਰ ਸਿਆਲਕੋਟ ਜ਼ਿਲ੍ਹੇ ਦੀ ਤਹਿਸੀਲ ਸ਼ਕਰਗੜ੍ਹ ਦੇ ਬੜਾ ਪਿੰਡ ਲੋਹਟੀਆ (ਪਾਕਿਸਤਾਨ) ‘ਚ 23 ਜੁਲਾਈ 1936 ਨੂੰ ਹੋਇਆ। ਮੁੱਡਲੀ ਸਿੱਖਿਆ ਸ਼ਿਵ ਕੁਮਾਰ ਜੀ ਨੇ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ ਸੀ। ਸੰਨ 1947 ਦੀ ਭਾਰਤ, ਪਾਕਿਸਤਾਨ ਵੰਡ ਦੌਰਾਨ ਸ਼ਿਵ ਕੁਮਾਰ ਜੀ ਆਪਣੇ ਪਰਿਵਾਰ ਨਾਲ ਭਾਰਤ ‘ਆ ਗਏ ਤੇ ਪੰਜਾਬ ‘ਚ ਪੈਂਦੇ ਸ਼ਹਿਰ ਬਟਾਲੇ ‘ਆ ਵਸੇ, ਉਸ ਵਕਤ ਸ਼ਿਵ ਦੀ ਉਮਰ ਲੱਗ-ਭਾਗ 10-11 ਸਾਲ ਦੀ ਹੋਵੇਗੀ। ਸ਼ਿਵ ਨੇ ਬਟਾਲੇ ‘ਆ ਆਪਣੀ ਸਿੱਖਿਆ ਮੁੜ ਸ਼ੁਰੂ ਕੀਤੀ ਤੇ ਬਟਾਲੇ ਆਰਮੀ ਹਾਈ ਸਕੂਲ ਤੋਂ ਸੰਨ 1953 ‘ਚ ਦਸਵੀਂ ਪਾਸ ਕੀਤੀ। ਜਿੰਦਗੀ ਦੇ ਅਗਲੇ ਪੜਾਅ ‘ਚ ਫ਼ਕੀਰਾਨਾ ਸੁਭਾਅ ਦਾ ਮਾਲਕ ਪਟਵਾਰੀ ਲੱਗ ਗਿਆ। ਸ਼ਾਇਰਾਨਾ ਮਿਜ਼ਾਜ ਦੇ ਸ਼ਿਵ ਨੇ ਸੰਨ 1960 ‘ਚ ਪਟਵਾਰੀ ਦੀ ਨੌਕਰੀ ਨੂੰ ਅੱਲਵਿਦਾ ਆਖ ਲੱਗ-ਭਾਗ ‘ਛੇ ਸਾਲ ਸੰਨ 1966 ਤੱਕ ਬੇਰੋਜਗਾਰ ਰਿਹਾ ਤੇ ਦੂਜੇ ਪਾਸੇ ਉਸ ਦਾ ਗੀਤ, ਗ਼ਜ਼ਲਾਂ, ਕਵਿਤਾਵਾਂ ‘ਚ ਪਕੜ ਹੋਰ ਮਜਬੂਤ ਹੁੰਦੀ ਗਈ ਤੇ  ਹੁਣ ਸ਼ਿਵ ਕੁਮਾਰ ‘ਸ਼ਿਵ’ ਨਾ ਰਿਹਾ, ਹੁਣ ‘ਸ਼ਿਵ’ ਬਣ-ਚੁੱਕਾ ਸੀ ਕਵੀ ਦਰਬਾਰਾ ਦੀ ਸ਼ਾਨ ‘ਸ਼ਿਵ ਕੁਮਾਰ ਬਟਾਲਵੀ’ ਤੇ ਸੰਨ 1966 ‘ਚ ਸ਼ਿਵ ਕੁਮਾਰ ਬਟਾਲਵੀ ਜੀ ਨੇ ਸ਼ਹਿਰ ਬਟਾਲੇ ਦੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ‘ਚ ਕਲਰਕ ਦੀ ਨੌਕਰੀ ਅਰੰਭ ਕੀਤੀ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੀੜੀ ਮੰਗਿਆਲ ਦੀ ਕੁੜੀ ਅਰੁਣਾ ਨਾਲ ਸੰਨ 1967 ‘ਚ ਵਿਆਹ ਬੰਦਨ ‘ਚ ਬੱਜ ਗਿਆ।
     ਸੰਨ 1968 ‘ਚ ਸ਼ਿਵ ਕੁਮਾਰ ਬਟਾਲਵੀ ਜੀ ਦੀ ਬਦਲੀ ਸਟੇਟ ਬੈਂਕ ਆਫ ਇੰਡੀਆ ਦੀ  ਚੰਡੀਗੜ੍ਹ ਬ੍ਰਾਂਚ ਵਿਚ ‘ਹੋ ਗਈ। ਫ਼ਕੀਰਾਨਾ ਸੁਭਾਅ ਦਾ ਮਾਲਕ ਸ਼ਿਵ ਦਾ ਮਨ ਕਲਰਕ ਦੀ ਨੌਕਰੀ ‘ਚ ਨਹੀਂ ‘ਸੀ ਲੱਗ ਰਿਹਾ। ਚੰਡੀਗੜ੍ਹ ਦੇ 21 ਸੈਕਟਰ ਦੇ ਇੱਕ ਕਿਰਾਏ ਦੇ ਘਰ ਵਿਚ ਰਹਿ ਉਹ ….. ਉਹ ਗੀਤ, ਗ਼ਜ਼ਲਾਂ, ਕਵਿਤਾਵਾਂ ਲਿਖ ਰਿਹਾ ਸੀ ‘ਜੋ ਅੱਜ ਦੇ ਦਿਨ ਤੱਕ ਕੋਈ ਲਿਖ ਨਾਂ ਸਕਿਆ। 
    ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇਭੱਠੀ ਵਾਲੀਏ ।ਭੱਠੀ ਵਾਲੀਏ ਚੰਬੇ ਦੀਏ ਡਾਲੀਏ, ਨੀ ਪੀੜਾਂ ਦਾ ਪਰਾਗਾ ਭੁੰਨ ਦੇਭੱਠੀ ਵਾਲੀਏ ।ਹੋ ਗਿਆ ਕੁਵੇਲਾ ਮੈਨੂੰ ਢਲ ਗਈਆਂ ਛਾਵਾਂ ਨੀ,ਬੇਲਿਆਂ ‘ਚੋਂ ਮੁੜ ਗਈਆਂ ਮੱਝੀਆਂ ਤੇ ਗਾਵਾਂ ਨੀ,ਪਾਇਆ ਚਿੜੀਆਂ ਨੇ ਚੀਕ-ਚਿਹਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇਭੱਠੀ ਵਾਲੀਏ ।ਤੈਨੂੰ ਦਿਆਂ ਹੰਝੂਆਂ ਦਾ ਭਾੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇਭੱਠੀ ਵਾਲੀਏ ।ਪੀੜਾਂ ਦਾ ਪਰਾਗਾ ਕਿਤਾਬ ਲਿਖਣ ਵਾਲਾ ਸ਼ਿਵ ਕੁਮਾਰ ਬਟਾਲਵੀ ਪ੍ਰਮਾਤਮਾ ਵਲੋਂ ਬਖ਼ਸ਼ੀ ਛੋਟੀ ਜਹੀ ਉਮਰ ‘ਚ ਬਹੁਤ ਕੁਜ ਵੱਡਾ ਲਿਖ ਗਿਆ, ਸ਼ਿਵ ਦੀ ਸੁਰੀਲੀ ਆਵਾਜ਼ ਨੇ ਉਸ ਨੂੰ ਅਤੇ ਉਸ  ਦੀਆਂ  ਕਵਿਤਾਵਾਂ, ਗੀਤ, ਗ਼ਜ਼ਲਾਂ ਨੂੰ ਬਹੁਤ ਹੀ ਹਰਮਨ ਪਿਆਰਾ ਬਣਾ ਦਿੱਤਾ ਸੀ। ਸ਼ਿਵ ਕੁਮਾਰ ਬਟਾਲਵੀ ਦੀਆਂ ਕਾਵਿ ਰਚਨਾਵਾਂ : ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ ਬੇਹੱਦ ਮਕਬੂਲ ਹੋਈਆਂ ਕਾਵਿ ਰਚਨਾਵਾਂ ਸਨ  ਵਧੇਰੇ ਕਰਕੇ ਸ਼ਿਵ ਕੁਮਾਰ ਬਟਾਲਵੀ ਆਪਣੀ ਰੋਮਾਂਟਿਕ ਕਵਿਤਾ ਲਈ ਜਾਣੇ ਜਾਂਦਾ ਸਨ  ਤੇ ਅੱਜ  ਵੀ ਜਾਣੇ ਜਾਂਦੇ ਹਨ। । ਸ਼ਿਵ ਕੁਮਾਰ ਬਟਾਲਵੀ ਜੀ ਨੂੰ ਸੰਨ 1967 ਵਿਚ ਸਾਹਿਤਕ ਅਕਾਦਮੀ ਪੁਰਸਕਾਰ ਮਿਲ ਗਿਆ ਸੀ ਤੇ ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਭ ਤੋਂ ਛੋਟੀ ਉਮਰ ਦੇ ਸਨ। ਇਸ ਪੰਜਾਬੀ ਜ਼ੁਬਾਨ  ਦੇ ਮਕਬੂਲ ਤੇ ਮਹਿਬੂਬ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਉਸ ਦੇ ਕੁਦਰਤ ਨਾਲ ਪ੍ਰੇਮ ਨੇ ਉਸ ਤੋਂ  ਬਿਰਖਾਂ ਦੀ ਹੋਂਦ ਨੂੰ ਕੁੁਝ ਇੰਜ ਲਿਖਵਾਇਆ : ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ,ਕੁਝ ਰੁੱਖ ਨੂੰਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ,ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ,ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ,ਕੁਝ ਰੁੱਖ ਯਾਰਾਂ ਵਰਗੇ ਲਗਦੇ ਚੁੰਮਾਂ ਤੇ ਗਲ ਲਾਵਾਂ,ਇਕ ਮੇਰੀ ਮਹਿਬੂਬਾ ਵਾਕਣ ਮਿੱਠਾ ਅਤੇ ਦੁਖਾਵਾਂ,ਕੁਝ ਰੁੱਖ ਮੇਰਾ ਦਿਲ ਕਰਦਾ ਏ ਮੋਢੇ ਚੁੱਕ ਖਿਡਾਵਾਂ,ਕੁਝ ਰੁੱਖ ਮੇਰਾ ਦਿਲ ਕਰਦਾ ਏ ਚੁੰਮਾਂ ਤੇ ਮਰ ਜਾਵਾਂ,ਕੁਝ ਰੁੱਖ ਜਦ ਵੀ ਰਲ ਕੇ ਝੂਮਣ ਤੇਜ਼ ਵਗਣ ਜਦ ਵਾਵਾਂ,ਸਾਵੀ ਬੋਲੀ ਸਭ ਰੁੱਖਾਂ ਦੀ ਦਿਲ ਕਰਦਾ ਲਿਖ ਜਾਵਾਂ,ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੂਨੇ ਆਵਾਂ,ਜੇ ਤੁਸਾਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿਚ ਗਾਵਾਂ,ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਂ ਰੁੱਖਾਂ ਦੀਆਂ ਛਾਵਾਂ ।
    ਸ਼ਿਵ ਕੁਮਾਰ ਬਟਾਲਵੀ ਰਾਵੀ ਦਰਿਆ ਦਾ ਉਹ ਲਾਡਲਾ ਪੁੱਤਰ ਸੀ ਜਿਸ ਨੇ ਰਾਵੀ ਦੇ ਉਰਵਾਰ ਪਾਰ ਵਸਦੇ ਲੋਕਾਂ ਦੇ ਗੁਆਚਦੇ ਜਾ ਰਹੇ ਸ਼ਬਦਾਂ ਨੂੰ ਆਪਣੀ ਸ਼ਾਇਰੀ ਵਿਚ ਸੰਭਾਲਿਆ ਤੇ ਅੱਜ  ਵੀ ਅਸੀ ‘ਸ਼ਿਵ’ ਦੇ ਗੀਤ, ਗ਼ਜ਼ਲਾਂ, ਕਵਿਤਾਵਾਂ ‘ਚ ਸਿਰਫ ਪੰਜਾਬ ਨਹੀਂ ਸਗੋਂ ਸਮੁੱਚ ਕੁਦਰਤ ਦੇ ਦਰਸ਼ਨ ਕਰ ਸਕਦੇ ਹਾਂ । ਸ਼ਿਵ ਕੁਮਾਰ ਬਟਾਲਵੀ ਦੇ ਬੇਹੱਦ ਨਜ਼ਦੀਕ ਰਹਿਣ ਵਾਲੇ ਲੋਕ ਕਹਿੰਦੇ ਸਨ ਕਿ ਉਹ ਸਦਾ ਬਣ-ਥਨ ਕੇ ਰਹਿੰਦਾ ਸੀ। ਇਥੇ ਅਸੀ ਇਹ ਵੀ ਕਿਹਾ ਸਕਦੇ ਹਾਂ ਕਿ ‘ਸ਼ਿਵ’ ਪੰਜਾਬੀ ਸ਼ਾਇਰੀ ਦਾ ਪਹਿਲਾ ਮਾਡਰਨ ਸ਼ਾਇਰ ਸੀ। ਸ਼ਿਵ ਕੁਮਾਰ ਬਟਾਲਵੀ ਨੂੰ ਲੋਕ ਬਿਰਹਾ ਦਾ ਸ਼ਾਇਰ  ਵੀ ਆਖਦੇ ਹਨ ਕਿਉਂਕਿ ਉਸ ਨੇ ਬਿਰਹਾ ਦਾ ਜ਼ਿਕਰ ਬਹੁਤ ਵਾਰ ਆਪਣੀਆਂ ਕਵਿਤਾਵਾਂ ‘ਚ ਕੀਤਾ ਹੈ ਤੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਕੁੁਝ ਇੰਜ ਲਿਖਦਾ :  ਲੋਕੀਂ ਪੂਜਣ ਰੱਬ ਮੈਂ ਤੇਰਾ ਬਿਰਹੜਾਸਾਨੂੰ ਸੌ ਮੱਕਿਆਂ ਦਾ ਹੱਜ ਵੇ ਤੇਰਾ ਬਿਰਹੜਾ ।ਲੋਕ ਕਹਿਣ ਮੈਂ ਸੂਰਜ ਬਣਿਆ ਲੋਕ ਕਹਿਣ ਮੈਂ ਰੋਸ਼ਨ ਹੋਇਆਸਾਨੂੰ ਕੇਹੀ ਲਾ ਗਿਆ ਅੱਗ ਵੇ ਤੇਰਾ ਬਿਰਹੜਾ ।
