ਚੋਹਲਾ ਸਾਹਿਬ/ਤਰਨਤਾਰਨ,8 ਜੁਲਾਈ (ਨਈਅਰ)ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਚੋਹਲਾ ਸਾਹਿਬ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਸਬੰਧੀ 13 ਜੁਲਾਈ ਨੂੰ ਹਲਕਾ ਵਿਧਾਇਕ ਦੀ ਰਿਹਾਇਸ਼ ‘ਤੇ ਇੱਕ ਦਿਨ ਦੀ ਭੁੱਖ ਹੜਤਾਲ ਕਰਕੇ ਆਪਣੇ ਖੂਨ ਨਾਲ 14 ਸੂਤਰੀ ਮੰਗ ਪੱਤਰ ਲਿਖਕੇ ਵਿਧਾਇਕ ਰਾਹੀਂ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ ਜਾਵੇਗਾ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਂਗਣਵਾੜੀ ਮੁਲਾਜਮ ਯੂਨੀਅਨ ਦੇ ਬਲਾਕ ਪ੍ਰਧਾਨ ਜਤਿੰਦਰ ਕੌਰ ਭੈਲ ਨੇ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਮੁਲਾਜ਼ਮ ਦੀਆਂ ਮੰਗਾਂ ਨੂੰ ਅਣਗੌਲਿਆਂ ਕਰ ਰਹੀ ਹੈ ਜਿਸ ਕਾਰਨ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਤਹਿਤ 13 ਜੁਲਾਈ ਨੂੰ ਬਲਾਕ ਚੋਹਲਾ ਸਾਹਿਬ ਦੀਆਂ ਆਂਗਣਵਾੜੀ ਵਰਕਰਾਂ,ਹੈਲਪਰਾਂ ਹਲਕਾ ਵਿਧਾਇਕ ਦੇ ਘਰ ਮੂਹਰੇ ਭੁੱਖ ਹੜ੍ਹਤਾਲ ਕਰਕੇ ਖੂਨ ਨਾਲ ਮੰਗ ਪੱਤਰ ਲਿਖਕੇ ਮੁੱਖ ਮੰਤਰੀ ਨੂੰ ਭੇਜੇ ਜਾਣਗੇ।ਉਹਨਾਂ ਕਿਹਾ ਕਿ ਜਦੋਂ ਤੱਕ ਸਰਕਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ 14 ਸੂਤਰੀ ਮੰਗ ਪੱਤਰ ਦਾ ਹੱਲ ਨਹੀਂ ਕਰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਬਲਾਕ ਪ੍ਰਧਾਨ ਨੇ ਕਿਹਾ ਕਿ 2 ਅਕਤੂਬਰ ਵਾਲੇ ਦਿਨ ਸੀ.ਡੀ.ਐਫ ਸਕੀਮਾਂ ਸ਼ੁਰੂ ਹੋਇਆਂ 46 ਸਾਲ ਪੂਰੇ ਹੋ ਜਾਣਗੇ ਅਤੇ ਇਸ ਦਿਨ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਸਮੇਂ ਸਮੂਹ ਆਗਣਵਾੜੀ ਵਰਕਰਜ਼ ਹਾਜ਼ਰ ਸਨ।