
ਚੰਡੀਗੜ੍ਹ: ਸਾਹਿਤ ਅਕਾਦਮੀ, ਚੰਡੀਗੜ੍ਹ ਵੱਲੋਂ ਆਨ ਲਾਇਨ ਮਾਸਿਕ ਲੈਕਚਰ ਲੜੀ ਤਹਿਤ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਹੈ। ਇਨਾਂ ਮਾਸਿਕ ਲੈਕਚਰਾਂ ਦਾ ਮੂਲ ਮਨੋਰਥ ਗੁਰੂ ਤੇਗ ਬਹਾਦਰ ਜੀ ਸੰਬੰਧੀ ਇਤਿਹਾਸਕ ਸਰੋਤਾਂ ਅਤੇ ਵੱਖੋਂ-ਵੱਖਰੀਆਂ ਅੰਤਰ-ਦ੍ਰਿਸ਼ਟੀਆਂ ਤਹਿਤ ਗੁਰੂ ਤੇਗ ਬਹਾਦਰ ਦੇ ਗੁਰੂ ਬਿੰਬ ਨੂੰ ਉਜਾਗਰ ਕਰਨਾ ਹੋਵੇਗਾ। ਇਸ ਆਨ ਲਾਇਨ ਮਾਸਿਕ ਲੈਕਚਰ ਲੜੀ ਤਹਿਤ “ਗੁਰੂ ਤੇਗ ਬਹਾਦਰ – ਜੀਵਨ ਦਰਸ਼ਨ” ਵਿਸ਼ੇ ‘ ਤੇ ਪਹਿਲਾ ਭਾਸ਼ਣ ਡਾ ਬਲਕਾਰ ਸਿੰਘ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਦਿੱਤਾ। ਉਹਨਾਂ ਨੇ ਗੁਰੂ ਤੇਗ ਬਹਾਦਰ – ਜੀਵਨ ਦਰਸ਼ਨ ਦੇ ਮੂਲ ਸਰੋਕਾਰਾਂ ਬਾਰੇ ਇਤਿਹਾਸਕ ਪ੍ਰਸੰਗ ਵਿੱਚ ਚਰਚਾ ਕੀਤੀ । ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ – ਜੀਵਨ ਦਰਸ਼ਨ ਦੇ ਇਤਿਹਾਸਕ ਪ੍ਰਸੰਗ ਅਕਾਦਮਿਕ ਦ੍ਰਿਸ਼ਟੀ ਤੋਂ ਵਿਚਾਰਨੇ ਚਾਹੀਦੇ ਹਨ। ਇਹ ਇਤਿਹਾਸਕ ਪ੍ਰਸੰਗ ਅਕਾਦਮਿਕ ਦ੍ਰਿਸ਼ਟੀ ਤੋਂ ਹੀ ਜੀਵਨ ਨੂੰ ਸੋਧ ਪ੍ਰਦਾਨ ਕਰ ਸਕਦੇ ਹਨ।
ਡਾ. ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਨੇ ਆਪਣੇ ਪ੍ਰਧਾਨਗੀ ਸ਼ਬਦਾਂ ਵਿੱਚ ਕਿਹਾ ਕਿ ਗੁਰੂ ਤੇਗ ਬਹਾਦਰ ਦਾ ਜੀਵਨ ਸਮੁੱਚੀ ਮਾਨਵਤਾ ਲਈ ਪ੍ਰੇਰਨਾਂ ਸਰੋਤ ਹੈ। ਸਾਨੂੰ ਸਾਰਿਆ ਨੂੰ ਗੁਰੂ ਤੇਗ ਬਹਾਦਰ ਦੇ ਜੀਵਨ ਅਤੇ ਬਾਣੀ ਧਾਰਨ ਕਰਨਾ ਚਾਹੀਦਾ ਹੈ ਤਾਂ ਕਿ ਤਾਂ ਸਾਡੇ ਜੀਵਨ ਦੀ ਸਾਰਥਕ ਦ੍ਰਿਸ਼ਟੀ ਬਣ ਸਕੇ । ਇਸ ਆਨ ਲਾਇਨ ਮਾਸਿਕ ਲੈਕਚਰ ਲੜੀ ਦੇ ਕੋਆਡੀਨੇਟਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਸਿਕ ਲੈਕਚਰ ਲੜੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦਰਸ਼ਨ ਤੋਂ ਲੈ ਕੇ ਸ਼ਹਾਦਤ ਤੱਕ 12 ਲੈਕਚਰ ਹੋਣਗੇ।ਅਖੀਰ ਤੇ ਡਾ. ਸ਼ਤੀਸ਼ ਕੁਮਾਰ ਵਰਮਾ ਨੇ ਸਾਰਿਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਆਪ ਸਾਰਿਆਂ ਦੀ ਸ਼ਾਮੂਲੀਅਤ ਸਦਕਾ ਹੀ ਅਸੀਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੂਰਬ ਨੂੰ ਸਹੀ ਰੂਪ ਵਿੱਚ ਮਨਾ ਸਕਦੇ ਹਾਂ। ਇਸ ਵੈਬੀਨਾਰ ਵਿੱਚ ਵੱਖੋਂ ਵੱਖਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀ, ਅਧਿਆਪਕ ਅਤੇ ਸਰੋਤੇ ਹਾਜ਼ਰ ਸਨ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਇੰਚਾਰਜ ਨਿੰਦਰ ਘੁਗਿਆਣਵੀ ਨੇ ਦਸਿਆ ਕਿ ਪੰਜਾਬ ਸਾਹਿਤ ਅਕਾਦਮੀ ਸਮੇਤ, ਪੰਜਾਬ ਸੰਗੀਤ ਨਾਟਕ ਅਕਾਦਮੀ ਤੇ ਪੰਜਾਬ ਲਲਿਤ ਕਲਾ ਅਕਾਦਮੀਆਂ ਵੀ ਆਪੋ ਆਪਣੀਆਂ ਸਰਗਰਮੀਆਂ ਲਈ ਕਾਰਜਸ਼ੀਲ ਹਨ।