ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬ੍ਰਿਟਿਸ਼ ਐਥਲੀਟ ਮੋ ਫਰਾਹ ਇਸ ਸਾਲ ਟੋਕਿਓ ਉਲੰਪਿਕ ਵਿੱਚ 10,000 ਮੀਟਰ ਰੇਸ ਲਈ ਸੋਨੇ ਦੇ ਤਗਮੇ ਦੀ ਦੌੜ ਵਿੱਚ ਕੁਆਲੀਫਾਈ ਕਰਨ ਤੋਂ ਖੁੰਝ ਗਿਆ ਹੈ। ਫਰਾਹ ਸ਼ੁੱਕਰਵਾਰ 25 ਜੂਨ ਨੂੰ ਬ੍ਰਿਟਿਸ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਓਲੰਪਿਕ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ ਹੈ। ਫਰਾਹ ਨੂੰ ਟੋਕਿਓ ਉਲੰਪਿਕ ਵਿੱਚ ਆਪਣੀ ਜਗ੍ਹਾ ਨੂੰ ਸੁਰੱਖਿਅਤ ਕਰਨ ਲਈ ਮਾਨਚੈਸਟਰ ਰੀਜਨਲ ਏਰੀਆ ਵਿੱਚ ਰੇਸ ਨੂੰ 27 ਮਿੰਟ 28 ਸੈਕਿੰਡ ਦੇ ਅੰਦਰ ਪਾਰ ਕਰਨ ਦੀ ਜ਼ਰੂਰਤ ਸੀ। ਪਰ ਉਸਨੇ ਇਸ ਲਈ 27 ਮਿੰਟ 47 ਸੈਕਿੰਡ ਦਾ ਸਮਾਂ ਲਿਆ ,ਜਿਸ ਨਾਲ ਉਹ ਕੁੱਝ ਸੈਕਿੰਡ ਦੇ ਫਰਕ ਨਾਲ ਉਲੰਪਿਕ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਿਆ। ਟੋਕਿਓ ਲਈ ਬ੍ਰਿਟਿਸ਼ ਐਥਲੈਟਿਕਸ ਟੀਮ ਦੇ ਨਾਮ ਮੰਗਲਵਾਰ ਨੂੰ ਦਿੱਤੇ ਜਾਣਗੇ ਪਰ 2004 ਤੋਂ ਬਾਅਦ ਪਹਿਲੀ ਵਾਰ ਫਰਾਹ, ਜਿਸ ਨੇ 2008 ਦੇ ਬੀਜਿੰਗ ਖੇਡਾਂ ਵਿੱਚ ਵੀ ਹਿੱਸਾ ਲਿਆ ਸੀ, ਇਸ ਵਿੱਚ ਸ਼ਾਮਲ ਨਹੀਂ ਹੋਣਗੇ।