ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਰਮਿਆਨ 25 ਸਾਲ ਬਾਅਦ ਹੋਇਆ ਗੱਠਜੋੜ

ਮਲੇਰਕੋਟਲਾ, 12 ਜੂਨ (ਪੰਜ ਦਰਿਆ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ। ਦੋਵੇਂ ਪਾਰਟੀਆਂ ਦਰਮਿਆਨ ਸਹਿਮਤੀ ਪਹਿਲਾਂ ਹੀ ਬਣ ਗਈ ਸੀ ਪਰ ਗੱਠਜੋੜ ਦਾ ਰਸਮੀ ਐਲਾਨ ਅੱਜ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਵਲੋਂ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ’ਚ ਕਰ ਦਿੱਤਾ ਗਿਆ ਹੈ। ਇਸ ਦੌਰਾਨ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ 97 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲੜੇਗਾ ਜਦਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੀਆਂ 20 ਸੀਟਾਂ ’ਤੇ ਚੋਣ ਮੈਦਾਨ ਵਿਚ ਉਤਰੇਗੀ।ਸ੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਸਾਬਕਾ ਕੈਬਨਿਟ ਮੰਤਰੀ ਨੁਸਰਤ ਇਕਰਾਮ ਅਲੀ ਬੱਗਾ ਖਾਨ ਨੇ ਕਿਹਾ ਕਿ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ 25 ਸਾਲ ਬਾਅਦ ਹੋਇਆ ਗੱਠਜੋੜ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੇ ਝੰਡੇ ਗੱਡਕੇ ਆਪਣੀ ਸਰਕਾਰ ਬਣਾਵੇਗਾ।ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਦਰਮਿਆਨ ਸੀਟਾਂ ਦੀ ਵੰਡ ਹੋ ਗਈ ਹੈ ਅਤੇ ਇਸ ਸਮਝੌਤੇ ਅਧੀਨ ਬਸਪਾ ਦੁਆਬੇ ਦੀਆਂ 8, ਮਾਲਵੇ ਦੀਆਂ 7 ਅਤੇ ਮਾਝੇ ਦੀਆਂ 5 ਸੀਟਾਂ ’ਤੇ ਵਿਧਾਨ ਸਭਾ ਚੋਣਾਂ ਲੜੇਗੀ। ਬਹੁਜਨ ਸਮਾਜ ਪਾਰਟੀ ਸ੍ਰੀ ਕਰਤਾਰੁਪਰ ਸਾਹਿਬ ਜਲੰਧਰ, ਜਲੰਧਰ ਵੈਸਟ, ਜਲੰਧਰ ਨਾਰਥ, ਫਗਵਾੜਾ, ਕਪੂਰਥਲਾ, ਹੁਸ਼ਿਆਰਪੁਰ ਸ਼ਹਿਰੀ, ਟਾਂਡਾ, ਦਸੂਹਾ, ਚਮਕੌਰ ਸਾਹਿਬ, ਬੱਸੀ ਪਠਾਣਾ ਸੀਟ, ਮਹਿਲ ਕਲਾਂ, ਨਵਾਂ ਸ਼ਹਿਰ, ਲੁਧਿਆਣਾ ਨਾਰਥ, ਪਠਾਨਕੋਟ ਸ਼ਹਿਰੀ, ਸੁਜ਼ਾਨਪੁਰ, ਭੋਆ ਸੀਟ, ਮੁਹਾਲੀ, ਅੰਮ੍ਰਿਤਸਰ ਨਾਰਥ, ਅੰਮ੍ਰਿਤਸਰ ਸੈਂਟਰਲ ਅਤੇ ਪਾਇਲ ਸੀਟ ’ਤੇ ਚੋਣ ਮੈਦਾਨ ਵਿਚ ਨਿੱਤਰੇਗੀ।