
ਹੁਸ਼ਿਆਰਪੁਰ/ ਸ਼ਾਮ ਚੁਰਾਸੀ, ( ਕੁਲਦੀਪ ਚੁੰਬਰ)-
ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਅੱਜ ਕੀਤਾ ਗਿਆ ਸਮਾਜਿਕ ਗੱਠਜੋੜ ਪੰਜਾਬ ਦੇ ਇਤਿਹਾਸ ਵਿੱਚ ਨਵਾਂ ਇਤਿਹਾਸ ਸਿਰਜੇਗਾ । ਇਹ ਵਿਚਾਰ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਰਣਜੀਤ ਮਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੋਨੋਂ ਪਾਰਟੀਆਂ ਦਾ ਮਿਸ਼ਨ ਅਤੇ ਏਜੰਡਾ ਇੱਕ ਹੈ । ਦੋਨੋਂ ਪਾਰਟੀਆਂ ਹੀ ਪੰਜਾਬ ਪੰਜਾਬੀਅਤ ਅਤੇ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਜ਼ਿੰਦਾ ਵੇਖਣ ਲਈ ਹਮੇਸ਼ਾਂ ਸਾਰਥਿਕ ਭੂਮਿਕਾ ਨਿਭਾਉਂਦੀਆਂ ਆਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੇਸ਼ੱਕ ਪਾਣੀਆਂ ਦੀ ਗੱਲ ਹੋਵੇ ਬੇਸ਼ੱਕ ਪੰਜਾਬ ਦੇ ਸੁਨਹਿਰੇ ਪੰਨਿਆਂ ਤੇ ਲਿਖੇ ਵਿਰਾਸਤੀ ਇਤਿਹਾਸ ਦੀ ਗੱਲ ਹੋਵੇ , ਦੋਨੋਂ ਪਾਰਟੀਆਂ ਦੇ ਨੁਮਾਇੰਦੇ ਹਮੇਸ਼ਾਂ ਪੰਜਾਬ ਦੇ ਹਿੱਤਾਂ ਤੇ ਹੱਕਾਂ ਲਈ ਮੂਹਰੇ ਹੋ ਕੇ ਲੜੇ ਹਨ । ਸ੍ਰੀ ਰਣਜੀਤ ਮਣੀ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਇਹ ਇਕ ਬਹੁਤ ਹੀ ਵੱਡਾ ਕਾਰਜ ਹੋਇਆ ਹੈ । ਜਿਸ ਨਾਲ ਸਮੁੱਚੇ ਪੰਜਾਬੀਆਂ ਦੇ ਵਿੱਚ ਬੇਹੱਦ ਖੁਸ਼ੀ ਪਾਈ ਗਈ ਹੈ । ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹਿ ਚੁੱਕੀ ਭੈਣ ਕੁਮਾਰੀ ਮਾਇਆਵਤੀ ਬਸਪਾ ਸੁਪਰੀਮੋ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੂੰ ਇਸ ਕਾਰਜ ਲਈ ਬਹੁਤ ਬਹੁਤ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਬਸਪਾ ਦਾ ਹਾਥੀ ਅਤੇ ਅਕਾਲੀ ਦਲ ਦੀ ਤੱਕੜੀ ਆਉਣ ਵਾਲੇ 2022 ਦੇ ਇਲੈਕਸ਼ਨ ਵਿੱਚ ਨਵੇਂ ਮੀਲ ਪੱਥਰ ਸਥਾਪਤ ਕਰੇਗੀ ।