ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਬਰਤਾਨੀਆ ਦੀ ਮਰਹੂਮ ਰਾਜਕੁਮਾਰੀ ਡਾਇਨਾਦੀ ਪੁਰਾਣੀ ਫੋਰਡ ਐਸਕੋਰਟ ਕਾਰ ਨਿਲਾਮੀ ਵਿੱਚ, 52,640 ਪੌਡ ‘ਚ ਵੇਚੀ ਗਈ ਹੈ। ਇਸ ਸਿਲਵਰ ਰੰਗ ਦੀ ਕਾਰ ਨੂੰ ਮੰਗਲਵਾਰ ਨੂੰ ਚਿਲੀ ਦੇ ਇੱਕ ਅਜਾਇਬ ਘਰ ਨੇ ਖਰੀਦਿਆ ਹੈ। ਇਸ ਕਾਰ ਨੂੰ ਪ੍ਰਿੰਸ ਚਾਰਲਸ ਵੱਲੋਂ ਰਾਜਕੁਮਾਰੀ ਡਾਇਨਾ ਨੂੰ ਜੁਲਾਈ 1981 ਵਿੱਚ ਉਨ੍ਹਾਂ ਦੇ ਵਿਆਹ ਤੋਂ ਦੋ ਮਹੀਨੇ ਪਹਿਲਾਂ ਮੰਗਣੀ ਦੇ ਤੋਹਫੇ ਦੇ ਤੌਰ ‘ਤੇ ਦਿੱਤੀ ਗਈ ਸੀ। ਡਾਇਨਾ ਨੇ 1982 ਵਿੱਚ ਪ੍ਰਿੰਸ ਵਿਲੀਅਮ ਨੂੰ ਜਨਮ ਦੇਣ ਤੋਂ ਬਾਅਦ ਕਾਰ ਦੀ ਵਰਤੋਂ ਕਰਨਾ ਬੰਦ ਕਰ ਦਿੱਤੀ ਸੀ, ਅਤੇ ਇਸਨੂੰ ਪੁਰਾਤਨ ਚੀਜ਼ਾਂ ਦੇ ਇੱਕ ਡੀਲਰ ਦੁਆਰਾ 6,000 ਪੌਂਡ ਵਿੱਚ ਖਰੀਦ ਲਿਆ ਸੀ। ਇਸ ਉਪਰੰਤ ਸਾਲ 2000 ਤੋਂ ਬਾਅਦ ਇਸਨੂੰ ਇੱਕ ਔਰਤ ਦੁਆਰਾ ਖਰੀਦਿਆ ਗਿਆ ਜੋ ਇਸ ਕਾਰ ਨੂੰ ਬਹੁਤ ਹੀ ਘੱਟ ਮੌਕਿਆਂ ‘ਤੇ ਚਲਾਉਂਦੀ ਸੀ। ਹੁਣ ਏਸੇਕਸ ਦੇ ਕੋਲਚੈਸਟਰ ਵਿੱਚ ਰੀਮਨ ਡੇਨਸੀ ਦੁਆਰਾ ਆਯੋਜਿਤ ਕੀਤੀ ਗਈ ਇੱਕ ਆਨਲਾਈਨ ਨਿਲਾਮੀ ਟੈਲੀਫੋਨ ਰਾਹੀਂ ਵੇਚਣ ਤੋਂ ਬਾਅਦ ਇਸ ਨੂੰ ਚਿਲੀ ਭੇਜਿਆ ਜਾਵੇਗਾ। ਇਸ ਕਾਰ ਦੀ ਮੀਟਰ ਰੀਡਿੰਗ ਤਕਰੀਬਨ 83,000 ਮੀਲ ਹੈ ਅਤੇ ਇਸਦੇ ਲਾਇਸੈਂਸ ਪਲੇਟ (WEV 297W) ਪੁਰਾਣੀ ਹੋਣ ਦੇ ਨਾਲ ਰੰਗ ਵੀ ਅਸਲੀ ਹੈ। ਰਾਜਕੁਮਾਰੀ ਡਾਇਨਾ ਦੀ 1997 ਵਿੱਚ ਪੈਰਿਸ ਦੀਆਂ ਗਲੀਆਂ ਵਿੱਚ ਇੱਕ ਕਾਰ ਹਾਦਸੇ ਦੌਰਾਨ ਮੌਤ ਹੋ ਗਈ ਸੀ। ਜਿਕਰਯੋਗ ਹੈ ਕਿ ਰਾਜਕੁਮਾਰੀ ਹੈਰੀ ਅਤੇ ਵਿਲੀਅਮ 1 ਜੁਲਾਈ ਨੂੰ ਕੇਂਸਿੰਗਟਨ ਪੈਲੇਸ ਦੇ ਬਗੀਚੇ ਵਿੱਚ ਆਪਣੀ ਮਾਂ ਡਾਇਨਾ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਹਨਾਂ ਦੇ ਇੱਕ ਬੁੱਤ ਦਾ ਉਦਘਾਟਨ ਕਰਨਗੇ।