ਚੰਡੀਗੜ੍ਹ (ਪੰਜ ਦਰਿਆ ਬਿਊਰੋ)

ਸਿੱਖ ਦਰਸ਼ਨ ਫਲਸਫਾ ਤੇ ਗੁਰਬਾਣੀ ਉਤੇ ਖੋਜ ਭਰਪੂਰ ਵਿਸਥਾਰਿਤ ਕਾਰਜ ਕਰਨ ਵਾਲੇ ਸਿੱਖ ਵਿਦਵਾਨ ਡਾ ਜੋਧ ਸਿੰਘ ਦੇ ਅਕਾਲ ਚਲਾਣੇ ‘ਤੇ ਪੰਜਾਬ ਕਲਾ ਪਰਿਸ਼ਦ ਨੇ ਦੁੱਖ ਪ੍ਰਗਟ ਕੀਤਾ ਹੈ। ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਆਖਿਆ ਕਿ ਡਾ ਜੋਧ ਸਿੰਘ ਇਕ ਸਿਰੜੀ ਤੇ ਪ੍ਰਕਾਂਡ ਵਿਦਵਾਨ ਸਨ, ਜਿੰਨਾ ਆਪਣੀ ਹਯਾਤੀ ਦੇ ਲੰਬਾ ਵੇਲਾ ਖੋਜ, ਅਧਿਆਪਨ ਤੇ ਸਾਹਿਤ ਦੇ ਲੇਖੇ ਲਾਇਆ। ਡਾ ਪਾਤਰ ਨੇ ਆਖਿਆ ਕਿ ਪੰਜਾਬੀ ਸਾਹਿਤ ਜਗਤ ਲਈ ਡਾ ਜੋਧ ਸਿੰਘ ਦਾ ਵਿਛੋੜਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗ ਰਾਜ ਨੇ ਆਖਿਆ ਕਿ ਡਾ ਜੋਧ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਵਾਈ ਜਾਂਦੀ ਸਰਬ ਭਾਰਤੀ ਪੰਜਾਬੀ ਕਾਨਫਰੰਸ ਦੇ ਕਈ ਸਾਲ ਲਗਾਤਾਰ ਸਫਲ ਪ੍ਰਬੰਧਕ ਰਹੇ। ਡਾ ਯੋਗ ਰਾਜ ਨੇ ਦਸਿਆ ਕਿ ਡਾ ਸਾਹਬ ਨੂੰ ਯੂਨੀਵਰਸਿਟੀ ਦੇ ਸਿੱਖ ਵਿਸ਼ਵ ਕੋਸ਼ ਵਿਭਗ ਵਿਚ ਉਚੇਚਾ ਪ੍ਰੋਫੈਸਰ ਲਾਇਆ ਗਿਆ ਸੀ। ਉਨਾ ਨੇ ਕੋਸ਼ ਦੀ ਪੂਰਨ ਲਗਨ ਤੇ ਸਿਰੜ ਨਾਲ ਸੰਪਾਦਨਾ ਕੀਤੀ। ਉਨਾ ਦਸਿਆ ਕਿ ਡਾ ਜੋਧ ਸਿੰਘ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਨ ਦੇ ਨਾਲ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਵਿਚ ਅਨੁਵਾਦ ਕਰਕੇ ਵੱਡਾ ਕਾਰਜ ਕੀਤਾ। ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ ਲਖਵਿੰਦਰ ਜੌਹਲ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਕਿਹ ਕਿ ਗੁਰਦਾਸਪੁਰ ਜਿਲੇ ਦੇ ਕਲਾਨੌਰ ਨੇੜੇ ਪਿੰਡ ਸੰਗਤਪੁਰ ਨਾਲ ਸਬੰਧਤ ਡਾ ਜੋਧ ਸਿੰਘ ਨੇ ਆਪਣਾ ਵਿਦਿਅਕ ਸਫਰ ਹਿੰਦੂ ਬਨਾਰਸ ਯੂਨੀਵਰਸਿਟੀ ਤੋਂ ਸ਼ੁਰੂ ਕੀਤਾ ਸੀ। ਉਹ ਇਸ ਵੇਲੇ 70 ਸਾਲਾਂ ਦੇ ਸਨ। ਉਹ ਆਪਣੇ ਪਿਛੇ ਪਤਨੀ, ਪੁੱਤਰ ਤੇ ਨੂੰਹ ਛੱਡ ਗਏ ਹਨ। ਡਾ ਜੌਹਲ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਜਿਤਾਈ ਹੈ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਡਾ ਜੋਧ ਸਿੰਘ ਵਲੋਂ ਰਚਿਤ ਖੋਜ ਪੁਸਤਕਾਂ ਵਿਦਿਆਰਥੀਆਂ ਤੇ ਖੋਜਾਰਥੀਆਂ ਵਾਸਤੇ ਰਾਹ ਦਸੇਰਾ ਬਣਕੇ ਅਗਵਾਈ ਕਰਦੀਆਂ ਰਹਿਣਗੀਆਂ। ਉਨਾ ਦੇ ਵਿਛੋੜੇ ਉਤੇ ਪੰਜਾਬ ਕਲਾ ਪਰਿਸ਼ਦ ਉਨਾ ਦੀ ਘਾਲਣਾ ਨੂੰ ਸਿਜਦਾ ਕਰਦੀ ਹੈ। ਨਿੰਦਰ ਘੁਗਿਆਣਵੀ ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।