
ਚੰਡੀਗੜ: ਚਾਚਾ ਚੰਡੀਗੜੀਆ ਦੇ ਨਾਂ ਨਾਲ ਮਸ਼ਹੂਰ ਰਹੇ ਉਘੇ ਵਿਅੰਗਕਾਰ ਡਾ ਗੁਰਨਾਮ ਸਿੰਘ ਤੀਰ ਦੇ ਅਜ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਨੇ ਉਨਾ ਨੂੰ ਯਾਦ ਕਰਦਿਆਂ ਉਨਾ ਦੇ ਸਮੁੱਚੇ ਪਰਿਵਾਰ ਤੇ ਉਨਾ ਦੇ ਲੇਖਕ ਬੇਟੀ ਬੱਬੂ ਤੀਰ ਨੂੰ ਵਧਾਈ ਦਿਤੀ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਡਾ ਗੁਰਨਾਮ ਸਿੰਘ ਤੀਰ ਦੀ ਲੇਖਣੀ ਵਿਚ ਆਪਣਾਪਣ,ਵਿਅੰਗ ਭਰੀ ਚੋਭ, ਹਾਸਾ ਮਜਾਕ ਤੇ ਨਾਲ ਨਾਲ ਸੁਨੇਹਾ ਵੀ ਹੁੰਦਾ ਸੀ। ਡਾ ਤੀਰ ਸਿਧੀ ਸਾਦੀ ਬੋਲੀ ਤੇ ਨਿਵੇਕਲੀ ਸ਼ੈਲੀ ਵਿਚ ਵਿਲੱਖਣ ਗੱਲ ਆਖ ਜਾਂਦੇ ਸਨ। ਡਾ ਪਾਤਰ ਨੇ ਕਿਹਾ ਕਿ ਉਨਾ ਦੀ ਸਪੁੱਤਰੀ ਬੱਬੂ ਤੀਰ ਨੇ ਵਾਰਤਕ ਲੇਖਿਕਾ ਦੇ ਤੌਰ ਉਤੇ ਆਪਣੀ ਪਛਾਣ ਬਣਾਈ ਤੇ ਪਿਤਾ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਿਆ ਹੈ। ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗ ਰਾਜ ਨੇ ਆਖਿਆ ਕਿ ਭਾਵੇਂ ਤੀਰ ਸਾਹਬ ਦੀਆਂ ਪੁਸਤਕਾਂ ਪ੍ਰਕਾਸ਼ਕਾਂ ਕੋਲ ਨਹੀਂ ਹਨ ਪਰ ਉਨਾ ਦੇ ਪਾਠਕ ਅੱਜ ਵੀ ਲਾਇਬ੍ਰੇਰੀਆਂ ਵਿਚੋਂ ਲੱਭ ਲੱਭ ਕੇ ਉਨਾ ਦੀਆਂ ਪੁਸਤਕਾਂ ਦੀਆਂ ਫੋਟੋ ਕਾਪੀਆਂ ਕਰਵਾਉਂਦੇ ਦੇਖੇ ਜਾ ਸਕਦੇ ਹਨ। ਡਾ ਯੋਗਰਾਜ ਨੇ ਡਾ ਤੀਰ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ 30 ਜੂਨ 1924 ਨੂੰ ਪੈਦਾ ਹੋਏ ਤੀਰ ਜੀ 15 ਅਪ੍ਰੈਲ 1991 ਨੂੰ ਵਿਛੜ ਗਏ ਪਰ ਉਨਾ ਨੂੰ ਪਾਠਕ ਵਰਗ ਅੱਜ ਵੀ ਯਾਦ ਕਰਦਾ ਹੈ। ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਰੋਜਾਨਾ ਅਜੀਤ ਵਿਚ ਛਪਦੇ ਤੀਰ ਜੀ ਦੇ ਕਾਲਮ ਪਾਠਕਾਂ ਵਲੋਂ ਬੜੀ ਸ਼ਿਦਤ ਨਾਲ ਪੜੇ ਜਾਂਦੇ ਰਹੇ। ਉਹਨਾਂ ਨੂੰ ਬਹੁਤੇ ਲੋਕ ਚਾਚਾ ਚੰਡੀਗੜੀਆ ਕਰਕੇ ਵੀ ਜਾਣਦੇ ਪਛਾਣਦੇ ਸਨ। ‘ਤੀਰ ਅੰਦਾਜ਼ੀ’ ਉਨਾ ਦਾ ਕਾਲਮ ਬੜਾ ਮਕਬੂਲ ਰਿਹਾ। ਡਾ ਜੌਹਲ ਨੇ ਕਿਹਾ ਕਿ ਤੀਰ ਜੀ ਦੀਆਂ ਪੁਸਤਕਾਂ ਨੂੰ ਦੋਬਾਰਾ ਛਾਪਕੇ ਪਾਠਕਾਂ ਵਿਚ ਪਹੁੰਚਾਉਣ ਦੀ ਲੋੜ ਹੈ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਤੀਰ ਜੀ ਨੂੰ ਉਨਾ ਦੇ ਜੱਦੀ ਪਿੰਡ ਕੋਟ ਸੁਖੀਆ ਫਰੀਦਕੋਟ ਦੇ ਵਾਸੀ ਅੱਜ ਵੀ ਚੇਤੇ ਕਰਦੇ ਹਨ। ਉਨਾ ਮਾਲਵੇ ਦੇ ਆਮ ਪਿੰਡ ਚੋਂ ਉਠਕੇ ਆਪਣੀ ਪਛਾਣ ਵਿਸ਼ਵ ਪੱਧਰ ਉਤੇ ਬਣਾਈ। ਨਿੰਦਰ ਘੁਗਿਆਣਵੀ ਨੇ ਕਿਹਾ ਕਿ ਤੀਰ ਜੀ ਲੇਖਕ ਦੇ ਨਾਲ ਨਾਲ ਵਧੀਆ ਬੁਲਾਰੇ ਵੀ ਸਨ। ਇਕ ਮੰਚ ਉਤੇ ਸਟੇਜ ਚਲਾਉਂਦਿਆਂ ਉਨਾ ਕਿਹਾ ਸੀ, ਆਹ ਪੇਸ਼ ਐ ਜੀ ਇਕ ਕਲਾਕਾਰ, ਨਾ ਉਹ ਲਾਲ ਐ, ਨਾ ਈ ਯਮਲਾ ਐ ਤੇ ਨਾਂ ਈ ਚੰਦ ਐ ਤੇ ਜੱਟ ਤਾਂ ਉਹ ਹੈ ਈ ਨਹੀਂ। ਏਨੇ ਨੂੰ ਉਸਤਾਦ ਲਾਲ ਚੰਦ ਯਮਲਾ ਜੱਟ ਤੂੰਬੀ ਲੈਕੇ ਸਟੇਜ ਉਤੇ ਆਏ ਤੇ ਗਾਉਣ ਲੱਗੇ। ਲੋਕਾਂ ਖੂਬ ਤਾੜੀਆਂ ਵਜਾਈਆਂ ਸਨ। ਅੱਜ ਜਨਮ ਦਿਨ ਮੌਕੇ ਕਲਾ ਪਰਿਸ਼ਦ ਡਾ ਗੁਰਨਾਮ ਸਿੰਘ ਤੀਰ ਨੂੰ ਸਿਜਦਾ ਕਰਦੀ ਹੈ।