ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਵਿੱਚ ਡਿਊਕ ਆਫ ਐਡਿਨਬਰਾ ਪ੍ਰਿੰਸ ਫਿਲਿਪ ਦੇ ਜੀਵਨ ਨੂੰ ਸਮਰਪਿਤ ਇੱਕ ਨਵਾਂ ਵਿਸ਼ੇਸ਼ 5 ਪੌਂਡ ਦਾ ਸਿੱਕਾ ਜਾਰੀ ਕੀਤਾ ਗਿਆ ਹੈ। ਫਿਲਿਪ ਦੇ ਅਸਲ ਚਿੱਤਰ ਵਾਲੇ ਇਸ ਸਿੱਕੇ ਨੂੰ ਇਸ ਸਾਲ ਅਪ੍ਰੈਲ ਵਿੱਚ ਉਸ ਦੀ ਮੌਤ ਤੋਂ ਪਹਿਲਾਂ ਡਿਊਕ ਦੁਆਰਾ ਹੀ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਸਨੂੰ ਸ਼ਨੀਵਾਰ ਨੂੰ ਆਰਮਡ ਫੋਰਸਿਜ਼ ਡੇਅ ‘ਤੇ ਜਾਰੀ ਕੀਤਾ ਹੈ। ਚਾਂਸਲਰ ਰਿਸ਼ੀ ਸੁਨਕ ਅਨੁਸਾਰ ਇਹ ਸਿੱਕਾ ਐਡਿਨਬਰਾ ਦੇ ਡਿਊਕ ਲਈ ਇੱਕ ਢੁੱਕਵੀਂ ਸ਼ਰਧਾਂਜਲੀ ਹੈ। ਯੂਕੇ ਦੇ ਖਜ਼ਾਨਾ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਇਹ ਸਿੱਕਾ ਰਾਇਲ ਟਕਸਾਲ ਅਧੀਨ ਹੋਵੇਗਾ ਅਤੇ ਇਸਦੀ ਵੈਬਸਾਈਟ ਤੋਂ ਇਲਾਵਾ ਯੂਕੇ ਦੇ ਡਾਕਘਰਾਂ, ਰਾਸ਼ਟਰਮੰਡਲ ਅਤੇ ਦੁਨੀਆ ਭਰ ਦੇ ਵਿਸ਼ੇਸ਼ ਸਟਾਕਿਸਟਾਂ ਦੁਆਰਾ ਉਪਲੱਬਧ ਹੋਵੇਗਾ। ਇਸਦੇ ਇਲਾਵਾ ਰਾਇਲ ਟਕਸਾਲ ਵੱਲੋਂ ਯੂਕੇ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇਸ ਦੇ ਕਮਿਊਨਿਟੀ ਕੰਮਾਂ ਲਈ ਸਹਾਇਤਾ ਵਜੋਂ ਡਿਊਕ ਆਫ ਐਡਿਨਬਰਾ ਦੇ ਐਵਾਰਡ ਤਹਿਤ 50,000 ਪੌਂਡ ਦਾ ਦਾਨ ਵੀ ਕੀਤਾ ਜਾਵੇਗਾ। ਪ੍ਰਿੰਸ ਫਿਲਿਪ ਨੇ ਵੀ 47 ਸਾਲਾਂ ਤੱਕ ਰਾਇਲ ਟਕਸਾਲ ਦੀ ਸਲਾਹਕਾਰ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਹੈ। ਇਸ ਸਿੱਕੇ ਨੂੰ ਇਆਨ ਰੈਂਕ-ਬ੍ਰੌਡਲੀ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ, ਜਿਸ ‘ਤੇ “ਐੱਚ ਆਰ ਐੱਚ ਦ ਪ੍ਰਿੰਸ ਫਿਲਿਪ, ਡਿਊਕ ਆਫ ਐਡਿਨਬਰਾ 1921-2021” ਲਿਖਿਆ ਹੋਇਆ ਹੈ। ਖਜ਼ਾਨੇ ਅਨੁਸਾਰ ਇਹ ਸਿੱਕਾ ਕਾਨੂੰਨੀ ਟੈਂਡਰ ਹੈ। ਇਸ ਨੂੰ ਸੀਮਤ ਸੰਸਕਰਣ, ਇਕੱਠੇ ਕਰਨ ਯੋਗ ਜਾਂ ਗਿਫਟ ਵਜੋਂ ਤਿਆਰ ਕੀਤਾ ਗਿਆ ਹੈ ਅਤੇ ਇਹ ਆਮ ਵਰਤੋਂ ਲਈ ਨਹੀਂ ਹੋਵੇਗਾ।