ਵੱਡੀ ਗਿਣਤੀ ਕਿਸਾਨਾਂ ਦੇ ਕਾਫ਼ਲੇ ਦਿੱਲੀ ਬਾਰਡਰਾਂ ਵੱਲ ਹੋਣਗੇ ਰਵਾਨਾ

ਬਰਨਾਲਾ, 15 ਜੁਲਾਈ (ਪੰਜ ਦਰਿਆ ਬਿਊਰੋ) ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਦਾ ਦੀ ਸੂਬਾ ਪੱਧਰੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਸੂਬਾ ਅਹੁਦੇਦਾਰਾਂ ਤੋਂ ਇਲਾਵਾ ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਆਗੂਆਂ ਨੇ ਸ਼ਮੂਲੀਅਤ ਕੀਤੀ। ਬੀਕੇਯੂ ਏਕਤਾ ਡਕੌਂਦਾ ਦੇ ਬਾਨੀ ਸੂਬਾ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਂਦਾ ਨੂੰ ਉਨ੍ਹਾਂ ਦੀ 11 ਵੀ ਬਰਸੀ ਮੌਕੇ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਉਨ੍ਹਾਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਅਹਿਦ ਕੀਤਾ।
ਮੀਟਿੰਗ ਦੇ ਅਹਿਮ ਫੈਸਲਿਆਂ ਸਬੰਧੀ ਸੂਬਾ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਦੇ ਬਾਰਡਰਾਂ ਸਮੇਤ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਸੰਯੁਕਤ ਕਿਸਾਨ ਮੋਰਚਾ ਦੀ ਆਗਵਾਈ ਹੇਠ ਚੱਲ ਰਹੇ ਕਿਸਾਨ ਅੰਦੋਲਨ ਪ੍ਰਤੀ ਗੰਭੀਰ ਚਰਚਾ ਹੋਈ। 26 ਜੂਨ ਐਮਰਜੈਂਸੀ ਵਿਰੋਧੀ ਦਿਵਸ ਅਤੇ 8 ਜੁਲਾਈ ਨੂੰ ਮਹਿੰਗਾਈ ਵਿਰੋਧੀ ਸੱਦੇ ਸਬੰਧੀ ਸਮੁੱਚੇ ਪੰਜਾਬ ਅੰਦਰ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਵੱਲੋਂ ਕੀਤੀ ਸ਼ਮੂਲੀਅਤ ਅਤੇ ਲੋਕਾਂ ਵੱਲੋਂ ਮਿਲੇ ਹੁੰਗਾਰੇ ਪ੍ਰਤੀ ਗੰਭੀਰ ਚਰਚਾ ਹੋਈ। ਇਹਨਾਂ ਦੋਂਵੇਂ ਸੱਦਿਆਂ ਨੂੰ ਕਿਸਾਨਾਂ-ਮਜਦੂਰਾਂ ਸਮੇਤ ਸਮੁੱਚੀ ਲੋਕਾਈ ਵੱਲੋਂ ਮਿਲੇ ਹੁੰਗਾਰੇ ਨੂੰ ਉਤਸ਼ਾਹਜਨਕ ਵਰਤਾਰੇ ਵਜੋਂ ਨੋਟ ਕੀਤਾ ਗਿਆ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 19 ਜੁਲਾਈ ਤੋਂ ਸ਼ੁਰੂ ਹੋ ਰਹੇ ਮੌਨਸੂਨ ਸ਼ੈਸ਼ਨ ਦੌਰਾਨ ਕਿਸਾਨ ਮਰਦ-ਔਰਤਾਂ ਦੇ ਕਾਫਲੇ ਵੱਡੀ ਗਿਣਤੀ ਵਿੱਚ ਦਿੱਲੀ ਬਾਰਡਰਾਂ ਵੱਲ ਰਵਾਨਾ ਕੀਤੇ ਜਾਣਗੇ। 