    ਪੰਜਾਬੀ ਦੇ ਹਰਮਨ ਪਿਆਰੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਅੱਜ ਵੀ ਲੋਕਾ ਦੇ ਦਿਲਾ ‘ਚ ਆਪਣੀਆਂ ਅਣਗਿਣਤ ਲਿਖਤਾਂ ਰਾਹੀਂ ਧੜਕ ਰਹੇ ਹਨ। ਆਖਰੀ ਸਮੇਂ ਉਨ੍ਹਾਂ ਨੂੰ ਇੰਗਲੈਂਡ ਦੀ ਆਬੋਂ -ਹਵਾ ਰਾਸ ‘ਨਾ ਆਈ ਤੇ ਜਦੋ ਉਹੋ ਭਾਰਤ ਆਪਣੇ ਵਤਨ ਵਾਪਿਸ ਆਏ ਤਾਂ ਦਿਨ 6 ਮਈ, ਸੰਨ 1973 ਨੂੰ  ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਲੱਗ-ਭਗ 37 ਸਾਲ ਦੀ ਭਰ ਜਵਾਨੀ ‘ਚ ਇਸ ਸੰਸਾਰ ਨੂੰ ਛੱਡ ਜਾਨ ਵਾਲਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜਾਪਦਾ ਹੈ ਅੱਜ ਵੀ ਸਾਡੇ ਵਿਚ ਆਪਣੀਆਂ ਲਿਖਤਾਂ ਰਾਹੀਂ ਹਾਜ਼ਰ ਹੈ ਤੇ ਮੈਨੂੰ ਮਹਿਸੂਸ ‘ਹੋ ਰਿਹਾ ਹੈ, ਕਿ ਉਹ ਕਹਿ ਰਿਹਾ ਹੈ :ਅਸਾਂ ਤਾਂ ਜੋਬਨ ਰੁੱਤੇ ਮਰਨਾ ਮੁੜ ਜਾਣਾ ਅਸਾਂ ਭਰੇ ਭਰਾਏਹਿਜਰ ਤੇਰੇ ਦੀ ਕਰ ਪਰਕਰਮਾ ਅਸਾਂ ਤਾਂ ਜੋਬਨ ਰੁੱਤੇ ਮਰਨਾਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾਜੋਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾਂ ਵਾਲਾਜਾਂ ਉਹ ਮਰਨ ਕਿ ਜਿਨ੍ਹਾਂ ਲਿਖਾਏ ਹਿਜਰ ਧੁਰੋਂ ਵਿਚ ਕਰਮਾਂਹਿਜਰ ਤੁਹਾਡਾ ਅਸਾਂ ਮੁਬਾਰਕ ਨਾਲ ਬਹਿਸ਼ਤੀਂ ਖੜਨਾਅਸਾਂ ਤਾਂ ਜੋਬਨ ਰੁੱਤੇ ਮਰਨਾ ।ਪੰਜਾਬ ਤੇ ਪੰਜਾਬੀਅਤ ਦੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜੀ ਦਾ ਭਰ ਜਵਾਨੀ ‘ਚ ਚਲੇ ਜਾਣ ਦਾ ਜਖਮ ਪੰਜਾਬੀ ਭਾਸ਼ਾਂ ਦੇ ਸਾਹਿਤਕਾਰਾ ਤੇ ਪਾਠਕ ਲਈ ਸਦਾ ਹਰਾ ‘ਹੀ ਰਹੇਗਾ।  

    ਹਰਮਨਪ੍ਰੀਤ ਸਿੰਘ,ਸਰਹਿੰਦ,

    ਜ਼ਿਲ੍ਹਾ : ਫ਼ਤਹਿਗੜ੍ਹ ਸਾਹਿਬ,ਸੰਪਰਕ : 98550 10005

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!