22 ਜੁਲਾਈ ਨੂੰ ਬਰਨਾਲਾ, 23 ਜੁਲਾਈ ਬਠਿੰਡਾ, 24 ਜੁਲਾਈ ਮੁਕਤਸਰ, 26 ਜੁਲਾਈ ਫਿਰੋਜਪੁਰ ਔਰਤਾਂ ਦਾ ਜੱਥਾ, 27 ਜੁਲਾਈ ਸੰਗਰੂਰ, 28 ਜੁਲਾਈ ਪਟਿਆਲਾ, 29 ਜੁਲਾਈ ਫਰੀਦਕੋਟ, 30 ਜੁਲਾਈ ਲੁਧਿਆਣਾ ਅਤੇ 31 ਜੁਲਾਈ ਨੂੰ ਮੋਗਾ ਜ਼ਿਲ੍ਹਿਆਂ ਦੀਆਂ ਜੁੰਮੇਵਾਰੀਆਂ ਲਗਾਈਆਂ ਗਈਆਂ। 18 ਜੁਲਾਈ ਨੂੰ ਬੀਕੇਯੂ ਏਕਤਾ ਡਕੌਂਦਾ ਦੇ ਨੌਜਵਾਨ ਕਿਸਾਨ ਆਗੂਆਂ ਦੀ ਵੱਡੀ ਸੂਬਾਈ ਕਨਵੈਂਸ਼ਨ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਨ ਦਾ ਫ਼ੈਸਲਾ ਕੀਤਾ। ਇਹ ਕਨਵੈਂਸ਼ਨ ਵਿਦਿਆਰਥੀ ਲਹਿਰ ਦੇ ਸਿਰਮੌਰ ਆਗੂ ਸ਼ਹੀਦ ਪ੍ਰਿਥੀਪਾਲ ਰੰਧਾਵਾ ਨੂੰ ਸਮਰਪਿਤ ਹੋਵੇਗੀ। ਭਾਜਪਾ ਆਗੂਆਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਰੋਸ ਵਿਖਾਵੇ ਪੂਰੀ ਸ਼ਿੱਦਤ ਨਾਲ ਜਾਰੀ ਰਹਿਣਗੇ। ਸੰਯੁਕਤ ਕਿਸਾਨ ਮੋਰਚਾ ਦੇ ਫ਼ੈਸਲੇ ਅਨੁਸਾਰ 17 ਜੁਲਾਈ ਨੂੂੰ ਮੈਂਬਰ ਪਾਰਲੀਮੈਂਟਾਂ ਨੂੰ ਚਿਤਾਵਨੀ ਪੱਤਰ ਉਨ੍ਹਾਂ ਦੀ ਰਿਹਾਇਸ਼ ਵੱਲ ਮਾਰਚ ਕਰਕੇ ਦੇਣ ਦੀ ਥਾਂ ਤਬਦੀਲੀ ਕਰਦਿਆਂ ਥਾਂ ਈਮੇਲ ਰਾਹੀਂ ਭੇਜਣ ਦਾ ਫ਼ੈਸਲਾ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਐੱਮਐੱਸਪੀ ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉਣ ਲਈ ਕਿਸਾਨ ਅੰਦੋਲਨ ਲੱਖਾਂ ਮੁਸ਼ਕਲਾਂ ਦੇ ਬਾਵਜੂਦ ਆਪਣੀ ਪ੍ਰਾਪਤੀ ਵੱਲ ਅੱਗੇ ਵਧ ਰਿਹਾ ਹੈ। ਕਿਸਾਨ ਕਾਫ਼ਲਿਆਂ ਦੇ ਹੌਂਸਲੇ ਬੁਲੰਦ ਹਨ, ਮੋਦੀ ਹਕੂਮਤ ਜਿੰਨੀਆਂ ਮਰਜੀ ਸਾਜਿਸ਼ਾਂ ਰਚ ਲਵੇ ਕਿਸਾਨ ਕਾਫ਼ਲੇ ਜਿੱਤ ਕੇ ਹੀ ਘਰਾਂ ਨੂੰ ਵਾਪਸ ਪਰਤਣਗੇ। ਇਸ ਮੌਕੇ ਸੂਬਾਈ ਆਗੂਆਂ ਮਨਜੀਤ ਸਿੰਘ ਧਨੇਰ, ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ, ਬਲਵੰਤ ਸਿੰਘ ਉੱਪਲੀ, ਰਾਮ ਸਿੰਘ ਮਟੋਟੜਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ, ਸੁਖਵਿੰਦਰ ਸਿੰਘ ਫੁਲੇਵਾਲਾ, ਦੇਵੀ ਰਾਮ, ਧਰਮਪਾਲ ਸਿੰਘ ਰੋੜੀਕਪੂਰਾ, ਇੰਦਰਜੀਤ ਸਿੰਘ, ਤਾਰਾ ਸਿੰਘ ਅੱਚਰਵਾਲ, ਹਰੀਸ਼ ਨੱਢਾ, ਹਰਨੇਕ ਸਿੰਘ ਮਹਿਮਾ, ਜਗਮੇਲ ਸਿੰਘ, ਸੁਖਦੇਵ ਸਿੰਘ ਘਰਾਚੋਂ, ਪਰਭਜਿੰਦਰ ਸਿੰਘ ਮੁਕਤਸਰ, ਧਰਮਿੰਦਰ ਸਿੰਘ ਕਪੂਰਥਲਾ,ਸੁਖਚੈਨ ਸਿੰਘ ਰਾਜੂ ਆਦਿ ਤੋੰ ਇਲਾਵਾ ਸਾਰੇ ਆਗੂਆਂ ਨੇ ਆਪਣੇ ਵਿਚਾਰ ਰੱਖੇ।